International Yoga Day 2022: ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ 'ਤੇ ਦੁਨੀਆ ਭਰ ਦੇ ਲੋਕਾਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਪ੍ਰਧਾਨ ਮੰਤਰੀ ਮੋਦੀ, ਰਾਸ਼ਟਰਪਤੀ ਕੋਵਿੰਦ ਤੋਂ ਲੈ ਕੇ ਫੌਜ ਦੇ ਜਵਾਨਾਂ ਨੇ ਯੋਗਾ ਕਰਕੇ ਦੁਨੀਆ ਨੂੰ ਯੋਗ ਦੀ ਸ਼ਕਤੀ ਦਾ ਸੰਦੇਸ਼ ਦਿੱਤਾ। ਦੱਸ ਦੇਈਏ ਕਿ ਕੋਰੋਨਾ ਮਹਾਮਾਰੀ ਕਾਰਨ ਸਾਲ 2020 ਅਤੇ 2021 ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਜਨਤਕ ਤੌਰ 'ਤੇ ਨਹੀਂ ਮਨਾਇਆ ਗਿਆ ਸੀ।
International Yoga Day Update: ਸਰੀਰ ਨੂੰ ਫਿੱਟ ਰੱਖਣ ਅਤੇ ਮਨ ਨੂੰ ਸ਼ਾਂਤ ਰੱਖਣ ਲਈ ਅੱਜ-ਕੱਲ ਦੁਨੀਆ ਭਰ ਦੇ ਜ਼ਿਆਦਾਤਰ ਲੋਕ ਯੋਗਾ ਦਾ ਸਹਾਰਾ ਲੈ ਰਹੇ ਹਨ। ਵਿਸ਼ਵ ਭਰ ਵਿੱਚ ਯੋਗਾ ਬਾਰੇ ਜਾਗਰੂਕਤਾ ਫੈਲਾਉਣ ਲਈ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾਂਦਾ ਹੈ। ਅੱਜ ਮੰਗਲਵਾਰ ਨੂੰ ਦੁਨੀਆ ਭਰ ਵਿੱਚ 8ਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ।
ਇਸ ਦਿਨ ਦੁਨੀਆ ਦੇ ਸਾਰਿਆਂ ਦੇਸ਼ਾਂ ਵਿੱਚ ਲੋਕ ਇਕੱਠੇ ਹੁੰਦੇ ਹਨ ਅਤੇ ਯੋਗ ਦਿਵਸ ਮਨਾਉਣ ਲਈ ਯੋਗਾ ਕਰਦੇ ਦੇਖੇ ਜਾਂਦੇ ਹਨ। ਦੇਸ਼ ਭਰ ਵਿੱਚ ਯੋਗ ਦਿਵਸ ਨੂੰ ਸਫ਼ਲ ਬਣਾਉਣ ਲਈ ਵੱਖ-ਵੱਖ ਤਿਆਰੀਆਂ ਕੀਤੀਆਂ ਜਾਂਦੀਆਂ ਹਨ। ਅੰਤਰਰਾਸ਼ਟਰੀ ਯੋਗ ਦਿਵਸ 2022 ਦੇ ਵਿਸ਼ੇਸ਼ ਮੌਕੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਕਾਰ ਦੇ 75 ਮੰਤਰੀ ਦੇਸ਼ ਦੀਆਂ 75 ਵੱਖ-ਵੱਖ ਇਤਿਹਾਸਕ ਅਤੇ ਸੱਭਿਆਚਾਰਕ ਥਾਵਾਂ 'ਤੇ ਯੋਗਾ ਕਰਦੇ ਨਜ਼ਰ ਆਏ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਯੋਗ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ (21 ਜੂਨ) ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ 'ਤੇ ਕਰਨਾਟਕ ਦੇ ਮੈਸੂਰ ਪੈਲੇਸ ਦੇ ਮੈਦਾਨ ਵਿੱਚ 'ਮਨੁੱਖਤਾ ਲਈ ਯੋਗ' ਥੀਮ ਦੇ ਨਾਲ ਇੱਕ ਵਿਸ਼ਾਲ ਯੋਗਾ ਪ੍ਰੋਗਰਾਮ ਦੀ ਅਗਵਾਈ ਕੀਤੀ।
ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਕੀਤਾ ਯੋਗ
ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਯੋਗ ਦਿਵਸ ਮੌਕੇ ਰਾਸ਼ਟਰਪਤੀ ਭਵਨ ਵਿੱਚ ਯੋਗਾ ਕੀਤਾ। ਉਨ੍ਹਾਂ ਕਿਹਾ ਕਿ ਯੋਗ ਪ੍ਰਾਚੀਨ ਭਾਰਤੀ ਵਿਰਾਸਤ ਦਾ ਹਿੱਸਾ ਹੈ। ਇਹ ਮਨੁੱਖਤਾ ਲਈ ਭਾਰਤ ਦਾ ਤੋਹਫ਼ਾ ਹੈ, ਸਿਹਤ ਅਤੇ ਤੰਦਰੁਸਤੀ ਲਈ ਇੱਕ ਸੰਪੂਰਨ ਪਹੁੰਚ ਹੈ। ਯੋਗਾ ਮਨ, ਸਰੀਰ ਅਤੇ ਆਤਮਾ ਨੂੰ ਸੰਤੁਲਿਤ ਕਰਦਾ ਹੈ।
75 ਮੰਤਰੀ, 75 ਥਾਵਾਂ 'ਤੇ ਯੋਗ
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਨਾਸਿਕ ਦੇ ਜਯੋਤਿਰਲਿੰਗ ਤ੍ਰਿੰਬਕੇਸ਼ਵਰ ਮੰਦਰ ਕੰਪਲੈਕਸ ਤੋਂ ਯੋਗ ਦਾ ਪ੍ਰਚਾਰ ਕੀਤਾ। ਰੱਖਿਆ ਮੰਤਰੀ ਰਾਜਨਾਥ ਸਿੰਘ ਤਾਮਿਲਨਾਡੂ ਦੇ ਕੋਇੰਬਟੂਰ, ਵਿਦੇਸ਼ ਮੰਤਰੀ ਐੱਸ. ਜੈਸ਼ੰਕਰ, ਦਿੱਲੀ ਦੇ ਲੋਟਸ ਟੈਂਪਲ, ਕੈਬਨਿਟ ਮੰਤਰੀ ਨਿਤਿਨ ਗਡਕਰੀ, ਨਾਗਪੁਰ ਦੇ ਜ਼ੀਰੋ ਮਾਈਲ ਸਟੋਨ, ਵਿੱਤ ਮੰਤਰੀ ਨਿਰਮਲਾ ਸੀਤਾਰਮਨ, ਦਿੱਲੀ ਦੇ ਜੰਤਰ-ਮੰਤਰ, ਧਰਮਿੰਦਰ ਪ੍ਰਧਾਨ ਨੇ ਹਿਮਾਚਲ ਦੇ ਕਾਂਗੜਾ ਕਿਲ੍ਹੇ ਤੋਂ, ਅਨੁਰਾਗ ਠਾਕੁਰ ਹਿਮਾਚਲ ਦੇ ਨਾਲਾਗੜ੍ਹ ਕਿਲ੍ਹੇ ਤੋਂ ਯੋਗ ਦਿਵਸ ਦਾ ਪ੍ਰਚਾਰ ਕੀਤਾ। ਇਸ ਤੋਂ ਇਲਾਵਾ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਲਖਨਊ, ਭੂਪੇਂਦਰ ਯਾਦਵ ਅਯੁੱਧਿਆ, ਨਰਿੰਦਰ ਸਿੰਘ ਤੋਮਰ ਮੱਧ ਪ੍ਰਦੇਸ਼ ਦੇ ਖਜੂਰਾਹੋ, ਅਰਜੁਨ ਮੁੰਡਾ ਝਾਰਖੰਡ ਦੇ ਰਾਂਚੀ, ਪੀਯੂਸ਼ ਗੋਇਲ ਮਰੀਨ ਡਰਾਈਵ ਮੁੰਬਈ, ਪ੍ਰਹਿਲਾਦ ਜੋਸ਼ੀ ਹੰਪੀ, ਨਰਾਇਣ ਰਾਣੇ ਪੁਣੇ, ਮੁਖਤਾਰ ਅੱਬਾਸ ਨਕਵੀ ਯੂ.ਪੀ. ਦੇ ਫਤਿਹਪੁਰ ਸੀਕਰੀ ਫੋਰਟ, ਵਰਿੰਦਰ ਕੁਮਾਰ ਨੇ ਅਮਰਕੰਟਕ, ਮੱਧ ਪ੍ਰਦੇਸ਼ ਤੋਂ ਯੋਗਾ ਉਤਸਵ ਨੂੰ ਬੜੇ ਉਤਸ਼ਾਹ ਨਾਲ ਅੱਗੇ ਵਧਾਇਆ।
ਸਾਰਿਆਂ ਵਰਗਾਂ ਲਈ ਵਿਸ਼ੇਸ਼ ਪ੍ਰਬੰਧ
ਵਿਸ਼ੇ 'ਤੇ ਧਿਆਨ ਕੇਂਦਰਿਤ ਕਰਦੇ ਹੋਏ, ਮੰਤਰਾਲੇ ਨੇ ਵਿਸ਼ੇਸ਼ ਤੌਰ 'ਤੇ ਅਪਾਹਜ, ਟ੍ਰਾਂਸਜੈਂਡਰ, ਔਰਤਾਂ ਅਤੇ ਬੱਚਿਆਂ ਲਈ ਵਿਸ਼ੇਸ਼ ਪ੍ਰੋਗਰਾਮ ਤਿਆਰ ਕੀਤੇ। ਧਿਆਨ ਯੋਗ ਹੈ ਕਿ ਸਕੂਲਾਂ ਵਿੱਚ ਯੋਗਾ ਸਿੱਖਿਆ ਦਾ ਅਨਿੱਖੜਵਾਂ ਅੰਗ ਬਣੀਆਂ ਮਨੁੱਖੀ ਕਦਰਾਂ-ਕੀਮਤਾਂ ਦਾ ਵੀ ਧਿਆਨ ਰੱਖਿਆ ਗਿਆ। ਇਸ ਤੋਂ ਇਲਾਵਾ ਕਾਮਨ ਸਰਵਿਸ ਸੈਂਟਰ ਅਧੀਨ ਲੱਖਾਂ ਦੀ ਗਿਣਤੀ ਵਿੱਚ ਪਿੰਡ ਵਾਸੀਆਂ ਨੇ ਵੀ ਸ਼ਮੂਲੀਅਤ ਕੀਤੀ। ਇਸ ਸਾਲ ਦੇ ਇਵੈਂਟ 'ਚ ਕਈ ਚੀਜ਼ਾਂ ਪਹਿਲੀ ਵਾਰ ਦੇਖਣ ਨੂੰ ਮਿਲੀਆਂ, ਜਿਸ ਵਿੱਚ ਨਵੀਨਤਾਕਾਰੀ 'ਗਾਰਡੀਅਨ ਰਿੰਗ' ਇਵੈਂਟ ਵੀ ਸ਼ਾਮਲ ਸਨ। ਇਸ ਤੋਂ ਇਲਾਵਾ ਵੱਖ-ਵੱਖ ਦੇਸ਼ਾਂ ਦੇ ਲੋਕਾਂ ਨੇ ਇਸ ਵਿੱਚ ਹਿੱਸਾ ਲਿਆ ਅਤੇ ਰੀਲੇਅ ਯੋਗਾ ਦਾ ਸਿੱਧਾ ਪ੍ਰਸਾਰਣ ਵੀ ਕੀਤਾ ਗਿਆ।
ਇਹ ਵੀ ਪੜ੍ਹੋ : ਕੋਰੋਨਾ ਦੀ ਲਾਗ ਤੋਂ ਬਚਣ ਲਈ ਜਰੂਰੁ ਕਰੋ ਯੋਗਾ
ਅੰਤਰਰਾਸ਼ਟਰੀ ਯੋਗਾ ਦਿਵਸ ਦਾ ਇਤਿਹਾਸ
ਭਾਰਤ ਵੱਲੋਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਉਣ ਦੀ ਪਹਿਲ ਕੀਤੀ ਗਈ ਸੀ। ਸਾਲ 2014 ਵਿੱਚ ਪਹਿਲੀ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਉਣਾ ਸ਼ੁਰੂ ਕੀਤਾ ਸੀ। ਸੰਯੁਕਤ ਰਾਸ਼ਟਰ ਦੀ ਬੈਠਕ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਯੋਗ ਦਿਵਸ ਮਨਾਉਣ ਦਾ ਪ੍ਰਸਤਾਵ ਰੱਖਿਆ, ਜਿਸ ਤੋਂ ਬਾਅਦ 11 ਦਸੰਬਰ 2014 ਨੂੰ ਹਰ ਸਾਲ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਮਨਾਉਣ ਦਾ ਐਲਾਨ ਕੀਤਾ ਗਿਆ। ਅੰਤਰਰਾਸ਼ਟਰੀ ਯੋਗ ਦਿਵਸ 2015 ਤੋਂ ਹਰ ਸਾਲ ਮਨਾਇਆ ਜਾ ਰਿਹਾ ਹੈ।
Summary in English: International Yoga Day 2022: 'Yoga Day' movement worldwide!