Paddy-Basmati Crop: ਪੀ.ਏ.ਯੂ. ਫਾਰਮ ਸਲਾਹਕਾਰ ਸੇਵਾ ਕੇਂਦਰ, ਗੁਰਦਾਸਪੁਰ ਵਲੋਂ ਮਿਤੀ 13.8.24 ਨੂੰ ਪਿੰਡ ਮੁੰਨਣ ਕਲਾਂ ਵਿਖੇ ਇੱਕ ਜਾਗਰੂਕਤਾ ਕੈਂਪ ਲਗਾਇਆ ਗਿਆ, ਜਿਸ ਵਿੱਚ 42 ਕਿਸਾਨਾਂ ਨੇ ਹਿੱਸਾ ਲਿਆ। ਇਸ ਕੈਂਪ ਵਿੱਚ ਡਾ. ਰਜਿੰਦਰ ਸਿੰਘ ਬੱਲ, ਜ਼ਿਲਾ ਪਸਾਰ ਮਾਹਿਰ (ਪੈਦਾ ਰੋਗ) ਨੇ ਕਿਸਾਨਾਂ ਨੂੰ ਝੋਨੇ ਦੀ ਫਸਲ 'ਤੇ ਪੈਣ ਵਾਲੀਆਂ ਬਿਮਾਰੀਆਂ ਅਤੇ ਕੀੜਿਆਂ ਸੰਬੰਧੀ ਜਾਣਕਾਰੀ ਦਿੱਤੀ।
ਉਹਨਾਂ ਨੇ ਦੱਸਿਆ ਕਿ ਝੋਨੇ ਅਤੇ ਬਾਸਮਤੀ ਦੀ ਫਸਲ ਉੱਪਰ ਸ਼ੀਥ ਬਲਾਈਟ, ਮੱਧਰੇ ਬੂਟਿਆਂ ਦਾ ਰੋਗ, ਭੂਰੇ ਧੱਬਿਆਂ ਦਾ ਰੋਗ, ਬਲਾਸਟ, ਝੂਠੀ ਕਾਂਗਿਆਰੀ, ਝੰਡਾ ਰੋਗ ਆਦਿ ਪ੍ਰਮੁੱਖ ਬਿਮਾਰੀਆਂ ਹਮਲਾ ਕਰਦੀਆਂ ਹਨ। ਇਹਨਾਂ ਬਿਮਾਰੀਆਂ ਦੀ ਪਛਾਣ ਕਰਨ ਲਈ ਫਸਲ ਉੱਪਰ ਆੳਣ ਵਾਲੀਆਂ ਨਿਸ਼ਾਨੀਆਂ ਬਾਰੇ ਬੜੀ ਵਿਸਥਾਰ ਨਾਲ ਗੱਲਬਾਤ ਕੀਤੀ ਗਈ। ਖਾਸ ਕਰਕੇ ਮਧਰੇ ਬੂਟਿਆਂ ਦੇ ਰੋਗ ਬਾਰੇ ਕਿਸਾਨਾਂ ਨੂੰ ਸੁਚੇਤ ਕਰਾਇਆ।
ਉਹਨਾਂ ਦੱਸਿਆ ਕਿ ਇਹ ਰੋਗ ਇੱਕ ਵਿਸ਼ਾਣੂੰ ਕਰਕੇ ਲੱਗਦਾ ਹੈ। ਇਸ ਰੋਗ ਨਾਲ ਪ੍ਰਭਾਵਿਤ ਬੂਟੇ ਮਧਰੇ, ਉਨ੍ਹਾਂ ਦੇ ਪੱਤੇ ਨੋਕਦਾਰ ਅਤੇ ਜੜ੍ਹਾਂ ਘੱਟ ਡੂੰਘੀਆਂ ਰਹਿ ਜਾਂਦੀਆਂ ਹਨ। ਪ੍ਰਭਾਵਿਤ ਬੂਟਿਆਂ ਦੀ ਉਚਾਈ ਆਮ ਬੂਟਿਆਂ ਨਾਲੋਂ ਅੱਧੀ ਜਾਂ ਇੱਕ–ਤਿਹਾਈ ਰਹਿ ਜਾਂਦੀ ਹੈ। ਰੋਗ ਦੇ ਜਿਆਦਾ ਹਮਲੇ ਕਾਰਨ ਕਈ ਵਾਰ ਬੂਟੇ ਮੁਰਝਾ ਕੇ ਸੁੱਕ ਵੀ ਜਾਂਦੇ ਹਨ।ਇਹ ਰੋਗ ਰੋਗੀ ਬੂਟਿਆਂ ਤੋਂ ਤੰਦਰੁਸਤ ਬੂਟਿਆਂ ਊੱਪਰ ਚਿੱਟੀ ਪਿੱਠ ਵਾਲ਼ੇ ਟਿੱਡੇ ਰਾਹੀਂ ਫੈਲਦਾ ਹੈ। ਇਸ ਕੀੜੇ ਦੀ ਖੇਤ ਵਿੱਚ ਮੌਜੂਦਗੀ ਬਾਰੇ ਸੁਚੇਤ ਰਹਿਣ ਦੀ ਲੋੜ ਹੈ ਤਾਂ ਕਿ ਇਹ ਬਿਮਾਰੀ ਨੂੰ ਅੱਗੇ ਨਾ ਫੈਲਾਅ ਸਕੇ।
ਉਹਨਾਂ ਅੱਗੇ ਦੱਸਿਆ ਕਿ ਕਈ ਥਾਂਵਾਂ ਤੇ ਜ਼ਿੰਕ ਦੀ ਘਾਟ ਹੈ ਉਥੇ ਇਸ ਤੱਤ ਦੀ ਪੂਰਤੀ ਕੀਤੀ ਜਾਵੇ। ਕਿਸਾਨ ਮਧਰੇਪਣ ਵਾਲ਼ੀ ਸੰਭਾਵਿਤ ਬਿਮਾਰੀ ਬਾਰੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ, ਕਿਸਾਨ ਸਲਾਹਕਾਰ ਸੇਵਾ ਕੇਂਦਰ ਜਾਂ ਪੀਏਯੂ ਨੂੰ ਸੂਚਿਤ ਕਰ ਸਕਦੇ ਹਨ। ਬਿਮਾਰੀ ਵਾਲ਼ੇ ਬੂਟਿਆਂ ਨੂੰ ਪੁੱਟ ਕੇ ਖੇਤ ਵਿੱਚ ਡੂੰਘਾ ਦੱਬ ਦੇਣਾ ਚਾਹੀਦਾ ਹੈ।ਜੇਕਰ ਟਿੱਡੇ ਦੀ ਆਮਦ ਨਜ਼ਰ ਆਉਂਦੀ ਹੈ ਤਾਂ ਕਿਸੇ ਵੀ ਕੀਟਨਾਸ਼ਕ ਜਿਵੇਂ ਕਿ 94 ਮਿ.ਲਿ. ਪੈਕਸਾਲੋਨ 10 ਐਸ ਸੀ ਜਾਂ 60 ਗ੍ਰਾਮ ਉਲਾਲਾ 50 ਡਬਲਯੂ ਜੀ ਜਾਂ 80 ਗ੍ਰਾਮ ਓਸ਼ੀਨ/ਟੋਕਨ/ਡੋਮਿਨੇਂਟ 20 ਐਸ ਜੀ ਜਾਂ 120 ਗ੍ਰਾਮ ਚੈੱਸ 50 ਡਬਲਯੂ ਜੀ ਜਾਂ 400 ਮਿ.ਲਿ. ਆਰਕੈਸਟਰਾ 10 ਐਸ ਸੀ ਜਾਂ 300 ਮਿ.ਲਿ. ਇਮੇਜਿਨ 10 ਐਸ ਸੀ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ਼ 100 ਲਿਟਰ ਪਾਣੀ ਵਿੱਚ ਘੋਲ ਕੇ ਬੂਟਿਆਂ ਦੇ ਮੁੱਢਾਂ ਤੇ ਛਿੜਕਾਅ ਕਰੋ।
ਇਹ ਵੀ ਪੜ੍ਹੋ : Climate Change: ਗਰੀਨ ਹਾਊਸ ਗੈਸਾਂ ਅਤੇ ਬੇਰਹਿਮੀ ਨਾਲ ਰੁੱਖਾਂ ਦਾ ਕਤਲ ਵੱਡੀ ਚਿੰਤਾ ਦਾ ਵਿਸ਼ਾ, ਮੌਸਮੀ ਤਬਦੀਲੀ ਕਾਰਨ ਅੰਨਦਾਤਾ ਨੂੰ ਝੱਲਣਾ ਪੈ ਰਿਹੈ ਨੁਕਸਾਨ, ਪੜੋ Dr. Ranjit Singh ਦੀ ਇਹ ਖ਼ਾਸ ਰਿਪੋਰਟ
ਸੁਚੱਜੀ ਰੋਕਥਾਮ ਵਾਸਤੇ ਪਿੱਠੂ ਪੰਪ ਅਤੇ ਗੋਲ ਨੋਜ਼ਲ ਦਾ ਇਸਤੇਮਾਲ ਕਰੋ। ਉਹਨਾਂ ਨੇ ਹੋਰ ਦੱਸਿਆ ਕਿ ਬਿਮਾਰੀਆਂ ਅਤੇ ਕੀੜਿਆਂ ਦੀ ਸੁਚੱਜੀ ਰੋਕਥਾਮ ਲਈ ਪੀ.ਏ.ਯੂ., ਲੁਧਿਆਣਾ ਵਲੋਂ ਸਿਫਾਰਸ਼ ਕੀਤੇ ੳੱਲੀਨਾਸ਼ਕ ਅਤੇ ਕੀਟਨਾਸ਼ਕ ਹੀ ਵਰਤਣੇ ਚਾਹੀਦੇ ਹਨ ਅਤੇ ਬੇਲੋੜੇ ਛਿੜਕਾਅ ਨਹੀ ਕਰਨੇ ਚਾਹੀਦੇ। ਇਸ ਕੈਂਪ ਵਿੱਚ ਖੇਤੀਬਾੜੀ ਵਿਭਾਗ (ਆਤਮਾ) ਕਾਹਨੂਵਾਨ ਵਲੋਂ ਸ਼੍ਰੀ ਕਮਲਜੀਤ ਸਿੰਘ ਬਾਜਵਾ ਨੇ ਵੀ ਸ਼ਮੂਲੀਅਤ ਕੀਤੀ ਗਈ ਅਤੇ ਵਿਭਾਗ ਦੀਆਂ ਗਤੀਵਿਧੀਆਂ ਬਾਰੇ ਚਾਨਣਾ ਪਾਇਆ।ਮੌਕੇ ਤੇ ਹਾਜ਼ਰ ਕਿਸਾਨਾਂ ਨੇ ਵੀ ਫਸਲਾਂ ਦੀਆਂ ਬਿਮਾਰੀਆਂ ਅਤੇ ਕੀੜਿਆਂ ਬਾਰੇ ਕਈ ਸਵਾਲ ਪੁੱਛੇ। ਅਖੀਰ ਵਿੱਚ ਸਾਬਕਾ ਸਰਪੰਚ ਸ਼੍ਰੀ ਮਨਜੀਤ ਸਿੰਘ ਭਿੰਡਰ ਨੇ ਆਏ ਹੋਏ ਖੇਤੀ ਮਾਹਿਰਾਂ ਅਤੇ ਕਿਸਾਨਾਂ ਦਾ ਧੰਨਵਾਦ ਕੀਤਾ।
Summary in English: It is important to know about these signs to identify diseases on Paddy-Basmati crop, Dr. Rajinder Singh Bal shared information