ਭਾਰਤ ਵਿੱਚ ਕਿਸਾਨਾਂ ਤੱਕ ਨਵੀਨਤਮ ਜਾਣਕਾਰੀ ਮੇਲਿਆਂ ਰਾਹੀਂ ਪਹੁੰਚਾਉਣ ਦਾ ਉਪਰਾਲਾ ਸਭ ਤੋਂ ਪਹਿਲਾਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਵਿੱਢਿਆ ਗਿਆ । ਪਹਿਲਾ ਕਿਸਾਨ ਮੇਲਾ ਯੂਨੀਵਰਸਿਟੀ ਵੱਲੋਂ 1967 ਵਿੱਚ ਲਗਾ ਕੇ ਇਸ ਦੀ ਰਵਾਇਤ ਸ਼ੁਰੂ ਕੀਤੀ ਗਈ । ਇਸ ਤੋਂ ਬਾਅਦ ਪਹਿਲਾ ਖੇਤਰੀ ਕਿਸਾਨ ਮੇਲਾ ਸੰਨ 1975 ਵਿੱਚ ਗੁਰਦਾਸਪੁਰ ਵਿਖੇ ਲਗਾਇਆ ਗਿਆ । 1983 ਵਿੱਚ ਇਹ ਕਿਸਾਨ ਮੇਲੇ ਬੱਲੋਵਾਲ ਸੌਂਖੜੀ, 1985 ਵਿੱਚ ਬਠਿੰਡਾ, 1995 ਵਿੱਚ ਪਟਿਆਲਾ ਅਤੇ ਸਾਲ 2011 ਵਿੱਚ ਫਰੀਦਕੋਟ ਵਿਖੇ ਵੀ ਅਰੰਭੇ ਗਏ ।
। ਇਹ ਕਿਸਾਨ ਮੇਲੇ ਸਾਲ ਵਿੱਚ ਦੋ ਵਾਰ ਮਾਰਚ ਅਤੇ ਸਤੰਬਰ ਦੇ ਮਹੀਨੇ ਸਾਉਣੀ ਅਤੇ ਹਾੜ੍ਹੀ ਦੇ ਮੌਸਮ ਤੋਂ ਪਹਿਲਾਂ ਲਗਾਏ ਜਾਂਦੇ ਸਨ। ਕਿਸਾਨਾਂ ਦੀ ਪੁਰਜ਼ੋਰ ਮੰਗ ਨੂੰ ਵੇਖਦਿਆਂ ਅੰਮਿ੍ਰਤਸਰ ਵਿਖੇ ਪਹਿਲਾਂ ਮੇਲਾ ਮਾਰਚ 2012 ਨੂੰ ਖਾਲਸਾ ਕਾਲਜ ਵਿਖੇ ਲਗਾਇਆ ਗਿਆ ।
ਬੀਤੇ ਵਰ੍ਹੇ ਕਰੋਨਾ ਦੀ ਮਹਾਂਮਾਰੀ ਨੇ ਸਾਰੇ ਵਿਸ਼ਵ ਨੂੰ ਆਪਣੀ ਚਪੇਟ ਵਿੱਚ ਲੈ ਲਿਆ । ਇਸ ਦੇ ਨਾਲ ਯੂਨੀਵਰਸਿਟੀ ਦੇ ਪਸਾਰ ਕਾਰਜਾਂ ਦਾ ਪ੍ਰਭਾਵਿਤ ਹੋਣਾ ਸੁਭਾਵਿਕ ਹੀ ਸੀ । ਇਸੇ ਤਰ੍ਹਾਂ ਯੂਨੀਵਰਸਿਟੀ ਦੇ ਪਸਾਰ ਮਾਹਿਰਾਂ ਦੇ ਲਈ ਕਿਸਾਨਾਂ ਤੱਕ ਪਹੁੰਚ ਕਰਨਾ ਇੱਕ ਚੁਣੌਤੀ ਬਣ ਚੁੱਕਾ ਸੀ । ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਵਰਚੁਅਲ ਕਿਸਾਨ ਮੇਲੇ ਦਾ ਸਫਲ ਆਯੋਜਨ ਕਰਕੇ ਇਸ ਚੁਣੌਤੀ ਨੂੰ ਜਿੱਤ ਵਿੱਚ ਬਦਲ ਦਿਖਾਇਆ । ਉਹਨਾਂ ਨੇ ਜਿੱਥੇ ਇਹ ਮੇਲੇ ਲਗਾਉਣ ਦੀ ਲੀਹ ਪਾਈ ਸੀ ਉਸ ਤੋਂ ਬਾਅਦ ਵਰਚੁਅਲ ਕਿਸਾਨ ਮੇਲੇ ਲਗਾਉਣ ਦਾ ਸਿਹਰਾ ਵੀ ਆਪਣੇ ਸਿਰ ਇਸ ਯੂਨੀਵਰਸਿਟੀ ਦੇ ਨਾਂ ਬੱਝਿਆ । ਇਸ ਵਰਚੁਅਲ ਕਿਸਾਨ ਮੇਲੇ ਦੇ ਵਿੱਚ ਸੈਂਕੜੇ ਹਜ਼ਾਰਾਂ ਨਹੀਂ, ਕੁੱਲ 5 ਲੱਖ 55 ਹਜ਼ਾਰ ਕਿਸਾਨ ਯੂਨੀਵਰਸਿਟੀ ਨਾਲ ਜੁੜੇ ।
ਇਸ ਮੇਲੇ ਵਿੱਚ ਰਵਾਇਤੀ ਮੇਲੇ ਦੀ ਤਰ੍ਹਾਂ ਹੀ ਕਿਸਾਨਾਂ ਨੂੰ ਵੱਖ-ਵੱਖ ਵਿਭਾਗਾਂ ਦੀਆਂ ਪ੍ਰਦਰਸ਼ਨੀਆਂ ਆਨਲਾਈਨ ਹੀ ਵਿਖਾਈਆਂ ਗਈਆਂ । ਇਸ ਲਈ ਵਿਭਾਗਾਂ ਦੇ ਲਿੰਕ ਸਾਂਝੇ ਕੀਤੇ ਗਏ ਜਿਨ੍ਹਾਂ ਰਾਹੀਂ ਕਿਸਾਨਾਂ ਨੂੰ ਛਿੜਕਾਅ ਸੰਬੰਧੀ ਤਕਨੀਕਾਂ, ਸਰਬਪੱਖੀ ਤੱਤਾਂ ਦੇ ਪ੍ਰਬੰਧਨ, ਫ਼ਸਲਾਂ ਦੀ ਮਿਆਦ ਅਤੇ ਬਿਜਾਈ ਦੇ ਸਮੇਂ ਅਨੁਸਾਰ ਚੋਣ, ਸੇਂਜੂ ਅਤੇ ਬਰਾਨੀ ਹਾਲਤ ਵਿੱਚ ਫ਼ਸਲਾਂ ਦਾ ਸਿੰਚਾਈ ਪ੍ਰਬੰਧ ਆਦਿ ਬਾਰੇ ਜਾਣਕਾਰੀ ਵੀ ਦਿੱਤੀ ਗਈ । ਕਿਸਾਨ ਵੀਰਾਂ ਨੇ ਇੱਕ ਕਲਿੱਕ ਰਾਹੀਂ ਯੂਨੀਵਰਸਿਟੀ ਨਾਲ ਜੁੜ ਕੇ ਸਹਾਇਕ ਕਿੱਤਿਆਂ ਜਿਵੇਂ ਮਧੂ-ਮੱਖੀ ਪਾਲਣ, ਖੁੰਬ ਉਤਪਾਦਨ, ਦੋਗਲੇ ਬੀਜਾਂ ਦੇ ਉਤਪਾਦਨ, ਪਸ਼ੂ ਧਨ ਅਤੇ ਪੋਲਟਰੀ ਪ੍ਰਬੰਧਨ, ਸੁਰੱਖਿਅਤ ਖੇਤੀ, ਕੀੜਿਆਂ-ਮਕੌੜਿਆਂ ਦੀ ਰੋਕਥਾਮ, ਬਿਮਾਰੀਆਂ ਨੂੰ ਕਾਬੂ ਕਰਨਾ, ਸੁਚੱਜਾ ਪਾਣੀ ਪ੍ਰਬੰਧ, ਕੱਪੜਿਆਂ ਦੀ ਰੰਗਾਈ ਅਤੇ ਛਪਾਈ, ਘਰੇਲੂ ਉਤਪਾਦਾਂ ਨੂੰ ਤਿਆਰ ਕਰਨ, ਸਬਜ਼ੀਆਂ ਅਤੇ ਫ਼ਲਾਂ ਦੇ ਰਖ ਰਖਾਵ ਅਤੇ ਉਹਨਾਂ ਤੋਂ ਉਤਪਾਦ ਤਿਆਰ ਕਰਨ ਸੰਬੰਧੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ । ਪੇਂਡੂ ਨੌਜਵਾਨਾਂ ਨੂੰ ਤਕਨੀਕੀ ਪੱਖੋਂ ਸਮਰਥ ਬਣਾਉਣ ਲਈ ਅਤੇ ਮੁੱਢਲੀਆਂ ਲਾਗਤਾਂ ਦੀ ਸੁਚੱਜੀ ਵਰਤੋਂ ਸੰਬੰਧੀ ਜਾਣਕਾਰੀ ਪ੍ਰਦਾਨ ਕੀਤੀ ਜਾਵੇਗੀ । ਇਸ ਵਾਰ ਵੀ ਕਿਸਾਨ ਵੀਰਾਂ ਨੂੰ ਇਹ ਜਾਣਕਾਰੀ ਇੱਕ ਲਿੰਕ ਦੇ ਰਾਹੀਂ ਭੇਜੀ ਜਾਵੇਗੀ । ਸਿਰਫ ਲੁਧਿਆਣਾ ਵਾਲੇ ਕਿਸਾਨ ਮੇਲੇ ਦੇ ਨਹੀਂ ਸਗੋਂ ਖੇਤਰੀ ਕਿਸਾਨ ਸਤੰਬਰ ਮੇਲਿਆਂ ਦੇ ਲਿੰਕ ਵੀ ਸਾਂਝੇ ਕਰ ਰਹੇ ਹਾਂ ।
ਇਸ ਵਾਰੇ ਆਯੋਜਿਤ ਹੋਣ ਵਾਲੇ ਕਿਸਾਨ ਮੇਲਿਆਂ ਦੀਆਂ ਤਰੀਕਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਬੱਲੋਵਾਲ ਸੌਂਖੜੀ ਅਤੇ ਅੰਮਿ੍ਰਤਸਰ ਵਿਖੇ ਇਹ ਕਿਸਾਨ ਮੇਲਾ 8 ਸਤੰਬਰ ਨੂੰ ਲਗਾਇਆ ਜਾਵੇਗਾ। 14 ਸਤੰਬਰ ਨੂੰ ਫਰੀਦਕੋਟ, ਗੁਰਦਾਸਪੁਰ ਵਿਖੇ, ਇਸੇ ਤਰ੍ਹਾਂ ਰੌਣੀ ਪਟਿਆਲਾ ਵਿਖੇ ਅਤੇ 22 ਸਤੰਬਰ ਨੂੰ ਅਤੇ ਬਠਿੰਡਾ ਵਿਖੇ 29 ਸਤੰਬਰ ਨੂੰ ਵਰਚੁਅਲ ਕਿਸਾਨ ਮੇਲਾ ਲਗਾਇਆ ਜਾਵੇਗਾ । ਇਸੇ ਤਰ੍ਹਾਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਇਹ ਕਿਸਾਨ ਮੇਲਾ ਬੀਤੇ ਸਾਲਾਂ ਦੀ ਤਰ੍ਹਾਂ ਆਫ ਲਾਈਨ 17-18 ਸਤੰਬਰ ਨੂੰ ਲਗਾਇਆ ਜਾਵੇਗਾ।
ਇਸ ਵਾਰ ਕਿਸਾਨ ਮੇਲੇ ਦਾ ਉਦੇਸ਼
ਕਰੀਏ ਪਰਾਲੀ ਦੀ ਸੰਭਾਲ
ਧਰਤੀ ਮਾਂ ਹੋਵੇ ਖੁਸ਼ਹਾਲ
ਰੱਖਿਆ ਗਿਆ ਹੈ । ਇਸ ਦਾ ਮੁੱਖ ਮੰਤਵ ਕਿਸਾਨਾਂ ਨੂੰ ਪਰਾਲੀ ਦੀ ਸਾਂਭ-ਸੰਭਾਲ ਲਈ ਜਾਗਰੂਕ ਕਰਨਾ ਹੈ । ਅਸੀਂ ਇਸ ਗੱਲ ਨੂੰ ਘਰ-ਘਰ ਪਹੁੰਚਾਉਣਾ ਹੈ ਕਿ ਪਰਾਲੀ ਦੀ ਸੁਚੱਜੀ ਸਾਂਭ-ਸੰਭਾਲ ਨਾਲ ਧਰਤੀ ਨੂੰ ਖੁਰਾਕੀ ਤੱਤ ਮਿਲਦੇ ਹਨ ।
ਯੂਨੀਵਰਸਿਟੀ ਵੱਲੋਂ ਤਿਆਰ ਨਰੋਏ ਬੀਜ ਨੂੰ ਸਫਲਤਾ ਦੀ ਕੁੰਜੀ ਵਜੋਂ ਜਾਣਿਆਂ ਜਾਂਦਾ ਹੈ । ਯੂਨੀਵਰਸਿਟੀ ਵੱਲੋਂ ਕਿਸਾਨ ਵੀਰਾਂ ਦੀ ਸਹੂਲਤ ਲਈ ਇੱਕ ਐਪ ‘ਢੳਰਮ ੀਨਪੁਟਸ’ ਵੀ ਤਿਆਰ ਕੀਤਾ ਗਿਆ ਹੈ । ਇਸ ਐਪ ਰਾਹੀਂ ਤੁਸੀਂ ਆਪਣਾ ਬੀਜ ਰਾਖਵਾਂ ਕਰਵਾ ਸਕਦੇ ਹੋ । ਜੇ ਕੋਈ ਕਿਸਾਨ ਬੀਜ ਦੀ ਉਪਲੱਬਧਤਾ ਵੱਖ-ਵੱਖ ਜ਼ਿਲ੍ਹਿਆਂ ਵਿੱਚ ਵੇਖਣੀ ਚਾਹੁੰਦਾ ਹੈ ਤਾਂ ਉਹ ਵੀ ਵੇਖ ਸਕਦਾ ਹੈ । ਜੇ ਕੋਈ ਅੰਮਿ੍ਰਤਸਰ, ਗੁਰਦਾਸਪੁਰ ਦਾ ਕਿਸਾਨ ਫਰੀਦਕੋਟ ਬਠਿੰਡਾ ਵਿਖੇ ਉਪਲੱਬਧ ਬੀਜ ਨੂੰ ਪ੍ਰਾਪਤ ਕਰਨਾ ਚਾਹੁੰਦਾ ਹੈ ਤਾਂ ਉਹ ਉਸ ਨੂੰ ਰਾਖਵਾਂ ਕਰਵਾ ਕੇ ਪ੍ਰਾਪਤ ਕਰ ਸਕਦਾ ਹੈ । ਇਹ ਸੂਚਨਾ ਪੀ.ਏ.ਯੂ. ਦੀ ਵੈੱਬਸਾਈਟ ਤੇ ਬੀਜ ਦੇ ਪੋਰਟਲ ਤੇ ਵੀ ਸਾਂਝੀ ਕੀਤੀ ਗਈ ਹੈ ।
ਇਸੇ ਲੜੀ ਵਿੱਚ ਸਾਹਿਤ ਨੂੰ ਕਿਸਾਨਾਂ ਤੱਕ ਪਹੁੰਚਾਉਣ ਲਈ ਯੂਨੀਵਰਸਿਟੀ ਨੇ ਇੱਕ ਨਵਾਂ ਉਪਰਾਲਾ ਕੀਤਾ ਹੈ । ਮੇਲੇ ਵਿੱਚ ਬੀਜ ਤੋਂ ਬਾਅਦ ਯੂਨੀਵਰਸਿਟੀ ਦੇ ਤਿਆਰ ਕੀਤੇ ਸਾਹਿਤ ਵਿੱਚ ਦਿਲਚਸਪੀ ਕਿਸਾਨਾਂ ਵੱਲੋਂ ਦਿਖਾਈ ਜਾਂਦੀ ਹੈ । ਇਸ ਵਿਸ਼ਵਾਸ਼ ਨੂੰ ਬਣਾਈ ਰੱਖਣ ਦੇ ਲਈ ਕਰੋਨਾ ਕਾਲ ਦੇ ਦੌਰਾਨ ਯੂਨੀਵਰਸਿਟੀ ਵੱਲੋਂ ਇੱਕ ਨਿਵੇਕਲੀ ਮੁਹਿੰਮ ਆਰੰਭ ਕੀਤੀ ਗਈ ਹੈ । ਡਾਕ ਰਾਹੀਂ ਤਾਂ ਸਾਹਿਤ ਤੁਸੀਂ ਪਹਿਲਾਂ ਹੀ ਮੰਗਵਾ ਸਕਦੇ ਸੀ ਪਰ ਹੁਣ ਘਰ ਬੈਠੇ ਤੁਸੀਂ ਆਨਲਾਈਨ ਆਰਡਰ ਦੇ ਕੇ ਸਾਹਿਤ ਮੰਗਵਾ ਸਕਦੇ ਹੋ । ਇਸ ਲਈ ਪੈਸੇ ਦਾ ਭੁਗਤਾਨ ਕਰਨ ਦੇ ਲਈ ਤੁਹਾਨੂੰ ਕਿਸੇ ਬੈਂਕ, ਡਾਕਖਾਨੇ ਨਹੀਂ ਜਾਣਾ ਪਵੇਗਾ ਸਗੋਂ ਤੁਸੀਂ ਘਰ ਬੈਠੇ 29380200000002 ਬੈਂਕ ਆਫ਼ ਬੜੌਦਾ ਤੇ ਭੁਗਤਾਨ ਕਰ ਸਕਦੇ ਹੋ । ਭੁਗਤਾਨ ਤੋਂ ਬਾਅਦ ਜਿਹੜੀ ਰਸੀਦ ਮਿਲੇਗੀ ਉਸਨੂੰ ਸਿਰਫ ਤੁਸੀਂ ਯੂਨੀਵਰਸਿਟੀ ਦੇ ਸੰਚਾਰ ਕੇਂਦਰ ਦੇ ਇਸ ਨੰਬਰ 82880-57707 ਤੇ ਫੋਟੋ ਖਿੱਚ ਕੇ ਭੇਜਣੀ ਹੈ ।
ਇਹਨਾਂ ਮੇਲਿਆਂ ਦੇ ਬਦਲਦੇ ਸਰੂਪ ਦੇ ਨਾਲ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਇੱਕ ਨਿਵੇਕਲਾ ਮਾਡਲ ਸਥਾਪਿਤ ਕੀਤਾ ਹੈ ਜਿਸ ਤੋਂ ਸੇਧਾਂ ਲੈਣ ਦੇ ਲਈ ਮੁਲਕ ਦੇ ਵੱਖ-ਵੱਖ ਹਿੱਸਿਆਂ ਤੋਂ ਲੋਕ ਪਹੁੰਚ ਕਰ ਰਹੇ ਹਨ । ਸਾਨੂੰ ਵੀ ਇਸ ਗਿਆਨ ਦੀ ਗੰਗਾ ਦੇ ਵਿੱਚ ਚੁੱਭੀ ਮਾਰਨੀ ਚਾਹੀਦੀ ਹੈ ਅਤੇ ਆਪਣੀ ਖੇਤੀ ਨੂੰ ਵਿਗਿਆਨਕ ਲੀਹਾਂ ਤੇ ਲਗਾਤਾਰ ਦੌੜਾਨਾ ਚਾਹੀਦਾ ਹੈ । ਆਓ ! ਖੇਤਰੀ ਕਿਸਾਨ ਮੇਲਿਆਂ ਦੇ ਨਾਲ ਲਿੰਕ ਨੂੰ ਕਲਿੱਕ ਕਰਨ ਤੋਂ ਬਾਅਦ ਜੁੜੀਏ ਅਤੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਿਹੜੇ ਵਿੱਚ ਲੱਗਣ ਵਾਲੇ ਕਿਸਾਨ ਮੇਲੇ ਤੇ ਜ਼ਰੂਰ ਪਹੁੰਚੀਏ ।
ਸਿਰਫ ਇੱਕ ਕਲਿੱਕ ਦੂਰ-ਪੀ.ਏ.ਯੂ. ਕਿਸਾਨ ਮੇਲਾ
ਤੇਜਿੰਦਰ ਰਿਆੜ, ਅਨਿਲ ਸ਼ਰਮਾ ਅਤੇ ਲਵਲੀਸ਼ ਗਰਗ
Summary in English: Kisan Mela of Agricultural University in new format