
ਕ੍ਰਿਸ਼ੀ ਵਿਗਿਆਨ ਕੇਂਦਰ, ਹੁਸ਼ਿਆਰਪੁਰ ਵਿਖੇ ਜਾਗਰੁਕਤਾ ਕੈਂਪ ਦਾ ਆਯੋਜਨ
KVK Hoshiarpur: ਪੀ.ਏ.ਯੂ.-ਕ੍ਰਿਸ਼ੀ ਵਿਗਿਆਨ ਕੇਂਦਰ, ਹੁਸ਼ਿਆਰਪੁਰ ਵੱਲੋਂ ਮਿਤੀ 28 ਫਰਵਰੀ, 2025 ਨੂੰ ਜਲਵਾਯੂ ਪਰਿਵਰਤਨ ਤੇ ਖੇਤੀ ਮੌਸਮ ਵਿਭਾਗ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਸਹਿਯੋਗ ਨਾਲ ਪਸ਼ੂ ਪਾਲਣ ਅਤੇ ਮੌਸਮੀ ਬਦਲਾਅ ਬਾਬਤ ਕਿਸਾਨ ਜਾਗਰੁਕਤਾ ਕੈਂਪ ਦਾ ਆਯੋਜਨ ਕੀਤਾ ਗਿਆ।
ਇਸ ਕੈਂਪ ਵਿੱਚ ਉਚੇਚੇ ਤੌਰ 'ਤੇ ਡਾ. ਪ੍ਰਭਜੋਤ ਕੌਰ ਸਿੱਧੂ, ਪ੍ਰਮੁੱਖ ਵਿਗਿਆਨੀ (ਖੇਤੀ ਮੌਸਮ) ਅਤੇ ਡਾ. ਸੰਦੀਪ ਸਿੰਘ ਸੰਧੂ, ਪ੍ਰਮੁੱਖ ਫਸਲ ਵਿਗਿਆਨੀ, ਜਲਵਾਯੂ ਪਰਿਵਰਤਨ ਤੇ ਖੇਤੀ ਮੌਸਮ ਵਿਭਾਗ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਹਾਜਿਰ ਹੋਏ।
ਕੈਂਪ ਦੀ ਸ਼ੁਰੂਆਤ ਵਿੱਚ ਡਾ. ਮਨਿੰਦਰ ਸਿੰਘ ਬੌਂਸ, ਸਹਿਯੋਗੀ ਨਿਰਦੇਸ਼ਕ (ਸਿਖਲਾਈ), ਪੀ.ਏ.ਯੂ.-ਕ੍ਰਿਸ਼ੀ ਵਿਗਿਆਨ ਕੇਂਦਰ, ਹੁਸ਼ਿਆਰਪੁਰ ਨੇ ਆਏ ਹੋਏ ਮਹਿਮਾਨਾਂ ਅਤੇ ਕਿਸਾਨਾਂ ਤੇ ਕਿਸਾਨ ਬੀਬੀਆਂ ਦਾ ਸਵਾਗਤ ਕੀਤਾ। ਉਹਨਾਂ ਵੱਲੋਂ ਇਸ ਕੇਂਦਰ ਦੁਆਰਾ ਕਿਸਾਨ ਭਲਾਈ ਸਬੰਧੀ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਡਾ. ਬੌਂਸ ਨੇ ਖੇਤੀ ਤੋਂ ਵੱਧ ਮੁਨਾਫੇ ਲਈ ਖੇਤੀ ਸਹਾਇਕ ਧੰਧੇ ਅਪਨਾਉਣ 'ਤੇ ਵੀ ਜੋਰ ਦਿੱਤਾ ਅਤੇ ਇਸ ਕੇਂਦਰ ਵੱਲੋਂ ਚਲਾਏ ਜਾ ਰਹੇ ਕਿੱਤਾ-ਮੁਖੀ ਸਿਖਲਾਈ ਕੋਰਸਾਂ ਦਾ ਭਰਪੂਰ ਲਾਹਾ ਲੈਣ ਲਈ ਪ੍ਰੇਰਿਆ। ਉਹਨਾਂ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਚੱਲ ਰਹੇ ਵੱਖ-ਵੱਖ ਸ਼ੋਸ਼ਲ ਮੀਡਿਆ ਪਲੈਟਫੋਰਮਾਂ ਦੀ ਵਰਤੋਂ ਰਾਂਹੀ ਖੇਤੀ ਗਿਆਨ ਤੇ ਨਵੀਨਤਮ ਤਕਨੀਕੀ ਜਾਣਕਾਰੀ ਉਪਲਬਧ ਕਰਵਾਉਣ ਬਾਰੇ ਵੀ ਦੱਸਿਆ। ਡਾ. ਬੌਂਸ ਨੇ ਹਾੜ੍ਹੀ ਦੀਆਂ ਫਸਲਾਂ ਦੇ ਸਰਵਪੱਖੀ ਕੀਟ ਪ੍ਰਬੰਧਨ ਬਾਬਤ ਵੀ ਜਰੂਰੀ ਨੁਕਤੇ ਸਾਂਝੇ ਕੀਤੇ।
ਡਾ. ਪ੍ਰਭਜੋਤ ਕੌਰ ਸਿੱਧੂ, ਪ੍ਰਮੁੱਖ ਵਿਗਿਆਨੀ (ਖੇਤੀ ਮੌਸਮ), ਜਲਵਾਯੂ ਪਰਿਵਰਤਨ ਤੇ ਖੇਤੀ ਮੌਸਮ ਵਿਭਾਗ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਨੇ ਉਹਨਾਂ ਦੇ ਵਿਭਾਗ ਵੱਲੋਂ ਅਨੁਸੂਚਿਤ ਜਾਤੀਆਂ ਦੀ ਭਲਾਈ ਤਹਿਤ ਚਲਾਏ ਜਾ ਰਹੇ ਪ੍ਰੋਜੈਕਟ ਬਾਬਤ ਦਸਦਿਆਂ ਕਿਹਾ ਕਿ ਇਸ ਬਾਬਤ ਉਹਨਾਂ ਵੱਲੋਂ ਅੱਗੇ ਵੀ ਹਰ ਸੰਭਵ ਮਦਦ ਕੀਤੀ ਜਾਵੇਗੀ। ਉਹਨਾਂ ਨੇ ਮੌਜੂਦਾ ਮੌਸਮੀ ਤਬਦੀਲੀਆਂ ਅਤੇ ਉਸ ਦੇ ਖੇਤੀ ਤੇ ਅਸਰ ਬਾਰੇ ਵੀ ਵਿਚਾਰ ਸਾਂਝੇ ਕੀਤੇ। ਡਾ. ਪ੍ਰਭਜੋਤ ਨੇ ਖੇਤੀ ਅਤੇ ਡੇਅਰੀ ਧੰਧੇ ਵਿੱਚ ਖਰਚੇ ਤੇ ਮੁਨਾਫੇ ਦਾ ਪੁੁਰਾ ਹਿਸਾਬ-ਕਿਤਾਬ ਰੱਖਣ ਬਾਬਤ ਵੀ ਜੋਰ ਦਿੱਤਾ।
ਡਾ. ਸੰਦੀਪ ਸਿੰਘ ਸੰਧੂ, ਪ੍ਰਮੁੱਖ ਫਸਲ ਵਿਗਿਆਨੀ, ਜਲਵਾਯੂ ਪਰਿਵਰਤਨ ਤੇ ਖੇਤੀ ਮੌਸਮ ਵਿਭਾਗ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਨੇ ਸਾਉਣੀ ਦੀਆਂ ਫਸਲਾਂ ਵਿੱਚ ਕੁਦਰਤੀ ਸਰੋਤਾਂ ਦੀ ਸੰਭਾਲ ਅਤੇ ਖਾਸ ਕਰਕੇ ਪਾਣੀ ਦੀ ਬਚਤ ਬਾਰੇ ਚਾਨਣਾ ਪਾਇਆ।
ਇਹ ਵੀ ਪੜ੍ਹੋ: ਨੌਜਵਾਨ ਪੀੜ੍ਹੀ ਨੂੰ ਸ਼ਬਦ ਸੱਭਿਆਚਾਰ ਨਾਲ ਜੋੜਨਾ ਸਮੇਂ ਦੀ ਲੋੜ: Tarunpreet Singh Sond
ਪੀ.ਏ.ਯੂ.-ਕ੍ਰਿਸ਼ੀ ਵਿਗਿਆਨ ਕੇਂਦਰ, ਹੁਸ਼ਿਆਰਪੁਰ ਦੇ ਵਿਗਿਆਨੀਆਂ, ਡਾ. ਪਰਮਿੰਦਰ ਸਿੰਘ, ਸਹਿਯੋਗੀ ਪ੍ਰੋਫੈਸਰ (ਪਸ਼ੂ ਵਿਗਿਆਨ) ਅਤੇ ਡਾ. ਅਜੈਬ ਸਿੰਘ, ਸਹਾਇਕ ਪ੍ਰੋਫੈਸਰ (ਖੇਤੀਬਾੜੀ ਇੰਜੀਨਿਅਰਿੰਗ) ਨੇ ਪਸ਼ੂ ਪਾਲਣ ਅਤੇ ਪਸ਼ੂਆਂ ਲਈ ਖੁਰਾਕ ਤਿਆਰ ਕਰਨ ਬਾਰੇ, ਖੇਤੀ ਜਿਣਸਾਂ ਦੇ ਮੁੱਲ-ਵਾਧੇ ਲਈ ਪ੍ਰੋਸੈਸਿੰਗ ਅਪਣਾਉਣ ਬਾਰੇ ਜਾਣਕਾਰੀ ਸਾਂਝੀ ਕੀਤੀ।
ਕੈਂਪ ਵਿੱਚ ਪਹੁੰਚੇ ਮਹਿਮਾਨਾਂ ਵੱਲੋਂ ਹਾਜਿਰ ਕਿਸਾਨਾਂ ਤੇ ਕਿਸਾਨ ਬੀਬੀਆਂ ਨੂੰ ਪ੍ਰੋਜੈਕਟ ਅਧੀਨ ਪਸ਼ੂ ਖੁਰਾਕ ਦੇ ਬੋਰੇ ਅਤੇ ਪਸ਼ੂਆਂ ਲਈ ਧਾਤਾਂ ਦਾ ਚੂਰਾ ਵੀ ਪ੍ਰਦਰਸ਼ਨੀ ਤਹਿਤ ਵਰਤੋਂ ਲਈ ਉਪਲਬਧ ਕਰਵਾਇਆ ਗਿਆ।
Summary in English: Krishi Vigyan Kendra, Hoshiarpur organized an awareness camp on dairy animal management and climate change