ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਅਧੀਨ ਸਥਾਪਿਤ ਕ੍ਰਿਸ਼ੀ ਵਿਗਆਨ ਕੇਂਦਰ, ਰੋਪੜ ਵਲੋ ਮੱਕੀ ਵਿੱਚ ਫ਼ਾਲ ਆਰਮੀਵਰਮ ਕੀੜੇ ਦੀ ਰੋਕਥਾਮ ਲਈ ਪਿੰਡ ਝਾਂਡੀਆਂ ਕਲਾਂ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ। ਕ੍ਰਿਸ਼ੀ ਵਿਗਆਨ ਕੇਂਦਰ, ਰੋਪੜ ਦੇ ਡਿਪਟੀ ਡਾਇਰੈਕਟਰ (ਟ੍ਰੇਨਿੰਗ) ਡਾ. ਗੁਰਪ੍ਰੀਤ ਸਿੰਘ ਮੱਕੜ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਕੈਂਪ ਵਿੱਚ 45 ਕਿਸਾਨਾਂ ਨੇ ਸ਼ਿਰਕਤ ਕੀਤੀ। ਡਾ. ਮੱਕੜ ਨੇ ਦੱਸਿਆ ਕਿ ਇਸ ਜਾਗਰੂਕਤਾ ਕੈਂਪ ਦਾ ਮੁੱਖ ਮੰਤਵ ਕਿਸਾਨਾਂ ਨੂੰ ਇਸ ਕੀੜੇ ਦੀ ਸਰਵਪੱਖੀ ਰੋਕਥਾਮ ਦੀ ਜਾਣਕਾਰੀ ਦੇ ਨਾਲ-ਨਾਲ ਖੇਤ 'ਚ ਕੀੜੇ ਦੇ ਫ਼ੈਲਾਅ ਨੂੰ ਰੋਕਣ ਲਈ ਮਹਤਵਪੂਰਨ ਨੁਕਤੇ ਸਾਂਝੇ ਕਰਨਾ ਸੀ।
ਡਾ. ਮੱਕੜ ਨੇ ਦੱਸਿਆ ਕਿ ਇਸ ਕੀੜੇ ਦੀ ਸਮੇ ਸਿਰ ਰੋਕਥਾਮ ਲਈ ਖੇਤਾਂ ਦਾ ਲਗਾਤਾਰ ਸਰਵੇਖਣ ਬਹੁਤ ਜ਼ਰੂਰੀ ਹੈ। ਫ਼ਾਲ ਆਰਮੀਵਰਮ ਦੀਆਂ ਸੁੰਡੀਆਂ ਹਰੇ ਤੋਂ ਹਲਕੇ ਭੂਰੇ ਜਾਂ ਸੁਰਮਈ ਰੰਗ ਦੀਆਂ ਹੁੰਦੀਆਂ ਹਨ। ਉਹਨਾਂ ਕਿਹਾ ਕਿ ਇਕ ਮਾਦਾ ਪਤੰਗਾ ਆਪਣੇ ਜੀਵਨ ਕਾਲ ਵਿਚ 1500-2000 ਆਂਡੇ ਦੇ ਸਕਦੀ ਹੈ। ਆਂਡੇ ਝੁੰਡਾਂ ਦੇ ਰੂਪ ਵਿੱੱਚ (100-150 ਆਂਡੇ ਪ੍ਰਤੀ ਝੁੰਡ) ਪੱਤੇ ਦੀ ਉਪਰ ਜਾਂ ਹੇਠਲੀ ਸਤਿਹ ਤੇ ਹੁੰਦੇ ਹਨ। ਹਮਲੇ ਦੀ ਸ਼ੁਰੂਆਤ ਵਿੱੱਚ ਛੋਟੀਆਂ ਸੁੰਡੀਆਂ ਪੱਤੇ ਦੀ ਸਤਿਹ ਨੂੰ ਖੁਰਚ ਕੇ ਖਾਂਦੀਆਂ ਹਨ ਜਿਸ ਕਾਰਨ ਪੱੱਤਿਆਂ ਉਪਰ ਲੰਮੇ ਆਕਾਰ ਦੇ ਕਾਗਜ਼ੀ ਨਿਸ਼ਾਨ ਬਣਦੇ ਹਨ। ਵੱੱਡੀਆਂ ਸੁੰਡੀਆਂ ਪੱੱਤਿਆਂ ਉਪਰ ਬੇਤਰਤੀਬੇ, ਗੋਲ ਜਾਂ ਅੰਡਾਕਾਰ ਮੋਰੀਆਂ ਬਣਾਉਂਦੀਆਂ ਹਨ। ਹਮਲੇ ਵਾਲੀ ਗੋਭ ਵਿੱਚ ਭਾਰੀ ਮਾਤਰਾ ਵਿੱਚ ਇਸ ਦੀਆਂ ਵਿੱਠਾਂ ਹੁੰਦੀਆਂ ਹਨ।ਪੱਤਿਆਂ ਤੇ ਫ਼ਾਲ ਆਰਮੀਵਰਮ ਕੀੜੇ ਦੇ ਦਿੱਤੇ ਆਂਡਿਆਂ ਦੇ ਝੁੰਡਾਂ ਨੂੰ ਨਸ਼ਟ ਕਰਦੇ ਰਹੋ। ਆਂਡਿਆਂ ਦੇ ਝੁੰਡ ਪਤਿਆਂ ਤੇ ਲੂਈ ਨਾਲ ਢਕੇ ਹੁੰਦੇ ਹਨ ਅਤੇ ਅਸਾਨੀ ਨਾਲ ਦਿੱਸ ਜਾਂਦੇ ਹਨ।
ਡਾ. ਪਵਨ ਕੁਮਾਰ ਨੇ ਕਿਹਾ ਕਿ ਚਾਰੇ ਵਾਲੀ ਮੱਕੀ ਦੀ ਬਿਜਾਈ ਅੱਧ-ਅਗਸਤ ਤੱਕ ਜ਼ਰੂਰ ਪੂਰੀ ਕਰ ਲਉ। ਪਿਛਲੇ ਸਾਲ ਪਿਛੇਤੀ ਬੀਜੀ ਫ਼ਸਲ ਉਪਰ ਇਸ ਕੀੜੇ ਦਾ ਹਮਲਾ ਵਧੇਰੇ ਸੀ। ਪਿਛੇਤੀ ਬੀਜੀ ਫ਼ਸਲ ਕੀੜੇ ਨੂੰ ਅਗਲੀ ਫ਼ਸਲ ਤਕ ਲਿਜਾਣ ਵਿਚ ਵੀ ਸਹਾਈ ਹੋ ਸਕਦੀ ਹੈ। ਨਾਲ ਲੱਗਦੇ ਖੇਤਾਂ ਵਿੱੱਚ ਮੱੱਕੀ ਦੀ ਬਿਜਾਈ ਥੋੜੇ-ਥੋੜੇ ਵਕਫ਼ੇ ਤੇ ਨਾ ਕਰੋ ਤਾਂ ਜੋ ਕੀੜੇ ਲਈ ਫ਼ਸਲ ਦੀ ਜ਼ਿਆਦਾ ਅਨੁਕੂਲ ਹਾਲਤ ਲਗਾਤਾਰ ਮੁਹਈਆ ਨਾ ਹੋ ਸਕੇ। ਚਾਰੇ ਵਾਲੀ ਮੱਕੀ ਲਈ ਅਤਿ ਸੰਘਣੀ ਬਿਜਾਈ ਨਾ ਕਰੋ ਅਤੇ ਸਿਫ਼ਾਰਸ਼ ਕੀਤੀ ਬੀਜ ਦੀ ਮਾਤਰਾ (30 ਕਿੱਲੋ ਪ੍ਰਤੀ ਏਕੜ) ਕਤਾਰਾਂ ਵਿੱਚ ਬਿਜਾਈ ਲਈ ਵਰਤੋ। ਚਾਰੇ ਵਾਲੀ ਮੱਕੀ ਵਿੱਚ ਬਾਜਰਾ/ਰਵਾਂਹ/ਜਵਾਰ ਰਲਾ ਕੇ ਬੀਜੋ ਤਾਂ ਜੋ ਖੇਤ 'ਚ ਕੀੜੇ ਦਾ ਫ਼ੈਲਾਅ ਰੋਕਿਆ ਜਾ ਸਕੇ।
ਕੀੜੇ ਦਾ ਹਮਲਾ ਦਿਖਾਈ ਦੇਣ ਤੇ ਉਸੇ ਵੇਲੇ ਇਸ ਦੀ ਰੋਕਥਾਮ ਲਈ 0.5 ਮਿਲੀਲਿਟਰ ਡੈਲੀਗੇਟ 11.7 ਐਸ ਸੀ (ਸਪਾਈਨਟੋਰਮ) ਜਾਂ 0.4 ਮਿਲੀਲਿਟਰ ਕੋਰਾਜਨ 18.5 ਐਸ ਸੀ (ਕਲੋਰਐਂਟਰਾਨਿਲੀਪਰੋਲ) ਜਾਂ 0.4 ਗ੍ਰਾਮ ਮਿਜ਼ਾਈਲ 5 ਐਸ ਜੀ (ਐਮਾਮੈਕਟਿਨ ਬੈਂਜ਼ੋਏਟ) ਪ੍ਰਤੀ ਲਿਟਰ ਪਾਣੀ 'ਚ ਘੋਲ ਕੇ ਛਿੜਕਾਅ ਕਰੋ। 20 ਦਿਨਾਂ ਤੱਕ ਦੀ ਫ਼ਸਲ ਲਈ 120 ਲਿਟਰ ਪਾਣੀ ਅਤੇ ਇਸ ਤੋਂ ਵਡੀ ਫ਼ਸਲ ਤੇ ਵਾਧੇ ਅਨੁਸਾਰ ਪਾਣੀ ਦੀ ਮਾਤਰਾ 200 ਲਿਟਰ ਪ੍ਰਤੀ ਏਕੜ ਤੱਕ ਵਧਾਉ। ਛਿੜਕਾਅ ਕਰਨ ਵੇਲੇ ਸਪਰੇਅ ਪੰਪ ਦੀ ਨੋਜ਼ਲ ਦੀ ਦਿਸ਼ਾ ਮੱੱਕੀ ਦੀ ਗੋਭ ਵੱਲ ਰਖੋ, ਕਿਉਂਕਿ ਸੁੰਡੀ ਗੋਭ ਵਿੱਚ ਖਾਣਾ ਪਸੰਦ ਕਰਦੀ ਹੈ। ਚਾਰੇ ਵਾਲੀ ਫ਼ਸਲ ਤੇ ਕੋਰਾਜਨ ਦਾ ਛਿੜਕਾਅ ਕਰੋ। ਛਿੜਕਾਅ ਉਪਰੰਤ ਫ਼ਸਲ ਨੂੰ 21 ਦਿਨਾਂ ਤੱਕ ਪਸ਼ੂਆਂ ਨੂੰ ਨਾ ਚਰਾਉ।
ਮਿਸ. ਅੰਕੁਰਦੀਪ ਪ੍ਰੀਤੀ ਨੇ ਖੇਤੀ ਦੇ ਨਾਲ ਨਾਲ ਐਗਰੋਫੋਰੈਸਟਰੀ ਨੂੰ ਵਧਾਵਾ ਦੇਣ ਲਈ ਜਾਣਕਾਰੀ ਦਿੱਤੀ। ਇਸ ਦੇ ਬਾਅਦ ਨੇੜੇ ਦੇ ਖੇਤਾਂ ਵਿੱਚ ਮੱਕੀ ਉੱਤੇ ਫਾਲ ਆਰਮੀਵਾਰਮ ਦਾ ਸਰਵੇਖਣ ਕੀਤਾ ਗਿਆ।
Summary in English: KVK Farmer Awareness Camp for Prevention of Fall Armivarm Pests in Maize by Ropar