Kisan Mela 2024: ਕਿਸਾਨਾਂ ਲਈ ਮਸੀਹਾ ਮੰਨੀ ਜਾਂਦੀ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University) ਸਮੇਂ-ਸਮੇਂ 'ਤੇ ਨਵੇਕਲੇ ਕਦਮ ਚੁੱਕਦੀ ਰਹਿੰਦੀ ਹੈ, ਤਾਂ ਜੋ ਪੰਜਾਬ ਦੇ ਕਿਸਾਨਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਮਿਲ ਸਕਣ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਹੋ ਸਕੇ। ਇਸ ਲੜੀ ਨੂੰ ਅੱਗੇ ਤੋਰਦਿਆਂ ਪੀਏਯੂ (PAU) ਨੇ ਕਿਸਾਨਾਂ ਨਾਲ ਸ਼ਾਨਦਾਰ ਜਾਣਕਾਰੀ ਸਾਂਝੀ ਕੀਤੀ ਹੈ।
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU) ਨੇ ਕਿਸਾਨੀ ਨਾਲ ਆਪਣੇ 61 ਸਾਲ ਪੁਰਾਣੇ ਖੇਤੀ ਸਬੰਧ ਨੂੰ ਕਾਇਮ ਰੱਖਦੇ ਹੋਏ ਮਾਰਚ 2023 (March 2023) ਵਿੱਚ ਹੋਣ ਵਾਲੇ 7 ਕਿਸਾਨ ਮੇਲਿਆਂ (Kisan Melas) ਦੀ ਲੜੀ ਦਾ ਪ੍ਰੋਗਰਾਮ ਜਾਰੀ ਕੀਤਾ ਹੈ।
ਕਿਸਾਨ ਮੇਲਿਆਂ ਵਿੱਚ ਪੰਜਾਬ ਦੇ ਕਿਸਾਨਾਂ ਨੂੰ ਖੇਤੀਬਾੜੀ ਦੇ ਨਾਲ-ਨਾਲ ਸਹਾਇਕ ਧੰਦੇ ਜਿਵੇਂ ਕਿ ਮਧੂ ਮੱਖੀਆਂ ਪਾਲਣ, ਖੁੰਬ ਉਤਪਾਦਨ, ਦੋਗਲੇ ਬੀਜ ਉਤਪਾਦਨ, ਕੱਪੜਿਆਂ ਦੀ ਰੰਗਾਈ, ਘਰੇਲੂ ਬਗੀਚੀ, ਸਬਜ਼ੀਆਂ ਪੈਦਾ ਕਰਨਾ, ਫਲਾਂ ਅਤੇ ਸਬਜ਼ੀਆਂ ਦੀ ਸਾਂਭ ਸੰਭਾਲ, ਖੇਤੀ ਉਤਪਾਦਾਂ ਦੀ ਪ੍ਰੋਸੈਸਿੰਗ, ਪਸ਼ੂ ਪਾਲਣ ਆਦਿ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਮੁਹੱਇਆ ਕਰਵਾਈ ਜਾਂਦੀ ਹੈ। ਇਨ੍ਹਾਂ ਮੇਲਿਆਂ ਵਿੱਚ ਖੇਤੀ ਵਪਾਰਿਕ ਪ੍ਰਦਰਸ਼ਨੀਆਂ ਦਾ ਸਰਕਾਰੀ, ਅਰਧ ਸਰਕਾਰੀ ਅਤੇ ਨੀਜੀ ਸੰਸਥਾਵਾਂ ਵੱਲੋਂ ਸੰਯੋਜਨ ਕੀਤਾ ਜਾਂਦਾ ਹੈ। ਇਨ੍ਹਾਂ ਵਿੱਚ ਟਰੈਕਟਰ, ਕੰਬਾਇਨਾਂ, ਮੋਟਰਾਂ, ਖੇਤੀ ਮਸ਼ੀਨਾਂ, ਸਪਰੇਅ ਪੰਪਾਂ, ਲੇਜ਼ਰ ਕਰਾਹਾ, ਬਾਗਬਾਨੀ ਸੰਧਾਂ, ਕਟਾਈ ਮਸ਼ੀਨਾਂ, ਖੇਤੀ ਰਸਾਇਣਾਂ, ਬੈਂਕਾਂ ਆਦਿ ਦੀਆਂ ਪ੍ਰਦਰਸ਼ਨੀਆਂ ਲਗਾ ਕੇ ਕਿਸਾਨਾਂ ਦੇ ਗਿਆਨ ਵਿੱਚ ਵਾਧਾ ਕੀਤਾ ਜਾਂਦਾ ਹੈ।
ਇਸ ਤਰ੍ਹਾਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵੱਲੋਂ ਵੀ ਵੱਖ-ਵੱਖ ਫ਼ਸਲਾਂ ਦੀ ਬਿਜਾਈ ਵਾਲੀ ਮਸ਼ੀਨਾਂ, ਛੋਟੇ ਸੰਦ, ਪਾਵਰ ਵੀਡਰ, ਝੋਨੇ ਦੀ ਮਸ਼ੀਨੀ ਲਵਾਈ ਵਾਲੀਆ ਮਸ਼ੀਨਾਂ, ਝੋਨੇ ਦੀ ਮਸ਼ੀਨੀ ਲਵਾਈ ਲਈ ਮੈਟ ਟਾਈਪ ਨਰਸਰੀ ਸੀਡਰ, ਆਦਿ ਦੀ ਨੁਮਾਇਸ਼ ਵੀ ਲਗਾਈ ਜਾਂਦੀ ਹੈ। ਪਾਣੀ ਦੀ ਸੁਚੱਜੀ ਵਰਤੋਂ ਲਈ ਤੁਪਕਾ ਅਤੇ ਫੁਹਾਰਾ ਸਿੰਚਾਈ ਵਿੱਚ ਵਰਤੇ ਜਾਣ ਵਾਲੇ ਸਿਸਟਮ ਦੀ ਨਮਾਇਸ਼ ਵੀ ਲਗਾਈ ਜਾਂਦੀ ਹੈ।
ਦੱਸ ਦੇਈਏ ਕਿ ਕਿਰਸਾਨੀ ਵਿੱਚ ਮੱਲਾਂ ਮਾਰਨ ਵਾਲੇ ਅਗਾਂਹਵਧੂ ਕਿਸਾਨਾਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਂਦਾ ਹੈ ਤਾਂ ਜੋ ਦੂਜੇ ਕਿਸਾਨ ਵੀਰ ਵੀ ਇਨ੍ਹਾਂ ਦੇ ਕਦਮਾਂ ਤੇ ਚੱਲ ਸਕਣ ਅਤੇ ਖੇਤੀਬਾੜੀ ਕਿੱਤੇ ਨੂੰ ਹੋਰ ਵੀ ਪ੍ਰਫੂਲੱਤ ਕਰ ਸਕਣ। ਇਸ ਤਰ੍ਹਾਂ ਹੀ ਕਿਸਾਨ ਮੇਲਿਆਂ ਵਿੱਚ ਕਿਸਾਨਾਂ ਵੱਲੋਂ ਲਗਾਈਆਂ ਗਈਆਂ ਜਿਣਸਾਂ ਦੇ ਮੁਕਾਬਲੇ ਵੀ ਕਰਵਾਏ ਜਾਂਦੇ ਹਨ ਅਤੇ ਵਧੀਆ ਕਿਸਮ ਅਤੇ ਉੱਤਮ ਦਰਜੇ ਦੀ ਫਸਲ, ਫ਼ਲ, ਸਬਜ਼ੀਆਂ ਅਤੇ ਫੁੱਲ ਪੈਦਾ ਕਰਨ ਵਾਲੇ ਕਿਸਾਨ ਵੀਰਾਂ ਨੂੰ ਇਨਾਮ ਦਿੱਤੇ ਜਾਂਦੇ ਹਨ।
ਇਹ ਵੀ ਪੜੋ: Today Agriculture Big News ਖੇਤੀਬਾੜੀ ਨਾਲ ਸਬੰਧਿਤ ਅੱਜ ਦੀਆਂ ਵੱਡੀਆਂ ਖ਼ਬਰਾਂ
ਪੰਜਾਬ ਦੀਆਂ ਕਦਰਾਂ ਕੀਮਤਾਂ ਅਤੇ ਮੇਲਿਆਂ ਦੇ ਉਦੇਸ਼ ਦੀ ਪੂਰਤੀ ਲਈ ਕਿਰਸਾਨੀ ਮੇਲਿਆਂ ਵਿੱਚ ਆਏ ਹੋਏ ਕਿਸਾਨ ਭਰਾਵਾਂ ਦੇ ਮਨੋਰੰਜਨ ਲਈ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵੱਲੋਂ ਰੰਗਾ-ਰੰਗ ਪ੍ਰੋਗਰਾਮਾਂ ਦਾ ਆਯੋਜਨ ਵੀ ਕੀਤਾ ਜਾਂਦਾ ਹੈ। ਇਨ੍ਹਾਂ ਮੇਲਿਆਂ ਦੌਰਾਨ ਤਕਨੀਕੀ ਸੈਸ਼ਨ ਵੀ ਕਰਵਾਏ ਜਾਂਦੇ ਹਨ, ਜਿਸ ਵਿੱਚ ਕਿਸਾਨ ਤੇ ਸਾਇੰਸਦਾਨ ਇੱਕ ਦੂਜੇ ਨਾਲ ਖੁੱਲ ਕੇ ਖੇਤੀਬਾੜੀ ਬਾਬਤ ਵਿਚਾਰ ਵਟਾਂਦਰਾ ਕਰਦੇ ਹਨ।
ਮੇਲਿਆਂ ਦੌਰਾਨ ਕਿਸਾਨ ਭਰਾਵਾਂ ਨੂੰ ਮਾਹਿਰਾਂ ਵੱਲੋਂ ਸਿਫਾਰਸ਼ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਅਤੇ ਕਿਸਾਨ ਵੀਰਾਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਮੌਕੇ 'ਤੇ ਹੀ ਦਿੱਤੇ ਜਾਂਦੇ ਹਨ। ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਇਹ ਮੇਲੇ 5 ਮਾਰਚ 2024 ਤੋਂ ਸ਼ੁਰੂ ਹੋ ਕੇ 22 ਮਾਰਚ 2024 ਤੱਕ ਚੱਲਣਗੇ, ਜਿਸ ਦੀ ਸ਼ੁਰੂਆਤ ਅੰਮ੍ਰਿਤਸਰ ਦੇ ਨਾਗ ਕਲਾਂ ਜਹਾਂਗੀਰ ਤੋਂ ਹੋ ਰਹੀ ਹੈ। ਇਨ੍ਹਾਂ ਮੇਲਿਆਂ ਬਾਰੇ ਹੋਰ ਜਾਣਨ ਲਈ ਹੇਠਾਂ ਦਿੱਤੇ ਸਫ਼ਰਨਾਮੇ ਨੂੰ ਪੜ੍ਹੋ।
ਸਾਂਝੇ ਕੀਤੇ ਗਏ ਸਫ਼ਰਨਾਮੇ ਦੇ ਅਨੁਸਾਰ:
● ਲੜੀ ਦੀ ਸ਼ੁਰੂਆਤ 5 ਮਾਰਚ ਨੂੰ ਨਾਗ ਕਲਾਂ ਜਹਾਂਗੀਰ, ਅੰਮ੍ਰਿਤਸਰ ਵਿਖੇ ਪਹਿਲੇ ਕਿਸਾਨ ਮੇਲੇ ਨਾਲ ਹੋਵੇਗੀ।
● ਇਸ ਤੋਂ ਬਾਅਦ 7 ਮਾਰਚ ਨੂੰ ਬੱਲੋਵਾਲ ਸੌਂਖੜੀ 'ਚ ਕਿਸਾਨ ਮੇਲੇ ਦਾ ਪ੍ਰਬੰਧ ਕੀਤਾ ਗਿਆ ਹੈ।
● 12 ਮਾਰਚ ਨੂੰ ਬਠਿੰਡਾ ਵਿਖੇ ਕਿਸਾਨ ਮੇਲੇ ਦਾ ਆਯੋਜਨ ਕੀਤਾ ਗਿਆ ਹੈ।
● 14-15 ਮਾਰਚ ਨੂੰ ਪੀਏਯੂ, ਲੁਧਿਆਣਾ ਵਿਖੇ ਕਿਸਾਨ ਮੇਲੇ ਦਾ ਪ੍ਰਬੰਧ ਕੀਤਾ ਗਿਆ ਹੈ।
● 18 ਮਾਰਚ ਨੂੰ ਫਰੀਦਕੋਟ ਵਿਖੇ ਕਿਸਾਨ ਮੇਲੇ ਦਾ ਪ੍ਰਬੰਧ ਕੀਤਾ ਗਿਆ ਹੈ।
● ਗੁਰਦਾਸਪੁਰ ਵਿਖੇ 20 ਮਾਰਚ ਨੂੰ ਕਿਸਾਨ ਮੇਲਾ ਕਰਵਾਇਆ ਜਾਵੇਗਾ।
● 22 ਮਾਰਚ ਨੂੰ ਪਟਿਆਲਾ ਵਿਖੇ ਕਿਸਾਨ ਮੇਲੇ ਦਾ ਆਯੋਜਨ ਕੀਤਾ ਗਿਆ ਹੈ।
Summary in English: List of March Kisan Mela 2024 released by Punjab Agricultural University, see full list of programs here