ਪੀ.ਏ.ਯੂ. ਦੇ ਪਾਲ ਆਡੀਟੋਰੀਅਮ ਵਿਚ ਇਕ ਵਿਸ਼ੇਸ਼ ਸਿਖਲਾਈ ਪ੍ਰੋਗਰਾਮ ਹੋਇਆ। ਡਾਇਰੈਕਟੋਰੇਟ ਪਸਾਰ ਸਿੱਖਿਆ ਅਤੇ ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਪੰਜਾਬ ਵੱਲੋਂ ਸਾਂਝੇ ਰੂਪ ਵਿਚ ਕਰਵਾਏ ਇਸ ਸਿਖਲਾਈ ਪ੍ਰੋਗਰਾਮ ਦਾ ਮੰਤਵ ਪਰਾਲੀ ਦੀ ਸਾਂਭ-ਸੰਭਾਲ ਦੇ ਤਰੀਕਿਆਂ ਬਾਰੇ ਪਸਾਰ ਮਾਹਿਰਾਂ ਨੂੰ ਜਾਣਕਾਰੀ ਦੇ ਕੇ ਉਹਨਾਂ ਦੀ ਪਸਾਰ ਸਮਰੱਥਾ ਨੂੰ ਮਜ਼ਬੂਤ ਕਰਨਾ ਸੀ।
ਇਸ ਸਿਖਲਾਈ ਪ੍ਰੋਗਰਾਮ ਦੇ ਮੁੱਖ ਮਹਿਮਾਨ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਸਨ। ਉਹਨਾਂ ਨਾਲ ਮੰਚ ਤੇ ਖੇਤੀਬਾੜੀ ਵਿਭਾਗ ਵੱਲੋਂ ਇੰਜ. ਜਗਦੀਸ਼ ਸਿੰਘ, ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਨਿਰਦੇਸ਼ਕ ਪਸਾਰ ਸਿੱਖਿਆ ਡਾ. ਗੁਰਮੀਤ ਸਿੰਘ ਬੁੱਟਰ, ਅਪਰ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜੀ ਪੀ ਐੱਸ ਸੋਢੀ ਮੌਜੂਦ ਸਨ। ਡਾ. ਸਤਿਬੀਰ ਸਿੰਘ ਗੋਸਲ ਨੇ ਇਸ ਮੌਕੇ ਆਪਣੇ ਮੁੱਖ ਭਾਸ਼ਣ ਵਿੱਚ ਕਿਹਾ ਕਿ ਪਰਾਲੀ ਸਾਡੇ ਸਮਿਆਂ ਦੀ ਖੇਤੀ ਦੀ ਪ੍ਰਮੁੱਖ ਚੁਣੌਤੀ ਵਜੋਂ ਸਾਹਮਣੇ ਆਈ ਹੈ। ਇਸ ਵਾਰ ਵੀ ਝੋਨੇ ਦੀ ਵਾਢੀ ਦੇ ਸ਼ੁਰੂ ਹੁੰਦਿਆਂ ਹੀ ਪਰਾਲੀ ਸਾੜਨ ਦੀਆਂ ਖਬਰਾਂ ਆਉਣ ਲੱਗੀਆਂ ਹਨ। ਡਾ. ਗੋਸਲ ਨੇ ਕਿਹਾ ਕਿ ਭਾਵੇਂ ਇਹਨਾਂ ਖਬਰਾਂ ਨੂੰ ਵਧਾ-ਚੜ੍ਹਾ ਕੇ ਵੱਧ ਪੇਸ਼ ਕੀਤਾ ਜਾ ਰਿਹਾ ਹੈ ਪਰ ਪੰਜਾਬ ਨੂੰ ਪੂਰੀ ਤਰ੍ਹਾਂ ਪਰਾਲੀ ਸਾੜਨ ਤੋਂ ਮੁਕਤ ਕਰਨ ਤੱਕ ਪਸਾਰ ਮਾਹਿਰਾਂ ਦੀ ਮੁਹਿੰਮ ਲਗਾਤਾਰ ਜਾਰੀ ਰਹਿਣੀ ਚਾਹੀਦੀ ਹੈ।
ਉਹਨਾਂ ਕਿਹਾ ਕਿ ਕਣਕ ਦੇ ਨਾੜ ਦੀ ਵਰਤੋਂ ਆਮਤੌਰ ਤੇ ਤੂੜੀ ਲਈ ਕਰ ਲਈ ਜਾਂਦੀ ਹੈ ਇਸ ਲਈ ਹਾੜੀ ਵਿਚ ਫਸਲ਼ੀ ਰਹਿੰਦ-ਖੂੰਹਦ ਓਨੀ ਵੱਢੀ ਸਮੱਸਿਆ ਨਹੀਂ ਬਣਦੀ। ਝੋਨੇ ਦੀ ਵਾਢੀ ਅਤੇ ਕਣਕ ਦੀ ਬਿਜਾਈ ਵਿਚਕਾਰ ਵਕਫਾ ਥੋੜਾ ਹੋਣ ਕਾਰਨ ਕਈ ਕਿਸਾਨ ਪਰਾਲੀ ਸਾੜਨ ਨੂੰ ਨਿੱਕ ਰਸਤਾ ਮੰਨਦੇ ਹਨ। ਉਹਨਾਂ ਦੱਸਿਆ ਕਿ ਬਾਸਮਤੀ ਦੀ ਪਰਾਲੀ ਵਿਚ ਸਿਲਿਕਾ ਘੱਟ ਹੁੰਦਾ ਹੈ ਇਸ ਲਈ ਉਸਦੀ ਵਰਤੋਂ ਪਸ਼ੂ ਚਾਰੇ ਵਿਚ ਕੀਤੀ ਜਾਂਦੀ ਹੈ ਪਰ ਪਰਮਲ ਦੇ ਪੌਦਿਆਂ ਨੂੰ ਪਾਣੀ ਵਿਚ ਖੜ੍ਹੇ ਰਹਿਣ ਲਈ ਕੁਦਰਤ ਵੱਲੋਂ ਸਿਲਿਕਾ ਤੱਤ ਵਜੋਂ ਮਿਲਿਆ ਹੈ। ਇਹ ਸਿਲਿਕਾ ਰੇਤ ਵਾਗੂੰ ਹੋਣ ਕਾਰਨ ਪਸ਼ੂ ਪਰਾਲੀ ਨੂੰ ਨਹੀਂ ਖਾਂਦੇ।
ਪੰਜਾਬ ਵਿਚ 20 ਮਿਲੀਅਨ ਟਨ ਪਰਾਲੀ ਦੀ ਸੰਭਾਲ ਥੋੜੇ ਸਮੇਂ ਵਿੱਚ ਕਰਨਾ ਇਕ ਵੱਡਾ ਸੰਕਟ ਬਣਿਆ ਹੋਇਆ ਹੈ। ਅੱਗ ਦੇ ਨੁਕਸਾਨ ਗਿਣਾਉਂਦਿਆਂ ਡਾ. ਗੋਸਲ ਨੇ ਕਿਹਾ ਕਿ ਧੂੰਏ ਤੋਂ ਪੈਦਾ ਹੋਣ ਵਾਲੀਆਂ ਸਿਹਤ ਸਮੱਸਿਆਵਾਂ, ਦੁਰਘਟਨਾਵਾਂ, ਮਿੱਟੀ ਦੇ ਲਾਭਕਾਰੀ ਤੱਤਾਂ ਦਾ ਨੁਕਸਾਨ, ਧਰਤੀ ਦੇ ਜੀਵਾਂ ਦਾ ਖਾਤਮਾ ਅਤੇ ਲਾਭਕਾਰੀ ਉੱਲੀਆਂ ਦਾ ਖਾਤਮਾ ਮੁੱਖ ਨੁਕਸਾਨ ਹਨ। ਇਸਦੇ ਨਾਲ ਹੀ ਝੋਨੇ ਨੂੰ ਪੈਣ ਵਾਲੀਆਂ ਖਾਦਾਂ ਦਾ ਇਕ ਤਿਹਾਈ ਹਿੱਸਾ ਜੋ ਪਰਾਲੀ ਦੇ ਕਰਚਿਆਂ ਵਿਚ ਮੌਜੂਦ ਹੁੰਦਾ ਹੈ, ਉਸਨੂੰ ਸਾੜ ਦੇਣਾ ਵੀ ਵੱਡਾ ਆਰਥਿਕ ਨੁਕਸਾਨ ਬਣਦਾ ਹੈ।
ਇਹ ਵੀ ਪੜ੍ਹੋ : Dr. Amarjit Singh Tanda ਵੱਲੋਂ ਲਿਖੀਆਂ Agriculture Books ਰਿਲੀਜ਼
ਡਾ. ਗੋਸਲ ਨੇ ਕਿਹਾ ਕਿ ਹਰ ਲਿਹਾਜ਼ ਨਾਲ ਪਰਾਲੀ ਨੂੰ ਖੇਤੀ ਵਿਚ ਸਾਂਭਣ ਲਈ ਕਿਸਾਨ ਨੂੰ ਪ੍ਰੇਰਿਤ ਕਰਨਾ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ। ਉਹਨਾਂ ਕਿਹਾ ਕਿ ਪਰਾਲੀ ਡੀਕੰਪੋਜ਼ਰ ਪੰਜਾਬ ਦੇ ਤਾਪਮਾਨ ਕਾਰਨ ਪੂਰੀ ਤਰ੍ਹਾਂ ਕਾਮਯਾਬ ਤਰੀਕਾ ਨਹੀਂ ਹੈ ਇਸਲਈ ਮਸ਼ੀਨਰੀ ਦੀ ਵਰਤੋਂ ਕਰਕੇ ਪਰਾਲੀ ਨੂੰ ਮਿੱਟੀ ਵਿਚ ਮਿਲਾਉਣਾ, ਵਾਤਾਵਰਣ ਅਤੇ ਆਰਥਿਕਤਾ ਦੇ ਪੱਖੋਂ ਸਭ ਤੋਂ ਵਧੀਆ ਬਦਲ ਹੈ।
ਉਹਨਾਂ ਕਿਹ ਕਿ ਆਉਂਦੀਆਂ ਨਸਲਾਂ ਨੂੰ ਸ਼ੁੱਧ ਹਵਾ ਅਤੇ ਉਸਾਰੂ ਵਾਤਾਵਰਣ ਦੇਣ ਲਈ ਸਾਨੂੰ ਪਰਾਲੀ ਦੀ ਸੰਭਾਲ ਦੇ ਰਸਤੇ ਤੁਰਨਾ ਹੀ ਪਵੇਗਾ। ਮਸ਼ੀਨਰੀ ਦੇ ਰੂਪ ਵਿਚ ਪੀ.ਏ.ਯੂ. ਨੇ ਹੱਲ ਦਿੱਤੇ ਹਨ ਜਿਸਨੂੰ ਸਰਕਾਰਾਂ ਨੇ ਕਿਸਾਨਾਂ ਤੱਕ ਪਹੁੰਚਾਉਣ ਲਈ ਸਬਸਿਡੀ ਦੀ ਸਹੂਲਤ ਦਿੱਤੀ ਹੈ। ਹੁਣ ਕਿਸਾਨਾਂ ਨੂੰ ਇਸ ਮਸ਼ੀਨਰੀ ਦੀ ਵਰਤੋਂ ਕਰਕੇ ਪਰਾਲੀ ਸੰਭਾਲਣ ਲਈ ਪ੍ਰੇਰਿਤ ਕਰਨਾ ਪਸਾਰ ਮਾਹਿਰਾਂ ਦੀ ਜ਼ਿੰਮੇਵਾਰੀ ਹੈ।
ਇਹ ਵੀ ਪੜ੍ਹੋ : GADVASU 'ਚ 13-14 ਅਕਤੂਬਰ ਨੂੰ International Conference
ਖੇਤੀਬਾੜੀ ਵਿਭਾਗ ਦੇ ਨੁਮਾਇੰਦੇ ਇੰਜ. ਜਗਦੀਸ਼ ਸਿੰਘ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਪਿਛਲੇ ਸਾਲ ਤੱਕ 1 ਲੱਖ 17 ਹਜ਼ਾਰ ਮਸ਼ੀਨਾਂ ਦਿੱਤੀਆਂ ਗਈਆਂ ਸਨ| ਇਸ ਸਾਲ ਵੀ 12 ਹਜ਼ਾਰ ਦੇ ਕਰੀਬ ਮਸ਼ੀਨਾਂ ਵੰਡੀਆਂ ਜਾਣਗੀਆਂ। ਇਹ ਮਸ਼ੀਨਰੀ ਪੰਜਾਬ ਹੀ ਨਹੀਂ ਬਲਕਿ ਹਰਿਆਣੇ ਵਿਚ ਪਰਾਲੀ ਦੀ ਸੰਭਾਲ ਲਈ ਕਾਫੀ ਹੈ। ਪਰ ਇਸਦੇ ਬਾਵਜੂਦ ਅੱਗ ਦੀਆਂ ਘਟਨਾਵਾਂ ਦੱਸਦੀਆਂ ਹਨ ਕਿ ਇਸ ਮਸ਼ੀਨਰੀ ਦੀ ਪੂਰੀ ਵਰਤੋਂ ਨਹੀਂ ਹੋ ਰਹੀ| ਉਹਨਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸਹਿਕਾਰੀ ਕਿਸਾਨ ਸਭਾਵਾਂ ਦੀ ਮਸ਼ੀਨਰੀ ਨੂੰ ਆਪਣੇ ਖੇਤ ਵਿਚ ਵਰਤ ਕੇ ਪਰਾਲੀ ਦੀ ਸੰਭਾਲ ਅਤੇ ਕਣਕ ਦੀ ਬਿਜਾਈ ਦਾ ਹੰਭਲਾ ਮਾਰਨ| ਨਾਲ ਹੀ ਸ਼੍ਰੀ ਜਗਦੀਸ਼ ਸਿੰਘ ਨੇ ਨਵੇਂ ਪਸਾਰ ਦੇ ਯਤਨਾਂ ਤੇ ਜ਼ੋਰ ਦਿੱਤਾ।
ਉਹਨਾਂ ਕਿਹਾ ਕਿ ਪਰਾਲੀ ਨੂੰ ਖੇਤ ਵਿਚੋਂ ਬਾਹਰ ਕੱਢਣ ਦੀ ਸਿਫ਼ਾਰਸ਼ ਪੀ.ਏ.ਯੂ. ਜਾਂ ਖੇਤੀਬਾੜੀ ਵਿਭਾਗ ਵੱਲੋਂ ਨਹੀਂ ਕੀਤੀ ਜਾਂਦੀ ਪਰ ਇਹ ਢੰਗ ਸਭ ਤੋਂ ਵੱਧ ਵਰਤਿਆ ਜਾ ਰਿਹਾ ਹੈ। ਉਹਨਾਂ ਨੇ ਕਿਸਾਨ ਦੀ ਮਨੋਦਸ਼ਾ ਬਦਲਣ ਅਤੇ ਉਸ ਵਿਚ ਪਰਾਲੀ ਦੀ ਸੰਭਾਲ ਦੀ ਇੱਛਾ ਸ਼ਕਤੀ ਪੈਦਾ ਕਰਨ ਲਈ ਪਸਾਰ ਮਾਹਿਰਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਸਭ ਤਕਨੀਕਾਂ ਕਿਸਾਨਾਂ ਦੀ ਜਾਣਕਾਰੀ ਵਿਚ ਲਿਆ ਕੇ ਉਹਨਾਂ ਨੂੰ ਪਰਾਲੀ ਦੀ ਸੰਭਾਲ ਲਈ ਪ੍ਰੇਰਿਤ ਕਰੀਏ।
ਨਿਰਦੇਸ਼ਕ ਪਸਾਰ ਸਿੱਖਿਆ ਡਾ. ਗੁਰਮੀਤ ਸਿੰਘ ਬੁੱਟਰ ਨੇ ਇਕ ਵਿਸ਼ੇਸ਼ ਪੇਸ਼ਕਾਰੀ ਦਿੱਤੀ ਜਿਸ ਵਿਚ ਉਹਨਾਂ ਨੇ ਇਸ ਸਿਖਲਾਈ ਪ੍ਰੋਗਰਾਮ ਦੀ ਰੂਪਰੇਖਾ ਅਤੇ ਇਸਦੇ ਉਦੇਸ਼ਾਂ ਬਾਰੇ ਦੱਸਿਆ। ਨਾਲ ਹੀ ਉਹਨਾਂ ਨੇ ਪਰਾਲੀ ਦੇ ਸਮੁੱਚੇ ਪ੍ਰਸੰਗ ਬਾਰੇ ਅੰਕੜੇ ਦਿੰਦਿਆ ਕਿਹਾ ਕਿ ਪਰਾਲੀ ਸਮੱਸਿਆ ਨਹੀਂ ਸਹੂਲਤ ਹੈ। ਉਹਨਾਂ ਨੇ ਪੀ.ਏ.ਯੂ. ਵੱਲੋਂ ਵਿਕਸਿਤ ਕੀਤੀਆਂ ਮਸ਼ੀਨਾਂ ਅਤੇ ਹੋਰ ਸਿਫ਼ਾਰਸ਼ਾਂ ਸਾਂਝੀਆਂ ਕੀਤੀਆਂ। ਨਾਲ ਹੀ ਡਾ. ਬੁੱਟਰ ਨੇ ਪਰਾਲੀ ਦੇ ਜੈਵਿਕ ਅਤੇ ਰਸਾਇਣਕ ਗੁਣਾਂ ਬਾਰੇ ਵਿਸਥਾਰ ਨਾਲ ਗੱਲ ਕੀਤੀ।
ਇਹ ਵੀ ਪੜ੍ਹੋ : ਕਣਕ ਦੀ ਬਿਜਾਈ ਤੋਂ ਪਹਿਲਾਂ ਕਰੋ ਬੀਜ ਦਾ ਇਲਾਜ ਤੇ ਇਸ ਖਾਦ ਦੀ ਵਰਤੋਂ, ਮਿਲੇਗਾ ਵਧੇਰੇ ਉਤਪਾਦਨ ਨਾਲ ਚੰਗਾ ਮੁਨਾਫ਼ਾ
ਸਵਾਗਤ ਦੇ ਸ਼ਬਦ ਡਾ. ਜੀ ਪੀ ਐੱਸ ਸੋਢੀ ਨੇ ਕਹੇ। ਅੰਤ ਵਿਚ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਧੰਨਵਾਦ ਕਰਦਿਆਂ ਪਰਾਲੀ ਦੀ ਸੰਭਾਲ ਲਈ ਪੀ.ਏ.ਯੂ. ਵੱਲੋਂ ਕੀਤੀ ਖੋਜ ਦਾ ਵੇਰਵਾ ਦਿੱਤਾ। ਇਸ ਮੌਕੇ ਖੇਤੀ ਮਸ਼ੀਨਰੀ ਅਤੇ ਪਾਵਰ ਇੰਜਨੀਅਰਿੰਗ ਵਿਭਾਗ ਦੇ ਮੁਖੀ ਡਾ. ਮਹੇਸ਼ ਕੁਮਾਰ ਨਾਰੰਗ ਨੇ ਖੇਤ ਵਿਚ ਪਰਾਲੀ ਦੀ ਸੰਭਾਲ ਕਰਨ ਵਾਲੀ ਮਸ਼ੀਨਰੀ ਦੀ ਯੋਗਤਾ ਅਤੇ ਢੁੱਕਵੀਂ ਵਰਤੋਂ ਸੰਬੰਧੀ ਪੇਸ਼ਕਾਰੀ ਦਿੱਤੀ।
ਇਹ ਵੀ ਪੜ੍ਹੋ : ਕਣਕ ਦੀ ਬਿਜਾਈ 25 ਅਕਤੂਬਰ ਤੋਂ ਸ਼ੁਰੂ, ਸਬਸਿਡੀ ਵਾਲੇ ਬੀਜ 20 ਅਕਤੂਬਰ ਤੋਂ ਮਿਲਣਗੇ
ਫ਼ਸਲ ਵਿਗਿਆਨ ਵਿਭਾਗ ਦੇ ਮੁਖੀ ਡਾ. ਮੱਖਣ ਸਿੰਘ ਭੁੱਲਰ ਨੇ ਪਰਾਲੀ ਦੀ ਸੰਭਾਲ ਬਾਰੇ ਖੇਤਾਂ ਵਿਚ ਹਾੜੀ ਦੀਆਂ ਫ਼ਸਲਾਂ ਦੀਆਂ ਕਾਸ਼ਤ ਵਿਧੀਆਂ ਸਾਂਝੀਆਂ ਕੀਤੀਆਂ। ਨਵਿਆਉਣਯੋਗ ਊਰਜਾ ਇੰਜਨੀਅਰਿੰਗ ਵਿਭਾਗ ਦੇ ਮਾਹਿਰਾਂ ਡਾ. ਸਰਬਜੀਤ ਸਿੰਘ ਸੂਚ ਨੇ ਪਰਾਲੀ ਤੋਂ ਊਰਜਾ ਪੈਦਾ ਕਰਨ ਅਤੇ ਹੋਰ ਤਰੀਕਿਆਂ ਨਾਲ ਵਰਤੋਂ ਬਾਰੇ ਗੱਲ ਕੀਤੀ। ਮਾਈਕ੍ਰੋਬਾਇਆਲੋਜੀ ਵਿਭਾਗ ਦੇ ਮੁਖੀ ਡਾ. ਜੀ ਐੱਸ ਕੋਚਰ ਨੇ ਪਰਾਲੀ ਦੀ ਸੰਭਾਲ ਲਈ ਡੀਕੰਪੋਜ਼ਰਾਂ ਦੀ ਭੂਮਿਕਾ ਬਾਰੇ ਵਿਸਥਾਰ ਨਾਲ ਦੱਸਿਆ।
ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University)
Summary in English: Management of stubble is a major crisis