Nili Ravi Milking Competition: ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ (Guru Angad Dev Veterinary and Animal Sciences University), ਲੁਧਿਆਣਾ ਵੱਲੋਂ 4 ਤੋਂ 6 ਅਪ੍ਰੈਲ ਦੌਰਾਨ ‘ਨੀਲੀ ਰਾਵੀ ਮੱਝਾਂ ਦਾ ਦੁੱਧ ਚੁਆਈ ਮੁਕਾਬਲਾ’ ਕਰਵਾਇਆ ਜਾ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਜੇਤੂਆਂ ਨੂੰ ਨਗਦ ਇਨਾਮ ਰਾਸ਼ੀ ਅਤੇ ਪ੍ਰਮਾਣ ਪੱਤਰ ਨਾਲ ਨਿਵਾਜਿਆ ਜਾਵੇਗਾ।
ਮੁਕਾਬਲੇ 'ਚ ਹਿੱਸਾ ਲੈਣ ਵਾਲੇ ਇਛੁੱਕ ਕਿਸਾਨਾਂ ਨੂੰ ਦੱਸ ਦੇਈਏ ਕਿ ਜਿਨ੍ਹਾਂ ਦੀਆਂ ਮੱਝਾਂ 15 ਕਿੱਲੋ ਤੋਂ ਵੱਧ ਦੁੱਧ ਪ੍ਰਤੀ ਦਿਨ ਉਤਪਾਦਨ ਕਰ ਰਹੀਆਂ ਹਨ, ਉਹ ਇਸ ਮੁਕਾਬਲੇ ਵਿਚ ਹਿੱਸਾ ਲੈ ਸਕਦੇ ਹਨ। ਇਸ ਮੁਕਾਬਲੇ ਦਾ ਮੁੱਖ ਮੰਤਵ ਵਧੇਰੇ ਦੁੱਧ ਦੇਣ ਵਾਲੀਆਂ ਨੀਲੀ ਰਾਵੀ ਮੱਝਾਂ ਦੀ ਪਛਾਣ ਕਰਨਾ ਅਤੇ ਅਜਿਹੇ ਕਿਸਾਨਾਂ ਨੂੰ ਉਤਸਾਹਿਤ ਕਰਨਾ ਹੈ।
ਇਸ ਉਤਪਾਦਨ ਸਮਰੱਥਾ ਵਾਲੀ ਪ੍ਰਤੀਭਾਗੀ ਹਰੇਕ ਮੱਝ ਦੇ ਮਾਲਕ ਕਿਸਾਨ ਨੂੰ 2100/- ਰੁਪਇਆ, ਮੁਫ਼ਤ ਚਾਰਾ, ਪਾਣੀ ਅਤੇ ਜ਼ਰੂਰੀ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ। ਜੇਤੂਆਂ ਨੂੰ ਨਗਦ ਇਨਾਮ ਰਾਸ਼ੀ ਅਤੇ ਪ੍ਰਮਾਣ ਪੱਤਰ ਨਾਲ ਨਿਵਾਜਿਆ ਜਾਵੇਗਾ।
ਇਹ ਵੀ ਪੜ੍ਹੋ : ਗਾਵਾਂ ਅਤੇ ਮੱਝਾਂ ਘੱਟ ਦੁੱਧ ਦੇ ਰਹੀਆਂ ਹਨ ਤਾਂ ਅਪਣਾਓ ਇਹ ਆਸਾਨ ਤਰੀਕੇ, ਫਿਰ ਦੇਖੋ ਕਮਾਲ
ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਕਿਹਾ ਕਿ ਪੰਜਾਬ ਸੂਬੇ ਦੇ ਕੁੱਲ ਦੁੱਧ ਉਤਪਾਦਨ ਦਾ ਤਕਰੀਬਨ 56 ਪ੍ਰਤੀਸ਼ਤ ਦੁੱਧ ਮੱਝਾਂ ਤੋਂ ਮਿਲਦਾ ਹੈ। ਉਨ੍ਹਾਂ ਇਸ ਗੱਲ ਦੀ ਖੁਸ਼ੀ ਪ੍ਰਗਟਾਈ ਕਿ ਯੂਨੀਵਰਸਿਟੀ ਵਿਖੇ ਇਹ ਮੁਕਾਬਲਾ ਆਯੋਜਿਤ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਅਜਿਹੇ ਉਪਰਾਲਿਆਂ ਨਾਲ ਪੰਜਾਬ ਰਾਜ ਨੂੰ ਮੱਝਾਂ ਦੇ ਮੋਹਰੀ ਰਾਜ ਵਜੋਂ ਸਥਾਪਿਤ ਕਰਨ ਵਿਚ ਬਹੁਤ ਸਹਿਯੋਗ ਮਿਲੇਗਾ। ਇਸ ਨਾਲ ਕਿਸਾਨਾਂ ਵਿਚ ਜਾਗਰੂਕਤਾ ਵੀ ਆਉਂਦੀ ਹੈ।
ਇਹ ਵੀ ਪੜ੍ਹੋ : ਨੀਲੀ ਰਾਵੀ ਮੱਝ ਤੋਂ ਜਾਣੋ ਕਿਹੜੇ-ਕਿਹੜੇ ਹੁੰਦੇ ਹਨ ਲਾਭ
ਡਾ. ਪਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਪਸਾਰ ਸਿੱਖਿਆ ਨੇ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਉਹ ਇਸ ਮੁਕਾਬਲੇ ਵਿਚ ਹਿੱਸਾ ਲੈਣ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਮੱਝਾਂ ਪਾਲਣ ਨੂੰ ਉਤਸਾਹਿਤ ਕਰਦੀ ਹੈ, ਕਿਉਂਕਿ ਮੱਝ ਸਾਡੇ ਇਸ ਖੇਤਰ ਦਾ ਜੱਦੀ ਪਸ਼ੂ ਹੈ ਅਤੇ ਇਸ ਦੇ ਦੁੱਧ ਵਿਚ ਚਿਕਨਾਈ ਦੀ ਮਾਤਰਾ ਵੀ ਕਾਫੀ ਹੁੰਦੀ ਹੈ।
ਇਸ ਤਰ੍ਹਾਂ ਦੇ ਮੁਕਾਬਲੇ ਜਿਥੇ ਕਿਸਾਨਾਂ ਨੂੰ ਵਧੀਆ ਨਸਲ ਰੱਖਣ ਲਈ ਪ੍ਰੇਰਦੇ ਹਨ ਉਥੇ ਇਕ ਆਮ ਉਪਭੋਗੀ ਨੂੰ ਵੀ ਪਸ਼ੂਆਂ ਦੀ ਨਸਲ ਅਤੇ ਉਨ੍ਹਾਂ ਦੇ ਉਤਪਾਦਾਂ ਦੀ ਗੁਣਵੱਤਾ ਤੇ ਸੁਰੱਖਿਆ ਬਾਰੇ ਪਤਾ ਲੱਗਦਾ ਹੈ।
ਵਧੇਰੇ ਜਾਣਕਾਰੀ ਲਈ ਇੱਥੇ ਕਰੋ ਸੰਪਰਕ
ਦੁੱਧ ਚੁਆਈ ਮੁਕਾਬਲੇ ਸੰਬੰਧੀ ਕਿਸੇ ਵੀ ਜਾਣਕਾਰੀ ਲਈ ਪਸ਼ੂ ਪਾਲਕ 0161-2553364 ਨੰਬਰ ’ਤੇ ਸੰਪਰਕ ਕਰ ਸਕਦੇ ਹਨ।
Summary in English: Milking Competition of Nili Ravi buffaloes from April 4, contact this number for more information