Mushroom Farming: ਪੀ.ਏ.ਯੂ. ਦੇ ਸਕਿੱਲ ਡਿਵੈਲਪਮੈਂਟ ਸੈਂਟਰ ਵੱਲੋਂ ਪੰਜਾਬ ਦੇ ਕਿਸਾਨਾਂ ਅਤੇ ਕਿਸਾਨ ਬੀਬੀਆਂ ਲਈ ਮਾਈਕਰੋਬਾਇਲੋਜੀ ਵਿਭਾਗ ਦੇ ਸਹਿਯੋਗ ਨਾਲ ਪੰਜ ਦਿਨਾਂ ਸਰਦ ਰੁੱਤ ਦੀਆਂ ਖੁੰਬਾਂ ਉਗਾਉਣ ਬਾਰੇ ਵਿਸ਼ੇਸ਼ ਸਿਖਲਾਈ ਕੋਰਸ ਲਗਾਇਆ ਗਿਆ। ਇਸ ਕੋਰਸ ਵਿਚ 32 ਸਿਖਿਆਰਥੀਆਂ ਨੇ ਭਾਗ ਲਿਆ।
ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਦੱਸਿਆ ਕਿ ਇਸ ਸਿਖਲਾਈ ਦੌਰਾਨ ਸਿਖਿਆਰਥੀਆਂ ਨੂੰ ਖੁੰਬਾਂ ਉਗਾਉਣ ਤੋਂ ਲੈ ਕੇ ਪ੍ਰੋਸੈਸਿੰਗ ਤੱਕ ਸਿਖਲਾਈ ਦਿੱਤੀ ਗਈ। ਇਸ ਦੇ ਮੰਡੀਕਰਨ ਅਤੇ ਬੈਂਕ ਵੱਲੋਂ ਕਰਜ਼ਾ ਸਹੂਲਤਾਂ ਬਾਰੇ ਵੀ ਚਾਨਣਾ ਪਾਇਆ ਗਿਆ।
ਡਾ. ਪ੍ਰੇਰਨਾ ਕਪਿਲਾ, ਕੋਰਸ ਕੋਆਰਡੀਨੇਟਰ ਨੇ ਇਸ ਕੋਰਸ ਬਾਰੇ ਦੱਸਦਿਆਂ ਕਿਹਾ ਕਿ ਪੰਜਾਬ ਵਿਚ ਬਹੁਤ ਕਿਸਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਸਿਖਲਾਈ ਲੈ ਕੇ ਖੁੰਬਾਂ ਦੀ ਖੇਤੀ ਕਰ ਰਹੇ ਹਨ ਜਿਸ ਤੋਂ ਉਹ ਚੰਗਾ ਮੁਨਾਫਾ ਕਮਾ ਰਹੇ ਹਨ ਕਿਉਂਕਿ ਇਹ ਧੰਦਾ ਘੱਟ ਪੈਸੇ ਨਾਲ ਸ਼ੁਰੂ ਕਰ ਸਕਦੇ ਹਾਂ ਅਤੇ ਚੰਗੇ ਪੈਸੇ ਕਮਾ ਸਕਦੇ ਹਾਂ।
ਇਸ ਕੋਰਸ ਦੇ ਕੋ-ਕੋਆਰਡੀਨੇਟਰ ਡਾ. ਲਵਲੀਸ਼ ਗਰਗ ਨੇ ਖੇਤੀ ਆਮਦਨ ਵਧਾਉਣ ਲਈ ਸਹਾਇਕ ਧੰਦੇ ਸ਼ੁਰੂ ਕਰਨ ਬਾਰੇ ਉਤਸ਼ਾਹਿਤ ਕੀਤਾ। ਇਸ ਕੋਰਸ ਦੇ ਤਕਨੀਕੀ ਮਾਹਿਰ ਡਾ. ਸ਼ਿਵਾਨੀ ਸ਼ਰਮਾ ਅਤੇ ਡਾ. ਜਸਪ੍ਰੀਤ ਕੌਰ ਨੇ ਦੱਸਿਆ ਕਿ ਸਿਖਿਆਰਥੀਆਂ ਨੂੰ ਪਰਾਲੀ ਵਾਲੀਆਂ ਖੁੰਬਾਂ, ਮਿਲਕੀ ਖੁੰਬਾਂ, ਢੀਂਗਰੀ ਅਤੇ ਸ਼ਿਟਾਕੀ ਉਗਾਉਣ ਬਾਰੇ ਪੂਰੀ ਜਾਣਕਾਰੀ ਦਿੱਤੀ ਗਈ।
ਇਹ ਵੀ ਪੜ੍ਹੋ : ਪਰਾਲੀ ਨਾਲ ਚੱਲਣ ਵਾਲੇ Biogas Plant Technology ਨੂੰ ਹੁਲਾਰਾ
ਇਸ ਮੌਕੇ ਡਾ. ਸੁਖਜੀਤ ਕੌਰ, ਡਾ. ਸੋਨੀਕਾ ਸ਼ਰਮਾ, ਡਾ. ਰਮਨਦੀਪ ਜੱਸਲ, ਡਾ. ਮਨਿੰਦਰ ਕੌਰ, ਡਾ. ਇੰਦਰਪਾਲ ਸਿੰਘ ਸੰਧੂ ਅਤੇ ਮੈਡਮ ਕੁਲਦੀਪ ਕੌਰ ਨੇ ਅਪਣੇ ਤਜਰਬੇ ਸਿਖਿਆਰਥੀਆਂ ਨਾਲ ਸਾਂਝੇ ਕੀਤੇ। ਡਾ. ਨਰਿੰਦਰ ਕਲਸੀ, ਨੋਡਲ ਅਫਸਰ (ਖੁੰਬਾਂ) ਨੇ ਖੁੰਬਾਂ ਦਾ ਧੰਦਾ ਸ਼ੁਰੂ ਕਰਨ ਲਈ ਸਬਸਿਡੀ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ‘ਤੇ ਡਾ. ਕੁਲਦੀਪ ਸਿੰਘ ਪੰਧੂ, ਮੁਖੀ, ਪਸਾਰ ਸਿੱਖਿਆ ਵਿਭਾਗ ਉਚੇਚੇ ਤੌਰ ‘ਤੇ ਸ਼ਾਮਿਲ ਹੋਏ।
ਉਹਨਾਂ ਨੇ ਸਿਖਿਆਰਥੀਆਂ ਨੂੰ ਖੁੰਬਾਂ ਦੀ ਪੈਦਾਵਾਰ ਦੇ ਨਾਲ-ਨਾਲ ਗੁਣਵੱਤਾ ਵਿੱਚ ਵਾਧਾ ਕਰਨ ਬਾਰੇ ਕਿਹਾ। ਅੰਤ ਵਿੱਚ ਮੈਡਮ ਕੰਵਲਜੀਤ ਕੌਰ ਨੇ ਆਏ ਹੋਏ ਮਾਹਿਰਾਂ ਅਤੇ ਸਿਖਿਆਰਥੀਆਂ ਦਾ ਧੰਨਵਾਦ ਕੀਤਾ ਅਤੇ ਇਸ ਕੋਰਸ ਤੋਂ ਪੂਰੀ ਜਾਣਕਾਰੀ ਲੈਣ ਉਪਰੰਤ ਇਹ ਤਕਨੀਕਾਂ ਆਪਣੇ ਕਿੱਤੇ ਵਿਚ ਅਪਣਾਉਣ ਦੀ ਅਪੀਲ ਕੀਤੀ।
ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University)
Summary in English: mushroom cultivation in winter