KVK Bathinda: ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਸਮੇਂ-ਸਮੇਂ 'ਤੇ ਕਿੱਤਾ ਮੁੱਖੀ ਸਿਖਲਾਈ ਕੋਰਸਾਂ ਦਾ ਆਯੋਜਨ ਕੀਤਾ ਜਾਂਦਾ ਹੈ। ਇਸ ਦਾ ਮਕਸਦ ਬੇਰੁਜ਼ਗਾਰੀ ਦੀ ਸਮੱਸਿਆ ਨੂੰ ਠੱਲ੍ਹ ਪਾਉਣਾ ਅਤੇ ਪਰਿਵਾਰ ਦੀ ਆਮਦਨ ਵਿੱਚ ਵਾਧਾ ਕਰਨਾ ਹੈ, ਤਾਂ ਜੋ ਵੱਧ ਤੋਂ ਵੱਧ ਲੋਕ ਆਤਮ-ਨਿਰਭਰ ਬਣ ਸਕਣ।
ਇਸੇ ਲੜੀ 'ਚ ਕੇ.ਵੀ.ਕੇ., ਬਠਿੰਡਾ ਵੱਲੋਂ ਮਿਤੀ 16.09.2024 ਤੋਂ 23.09.2024 ਤੱਕ ਖੁੰਬਾਂ ਦੀ ਸਿਖਲਾਈ ਸੰਬੰਧੀ ਕੋਰਸ ਲਗਾਇਆ ਗਿਆ। ਇਸ ਵਿੱਚ 50 ਸਿਖਿਆਰਥੀਆਂ ਨੇ ਭਾਗ ਲਿਆ।
ਪੀ.ਏ.ਯੂ-ਕ੍ਰਿਸ਼ੀ ਵਿਗਿਆਨ ਕੇਂਦਰ ਦੇ ਡਿਪਟੀ ਡਾਇਰੈਕਟਰ ਡਾ. ਗੁਰਦੀਪ ਸਿੰਘ ਸਿੱਧੂ ਨੇ ਸਿਖਲਾਈ ਦੌਰਾਨ ਆਪਣੇ ਸੰਬੋਧਨ ਵਿੱਚ ਇਸ ਸਿਖਲਾਈ ਨੂੰ ਕਿੱਤੇ ਦੇ ਤੌਰ ਤੇ ਅਪਨਾਉਣ ਲਈ ਪ੍ਰੇਰਿਤ ਕੀਤਾ ਤੇ ਕਿਹਾ ਕਿ ਇਸ ਕਿੱਤਾ-ਮੁੱਖੀ ਸਿਖਲਾਈ ਦਾ ਮਕਸਦ ਕਿਸਾਨ/ਨੌਜਵਾਨਾਂ ਨੂੰ ਆਪਣੇ ਪੈਰਾਂ ਤੇ ਖੜੇ ਹੋ ਸਕਣ ਅਤੇ ਘਰ ਦਾ ਆਮਦਨ ਵਧਾਉਣ ਵਿੱਚ ਬਣਦਾ ਯੋਗਦਾਨ ਪਾ ਸਕਣ ਅਤੇ ਚੰਗਾ ਤੇ ਚੌਖਾ ਮੁਨਾਫ਼ਾ ਕਮਾ ਸਕਣ।
ਇਸ ਟ੍ਰੇਨਿੰਗ ਦੌਰਾਨ ਡਾ. ਸਰਵਪ੍ਰਿਆ ਸਿੰਘ (ਫ਼ਲ ਵਿਗਿਆਨ) ਨੇ ਪੰਜਾਬ ਵਿੱਚ ਹੋਣ ਵਾਲੀਆਂ ਖੁੰਬਾਂ ਦੀ ਤਕਨੀਕੀ ਅਤੇ ਪ੍ਰਯੋਗੀ ਜਾਣਕਾਰੀ ਦਿੱਤੀ। ਜਿਸ ਵਿੱਚ ਢੀਂਗਰੀ ਖੁੰਬ, ਬਟਨ ਖੁੰਬ, ਪਰਾਲੀ ਖੁੰਬ, ਸਿਟਾਕੀ ਖੁੰਬ, ਮਿਲਕੀ ਖੁੰਬ ਬਾਰੇ ਚਾਨਣਾ ਪਾਇਆ ਤਾਂ ਜੋ ਹਰੇਕ ਸਿਖਿਆਰਥੀ ਹਰ ਪਹਿਲੂ ਤੋਂ ਜਾਣੂ ਹੋਵੇ ਜਿਵੇਂ ਕਿ ਕੰਪੋਸ਼ਟ ਬਣਾਉਣੀ, ਕੇਂਸਿੰਗ ਕਰਨੀ, ਸਪਾਨਿੰਗ ਕਰਨ ਦੀਆਂ ਵੱਖ-ਵੱਖ ਤਕਨੀਕਾਂ ਸੰਬੰਧੀ ਵਿਸਥਾਰ ਵਿੱਚ ਜਾਣਕਾਰੀ ਦਿੱਤੀ।
ਉਹਨਾਂ ਨੇ ਦੱਸਿਆ ਕਿ ਖੁੰਬਾਂ ਦੀ ਕਾਸ਼ਤ ਅਸੀਂ ਇੱਕ ਕਮਰੇ ਤੋਂ ਸੁਰੂ ਕਰ ਸਕਦੇ ਹਾਂ। ਜਿਸ ਕਰਕੇ ਪੇਂਡੂ ਅਤੇ ਸਹਿਰੀ ਲੋਕਾਂ ਲਈ ਇਸ ਦੀ ਕਾਸ਼ਤ ਇੱਕ ਰੁਜਗਾਰ ਦਾ ਸਾਧਨ ਬਣ ਸਕਦਾ ਹੈ। ਜੇਕਰ ਇਸ ਦੀ ਪੈਦਾਵਾਰ ਦੀ ਗੱਲ ਕਰੀਏ ਤਾਂ 10 ਕਿਲੋ ਕੰਪੋਸ਼ਟ ਜਾਂ ਇੱਕ ਵਰਗ ਮੀਟਰ ਵਿੱਚੋਂ 1-1.5 ਕਿਲੋ ਖੁੰਬ ਦੀ ਪੈਦਾਵਾਰ ਕੀਤੀ ਜਾ ਸਕਦੀ ਹੈ। ਇਸ ਦਾ ਭਾਵ ਇਹ ਹੈ ਕਿ ਇੱਕ ਲਿਫਾਫੇ ਵਿੱਚ 100-150 ਰੁਪਏ ਦੀ ਖੁੰਬ ਪੈਦਾ ਕੀਤੀ ਜਾ ਸਕਦੀ ਹੈ।
ਸਿਖਲਾਈ ਪ੍ਰੋਗਰਾਮ ਦੌਰਾਨ ਡਾ. ਜਸਵਿੰਦਰ ਕੌਰ ਬਰਾੜ ਨੇ ਖੁੰਬਾਂ ਦਾ ਆਚਾਰ ਬਣਾਉਣ ਦਾ ਤਰੀਕਾ ਦੱਸਿਆ। ਡਾ. ਵਿਨੈ ਸਿੰਘ ਪਠਾਣੀਆ ਨੇ ਖੁੰਬਾਂ ਦੇ ਕੀਟ ਪ੍ਰਬੰਧਨ ਬਾਰੇ ਜਾਣਕਾਰੀ ਸਾਂਝੀ ਕੀਤੀ। ਡਾ. ਰੀਨਾ ਗਰਗ (ਬਾਗਵਾਨੀ ਵਿਕਾਸ ਅਫਸਰ) ਨੇ ਮਹਿਕਮੇ ਦੀਆਂ ਵੱਖ-ਵੱਖ ਸਕੀਮਾਂ ਬਾਰੇ ਜਾਗਰੂਕ ਕੀਤਾ। ਡਾ. ਗੁਰਮੀਤ ਸਿੰਘ ਢਿੱਲੋਂ ਜੀ ਨੇ ਡੱਬਾਬੰਦੀ ਅਤੇ ਮੰਡੀਕਰਨ ਬਾਰੇ ਪ੍ਰੋਸਾਹਿਤ ਕੀਤਾ। ਇਸ ਕਿੱਤੇ ਸੰਬੰਧੀ ਜੇ ਕੋਈ ਸਿਖਿਆਰਥੀ ਖੁੰਬਾਂ ਦੀ ਟ੍ਰੇਨਿੰਗ ਲੈਣਾ ਚਾਹੁੰਦੇ ਹਨ ਉਹ ਕੇ.ਵੀ.ਕੇ., ਬਠਿੰਡਾ ਵਿਖੇ ਆਪਣਾ ਨਾਮ ਦਰਜ ਕਰਵਾ ਸਕਦੇ ਹਨ।
Summary in English: Mushroom Farming: Mushroom training course by KVK, Bathinda, start this business from one room.