Organic Farming: ਨੈਸ਼ਨਲ ਸੈਂਟਰ ਫਾਰ ਆਰਗੈਨਿਕ ਐਂਡ ਨੈਚੁਰਲ ਫਾਰਮਿੰਗ, ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ, ਭਾਰਤ ਸਰਕਾਰ, ਗਾਜ਼ੀਆਬਾਦ ਵੱਲੋਂ ਜੈਵਿਕ ਖੇਤੀ ਸਕੂਲ, ਪੰਜਾਬ ਐਗਰੀਕਲਚਰ ਦੇ ਸਹਿਯੋਗ ਨਾਲ ਜੈਵਿਕ ਖੇਤੀ ਬਾਰੇ ਪੰਜ ਦਿਨਾ ਰਿਹਾਇਸ਼ੀ ਸਿਖਲਾਈ ਪ੍ਰੋਗਰਾਮ ਦੀ ਪੀ.ਏ.ਯੂ. ਵਿਖੇ ਸਫਲਤਾਪੂਰਵਕ ਸਮਾਪਤੀ ਹੋਈ।
ਇਹ ਸਿਖਲਾਈ ਪ੍ਰੋਗਰਾਮ ਮਿਤੀ 30 ਦਸੰਬਰ, 2024 ਤੋਂ 3 ਜਨਵਰੀ, 2025 ਤੱਕ ਕਰਵਾਇਆ ਗਿਆ ਅਤੇ ਇਸ ਪ੍ਰੋਗਰਾਮ ਦਾ ਉਦੇਸ਼ ਖੇਤੀਬਾੜੀ ਅਤੇ ਬਾਗਬਾਨੀ ਗ੍ਰੈਜੂਏਟਾਂ ਨੂੰ ਸਥਿਰ ਖੇਤੀ ਤਕਨੀਕਾਂ ਅਤੇ ਜੈਵਿਕ ਤਰੀਕਿਆਂ ਦੀ ਸਿਧਾਂਤਕ ਅਤੇ ਵਿਹਾਰਕ ਸਿਖਲਾਈ ਪ੍ਰਦਾਨ ਕਰਨਾ ਸੀ।
ਇਸ ਸਿਖਲਾਈ ਵਿੱਚ ਨੈਸ਼ਨਲ ਸੈਂਟਰ ਫਾਰ ਆਰਗੈਨਿਕ ਐਂਡ ਨੈਚੁਰਲ ਫਾਰਮਿੰਗ,ਗਾਜ਼ੀਆਬਾਦ ਤੋਂ ਡਾ. ਐਸ. ਕੇ. ਵੈਦ ਤੋਂ ਇਲਾਵਾ ਡਾ. ਸੋਹਣ ਸਿੰਘ ਵਾਲੀਆ ਅਤੇ ਡਾ. ਰਮਨਦੀਪ ਸਿੰਘ ਸਮੇਤ, ਪੀ.ਏ.ਯੂ. ਲੁਧਿਆਣਾ ਦੇ ਉੱਘੇ ਫੈਕਲਟੀ ਮੈਂਬਰਾਂ ਦੇ ਨਾਲ-ਨਾਲ ਸਿਫਟ ਲੁਧਿਆਣਾ ਦੇ ਮਾਹਿਰ ਡਾ. ਰਾਹੁਲ ਕੁਮਾਰ ਸ਼ਾਮਲ ਸਨ। ਇਹਨਾਂ ਮਾਹਿਰਾਂ ਨੇ ਜੈਵਿਕ ਅਤੇ ਕੁਦਰਤੀ ਖੇਤੀ ਦੇ ਸਿਧਾਂਤ, ਪ੍ਰਮਾਣੀਕਰਣ ਦੇ ਢੰਗਾਂ, ਮੰਡੀਕਰਨ ਦੀਆਂ ਰਣਨੀਤੀਆਂ, ਅਤੇ ਵਿਹਾਰਕ ਪ੍ਰਦਰਸ਼ਨਾਂ ਸਮੇਤ ਵਿਭਿੰਨ ਵਿਸ਼ਿਆਂ ਉੱਪਰ ਵਿਚਾਰ ਵਟਾਂਦਰਾ ਕੀਤਾ। ਭਾਗੀਦਾਰਾਂ ਨੂੰ ਵਾਢੀ ਤੋਂ ਬਾਅਦ ਦੀਆਂ ਭੰਡਾਰਨ ਤਕਨੀਕਾਂ ਦੀ ਵਰਤੋਂ ਕਰਦੇ ਹੋਏ ਜੈਵਿਕ ਉਤਪਾਦਾਂ ਦੇ ਉੱਨਤ ਤਰੀਕਿਆਂ ਤੋਂ ਵੀ ਜਾਣੂ ਕਰਵਾਇਆ ਗਿਆ ਸੀ।
ਸਮਾਪਤੀ ਸਮਾਰੋਹ ਦੀ ਪ੍ਰਧਾਨਗੀ ਡਾ. ਮਾਨਵ ਇੰਦਰਾ ਸਿੰਘ ਗਿੱਲ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਨੇ ਸਿਖਿਆਰਥੀਆਂ ਦੀ ਸਰਗਰਮ ਭਾਗੀਦਾਰੀ ਲਈ ਸ਼ਲਾਘਾ ਕੀਤੀ ਅਤੇ ਉਹਨਾਂ ਨੂੰ ਸਮਕਾਲੀ ਖੇਤੀਬਾੜੀ ਚੁਣੌਤੀਆਂ ਨਾਲ ਨਜਿੱਠਣ ਲਈ ਜੈਵਿਕ ਖੇਤੀ ਨੂੰ ਅਪਣਾਉਣ ਲਈ ਉਤਸ਼ਾਹਿਤ ਕੀਤਾ। ਆਪਣੇ ਸੰਬੋਧਨ ਵਿੱਚ, ਉਨ੍ਹਾਂ ਨੇ ਵਾਤਾਵਰਣ ਚੁਣੌਤੀਆਂ ਦਾ ਮੁਕਾਬਲਾ ਕਰਕੇ ਸੁਰੱਖਿਅਤ, ਸਿਹਤਮੰਦ ਭੋਜਨ ਉਤਪਾਦਨ ਪ੍ਰਣਾਲੀ ਨੂੰ ਯਕੀਨੀ ਬਣਾਉਣ ਵਿੱਚ ਟਿਕਾਊ ਖੇਤੀ ਦੀ ਭੂਮਿਕਾ 'ਤੇ ਜ਼ੋਰ ਦਿੱਤਾ।
ਸਿਖਿਆਰਥੀਆਂ ਨੇ ਉੱਚ ਪੱਧਰੀ ਸਿਖਲਾਈ ਲਈ ਧੰਨਵਾਦ ਕਰਦਿਆਂ ਆਪਣੇ-ਆਪਣੇ ਖੇਤਰਾਂ ਵਿੱਚ ਜੈਵਿਕ ਖੇਤੀ ਅਭਿਆਸਾਂ ਨੂੰ ਲਾਗੂ ਕਰਨ ਲਈ ਆਪਣੀ ਵਚਨਬੱਧਤਾ ਸਾਂਝੀ ਕੀਤੀ। ਉਹਨਾਂ ਨੇ ਪ੍ਰੋਗਰਾਮ ਦੌਰਾਨ ਹਾਸਿਲ ਕੀਤੀ ਪਹੁੰਚ ਅਤੇ ਮਾਹਿਰਾਂ ਦੇ ਮਾਰਗਦਰਸ਼ਨ ਦੀ ਵੀ ਸ਼ਲਾਘਾ ਕੀਤੀ।
ਇਹ ਵੀ ਪੜ੍ਹੋ: Rabi Crops: ਕਣਕ ਅਤੇ ਹਾੜ੍ਹੀ ਦੀਆਂ ਹੋਰ ਫ਼ਸਲਾਂ ਵਿੱਚ ਸਰਵਪੱਖੀ ਖਾਦ ਪ੍ਰਬੰਧ ਅਤੇ ਖੇਤੀ ਮਸ਼ੀਨਰੀ ਦੀ ਸੰਭਾਲ ਬਾਰੇ ਜਾਣਕਾਰੀ ਮੁਹਈਆ
ਇਸ ਸਿਖਲਾਈ ਪ੍ਰੋਗਰਾਮ ਵਿੱਚ ਨੈਸ਼ਨਲ ਸੈਂਟਰ ਫਾਰ ਆਰਗੈਨਿਕ ਐਂਡ ਨੈਚੁਰਲ ਫਾਰਮਿੰਗ, ਗਾਜ਼ੀਆਬਾਦ ਅਤੇ ਪੀ.ਏ.ਯੂ. ਵਿਚਕਾਰ ਜਾਰੀ ਸਹਿਯੋਗ ਨੂੰ ਮਹੱਤਵਪੂਰਨ ਪੜਾਅ ਤੇ ਲਿਆਉਣ ਵਿੱਚ ਅਹਿਮ ਭੂਮਿਕਾ ਅਦਾ ਕੀਤੀ, ਜਿਸਦਾ ਉਦੇਸ਼ ਜੈਵਿਕ ਖੇਤੀ ਨੂੰ ਉਤਸ਼ਾਹਿਤ ਕਰਨਾ ਅਤੇ ਖੇਤੀ ਵਿੱਚ ਯੁਵਾ ਪੇਸ਼ੇਵਰਾਂ ਵਿੱਚ ਸਮਰੱਥਾ ਦਾ ਨਿਰਮਾਣ ਕਰਨਾ ਹੈ। ਅਜਿਹੀਆਂ ਪਹਿਲਕਦਮੀਆਂ ਭਾਰਤ ਵਿੱਚ ਸਥਿਰ ਅਤੇ ਵਾਤਾਵਰਣ ਪੱਖੀ ਖੇਤੀ ਤਰੀਕਿਆਂ ਨੂੰ ਉਤਸ਼ਾਹਿਤ ਕਰਨ ਲਈ ਮਹੱਤਵਪੂਰਨ ਹਨ।
Summary in English: Organic Farming: Theoretical and practical training in agricultural techniques and organic methods