KVK Sangrur: ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਸਮੇਂ-ਸਮੇਂ 'ਤੇ ਕਿੱਤਾ ਮੁੱਖੀ ਸਿਖਲਾਈ ਕੋਰਸਾਂ ਦਾ ਆਯੋਜਨ ਕੀਤਾ ਜਾਂਦਾ ਹੈ। ਇਸ ਦਾ ਮਕਸਦ ਬੇਰੁਜ਼ਗਾਰੀ ਦੀ ਸਮੱਸਿਆ ਨੂੰ ਠੱਲ੍ਹ ਪਾਉਣਾ ਅਤੇ ਪਰਿਵਾਰ ਦੀ ਆਮਦਨ ਵਿੱਚ ਵਾਧਾ ਕਰਨਾ ਹੈ, ਤਾਂ ਜੋ ਵੱਧ ਤੋਂ ਵੱਧ ਲੋਕ ਆਤਮ-ਨਿਰਭਰ ਬਣ ਸਕਣ।
ਇਸ ਲੜੀ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਵੱਲੋਂ ਝੋਨੇ ਦੀ ਮਸ਼ੀਨੀ ਲੁਆਈ ਨੂੰ ਪ੍ਰੋਤਸਾਹਿਤ ਕਰਨ ਲਈ ਖੇਤ ਦਿਵਸ ਦਾ ਆਯੋਜਨ ਕੀਤਾ ਗਿਆ।
ਤੁਹਾਨੂੰ ਦੱਸ ਦੇਈਏ ਕਿ ਪਿੰਡ ਬਾਲਦ ਕਲਾਂ ਦੇ ਅਗਾਂਹਵਧੂ ਕਿਸਾਨਾਂ ਸ. ਗੁਰਪ੍ਰੀਤ ਸਿੰਘ ਅਤੇ ਸ. ਰਾਜਵੀਰ ਸਿੰਘ ਦੇ ਫਾਰਮ ਉੱਤੇ ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਵੱਲੋਂ ਖੇਤ ਦਿਵਸ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਕਰੀਬ 40 ਕਿਸਾਨਾਂ ਨੇ ਭਾਗ ਲਿਆ। ਇਸ ਮੋਕੇ ਡਾ. ਮਨਦੀਪ ਸਿੰਘ, ਸਹਿਯੋਗੀ ਨਿਰਦੇਸ਼ਕ (ਸਿਖਲਾਈ), ਕੇ.ਵੀ.ਕੇ., ਸੰਗਰੂਰ ਨੇ ਝੋਨੇ ਦੀ ਮਸ਼ੀਨੀ ਲੁਆਈ ਨੂੰ ਅਪਨਾਉਣ ਵਾਲੇ ਕਿਸਾਨਾਂ ਦੀ ਸਰਾਹਨਾ ਕਰਦਿਆਂ ਝੋਨੇ ਦੀ ਮਸ਼ੀਨੀ ਲੁਆਈ ਦੇ ਫਾਇਦਿਆਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।
ਇਸ ਦੌਰਾਨ ਉਹਨਾਂ ਦੱਸਿਆ ਕਿ ਸੰਗਰੂਰ ਜ਼ਿਲ੍ਹੇ ਵਿੱਚ ਝੋਨੇ ਦੀ ਮਸ਼ੀਨੀ ਲੁਆਈ ਹੇਠ ਰਕਬਾ ਲਗਾਤਾਰ ਵਧ ਰਿਹਾ ਹੈ, ਕਿਉਂਕਿ ਮਸ਼ੀਨੀ ਲੁਆਈ ਨਾਲ ਲੇਬਰ ਤੇ ਨਿਰਭਰਤਾ ਘਟਦੀ ਹੈ ਅਤੇ ਝਾੜ ਵੀ ਆਮ ਲੁਆਈ ਦੇ ਮੁਕਾਬਲੇ ਜ਼ਿਆਦਾ ਨਿੱਕਲ ਆਉਂਦਾ ਹੈ। ਉਹਨਾਂ ਨੇ ਝੋਨੇ ਦੀ ਕੱਦੂ ਕਰਕੇ ਲੁਆਈ ਅਤੇ ਸਿੱਧੀ ਬਿਜਾਈ ਸੰਬੰਧੀ ਵੀ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਝੋਨੇ ਵਿੱਚ ਪਹਿਲੇ 15 ਦਿਨ ਲਗਾਤਾਰ ਪਾਣੀ ਖੜ੍ਹਾ ਰੱਖਣ ਤੋਂ ਬਾਅਦ ਅਗਲੇ ਪਾਣੀ ਖੇਤ ਨੂੰ ਸੁਕਾ-ਸੁਕਾ ਕੇ ਲਾਉਣ ਲਈ ਪ੍ਰੇਰਿਤ ਕੀਤਾ।
ਡਾ. ਸੁਨੀਲ ਕੁਮਾਰ, ਸਹਾਇਕ ਪ੍ਰੋਫੈਸਰ (ਖੇਤੀਬਾੜੀ ਇੰਜੀਨੀਅਰਿੰਗ) ਨੇ ਕਿਸਾਨਾਂ ਨੂੰ ਝੋਨੇ ਦੀ ਮਸ਼ੀਨੀ ਲੁਆਈ ਲਈ ਮੈਟ ਟਾਈਪ ਨਰਸਰੀ ਤਿਆਰ ਕਰਨ ਦੀ ਵਿਧੀ ਬਾਰੇ ਜਾਣਕਾਰੀ ਸਾਂਝੀ ਕੀਤੀ। ਉਹਨਾਂ ਨੇ ਮੈਟ ਟਾਈਪ ਨਰਸਰੀ ਦੀ ਬਿਜਾਈ ਲਈ ਟਰੈਕਟਰ ਨਾਲ ਚੱਲਣ ਵਾਲੇ ਨਰਸਰੀ ਸੀਡਰ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਝੋਨੇ ਦੀ ਮਸ਼ੀਨੀ ਲੁਆਈ ਲਈ ਮਕੈਨੀਕਲ ਟਰਾਂਸਪਲਾਂਟਰ ਮਸ਼ੀਨਾਂ ਅਤੇ ਇਹਨਾਂ ਦੀ ਸੁਯੋਗ ਵਰਤੋਂ ਸਬੰਧੀ ਵਿਚਾਰ ਵੀ ਸਾਂਝੇ ਕੀਤੇ।
ਇਹ ਵੀ ਪੜ੍ਹੋ : Krishi Vigyan Kendra ਬਠਿੰਡਾ ਵਿਖੇ Dairy Farming ਸੰਬੰਧੀ ਸਿਖਲਾਈ ਦਾ ਆਯੋਜਨ
ਡਾ. ਰੁਕਿੰਦਰ ਪ੍ਰੀਤ ਸਿੰਘ ਧਾਲੀਵਾਲ, ਸਹਾਇਕ ਪ੍ਰੋਫੈਸਰ (ਫ਼ਸਲ ਵਿਗਿਆਨ) ਨੇ ਝੋਨੇ ਅਤੇ ਮੱਕੀ ਵਿੱਚ ਨਦੀਨਾਂ ਦੀ ਰੋਕਥਾਮ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀਆਂ ਗਈਆਂ ਸਿਫਾਰਿਸ਼ਾਂ ਉੱਪਰ ਚਾਨਣਾ ਪਾਇਆ। ਉਨਾਂ ਕਿਸਾਨਾਂ ਨਾਲ ਝੋਨੇ ਵਿੱਚ ਖਾਦ ਅਤੇ ਸਿੰਚਾਈ ਪ੍ਰਬੰਧਨ ਬਾਰੇ ਵੀ ਵਿਚਾਰ ਸਾਂਝੇ ਕੀਤੇ।
ਇਸ ਤੋਂ ਬਾਅਦ ਝੋਨੇ ਦੀ ਮਸ਼ੀਨੀ ਲੁਆਈ ਕਰਨ ਵਾਲੇ ਕਿਸਾਨਾਂ ਦੇ ਵਿਚਾਰ ਸੁਣੇ ਗਏ ਅਤੇ ਉਨ੍ਹਾਂ ਨੂੰ ਲੁਆਈ ਦੌਰਾਨ ਦਰਪੇਸ਼ ਆਈਆਂ ਸਮੱਸਿਆਵਾਂ ਦੇ ਹੱਲ ਸੁਝਾਏ ਗਏ। ਅਖੀਰ ਵਿੱਚ ਇਸ ਪ੍ਰੋਗਰਾਮ ਵਿੱਚ ਪਹੁੰਚੇ ਸਾਰੇ ਕਿਸਾਨਾਂ ਦਾ ਧੰਨਵਾਦ ਕੀਤਾ ਗਿਆ ਅਤੇ ਖੇਤੀ ਸਾਹਿਤ ਵੀ ਵੰਡਿਆ ਗਿਆ।
Summary in English: Organized Farm Day at the farm of Progressive Farmers Gurpreet Singh and Rajveer Singh of village Balad Kalan of Sangrur