Flood Affected Farmers: ਹੜ੍ਹ ਪੀੜਤ ਕਿਸਾਨਾਂ ਦੀ ਮਦਦ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਪਟਿਆਲਾ ਵੱਲੋਂ ਸੀਡ ਫਾਰਮ, ਨਾਭਾ ਵਿਖੇ ਬੀਤੇ ਦਿਨੀਂ ਇਕ ਰੋਜ਼ਾ ਖੇਤ ਦਿਵਸ ਦਾ ਆਯੋਜਨ ਕੀਤਾ ਗਿਆ।
ਇਸ ਖੇਤ ਦਿਵਸ ਦਾ ਉਦਘਾਟਨ ਸ. ਗੁਰਮੀਤ ਸਿੰਘ ਖੁੱਡੀਆਂ, ਮਾਨਯੋਗ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ, ਪੰਜਾਬ ਨੇ ਕੀਤਾ, ਜਦੋਂਕਿ ਸਮਾਗਮ ਦੀ ਪ੍ਰਧਾਨਗੀ ਡਾ. ਸਤਿਬੀਰ ਸਿੰਘ ਗੋਸਲ, ਵਾਈਸ ਚਾਂਸਲਰ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਨੇ ਕੀਤੀ। ਇਸ ਖੇਤ ਦਿਵਸ ਵਿਚ ਸ. ਗੁਰਦੇਵ ਸਿੰਘ ਮਾਨ, ਐਮ.ਐਲ.ਏ., ਨਾਭਾ ਨੇ ਬਤੌਰ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰੀ ਭਰੀ।
ਇਸ ਮੌਕੇ ਸ. ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਭਾਵੇਂ ਪੰਜਾਬ ਦੇ ਕਿਸਾਨਾਂ ਨੂੰ ਇਸ ਸਾਲ ਕੁਦਰਤ ਦੀ ਕਰੋਪੀ ਦਾ ਸ਼ਿਕਾਰ ਹੋਣਾ ਪਿਆ ਹੈ, ਪਰ ਉਹਨਾਂ ਨੇ ਇਕ ਦੂਜੇ ਦੀ ਭਾਈਵਾਲਤਾ ਨਾਲ ਦੁੱਗਣੀ ਮਿਹਨਤ ਕਰਕੇ ਇਸ ਦਾ ਬਹਾਦਰੀ ਨਾਲ ਟਾਕਰਾ ਕੀਤਾ ਹੈ। ਉਹਨਾਂ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਹੜ੍ਹ ਪੀੜਤ ਕਿਸਾਨਾਂ ਦੀ ਮਦਦ ਲਈ ਕੀਤੀਆਂ ਕੋਸ਼ਿਸ਼ਾਂ ਦੀ ਵੀ ਭਰਪੂਰ ਸ਼ਲਾਘਾ ਕੀਤੀ। ਮੰਤਰੀ ਸਾਹਿਬ ਨੇ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਕਿਸਾਨ ਭਲਾਈ ਦੇ ਉਪਰਾਲਿਆਂ ਬਾਰੇ ਵੀ ਚਾਨਣਾ ਪਾਇਆ।
ਡਾ. ਸਤਿਬੀਰ ਸਿੰਘ ਗੋਸਲ ਨੇ ਇਸ ਖੇਤ ਦਿਵਸ ਵਿਚ ਆਏ ਕਿਸਾਨਾਂ ਨੂੰ ਦੱਸਿਆ ਕਿ ਹੜ੍ਹਾਂ ਅਤੇ ਬਾਰਿਸ਼ਾਂ ਕਰਕੇ ਝੋਨੇ ਦੀ ਦੁਬਾਰਾ ਲਵਾਈ ਲਈ ਕਿਸਾਨਾਂ ਵੱਲੋਂ ਬੀਜੀ ਜਾ ਰਹੀ ਝੋਨੇ ਦੀ ਪੀ.ਆਰ. 126 ਕਿਸਮ ਦੇਰੀ ਨਾਲ ਲਵਾਈ ਦੇ ਬਾਵਜੂਦ ਚੰਗਾ ਝਾੜ ਦੇਣ ਦੇ ਵਿਚ ਸਮਰੱਥ ਹੈ। ਉਹਨਾਂ ਨੇ ਇਸ ਗੱਲ ਤੇ ਵੀ ਜ਼ੋਰ ਪਾਇਆ ਕਿ ਯੂਨੀਵਰਸਿਟੀ ਹਮੇਸ਼ਾ ਕਿਸਾਨਾਂ ਦੇ ਨਾਲ ਖੜੀ ਹੈ ਅਤੇ ਉਹਨਾਂ ਦੀ ਹਿਮਾਇਤ ਲਈ ਕੰਮ ਕਰਦੀ ਰਹੇਗੀ।
ਇਹ ਵੀ ਪੜ੍ਹੋ: ਇਥੋਂ ਲਓ PR-126 ਅਤੇ Pusa Basmati-1509 ਦੀ ਮੁਫਤ ਪਨੀਰੀ
ਡਾ. ਗੁਰਮੀਤ ਸਿੰਘ ਬੁੱਟਰ, ਨਿਰਦੇਸ਼ਕ ਪਸਾਰ ਸਿਖਿਆ, ਪੀ.ਏ.ਯੂ., ਲੁਧਿਆਣਾ ਨੇ ਦੱਸਿਆ ਕਿ ਹੜ੍ਹ ਪੀੜਤ ਕਿਸਾਨਾਂ ਦੀ ਮਦਦ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਆਪਣੇ ਖੋਜ ਕੇਂਦਰਾਂ, ਬੀਜ ਫਾਰਮਾਂ ਅਤੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਵਿਖੇ ਝੋਨੇ ਅਤੇ ਬਾਸਮਤੀ ਦੀ ਪਨੀਰੀ ਤਿਆਰ ਕਰਕੇ ਕਿਸਾਨਾਂ ਤੱਕ ਪਹੁੰਚਾ ਰਹੀ ਹੈ।
ਡਾ. ਅਜਮੇਰ ਸਿੰਘ ਢੱਟ, ਨਿਰਦੇਸ਼ਕ ਖੋਜ, ਪੀ.ਏ.ਯੂ., ਲੁਧਿਆਣਾ ਨੇ ਵੀ ਆਏ ਹੋਏ ਕਿਸਾਨਾਂ ਨੂੰ ਯੂਨੀਵਰਸਿਟੀ ਦੀਆਂ ਨਿਵੇਕਲੀਆਂ ਖੋਜਾਂ ਨੂੰ ਅਪਣਾ ਕੇ ਖੇਤੀਬਾੜੀ ਨੂੰ ਹੋਰ ਲਾਹੇਵੰਦ ਬਣਾਉਣ ਦੀ ਅਪੀਲ ਕੀਤੀ। ਇਸ ਖੇਤ ਦਿਵਸ ਵਿਚ ਸ੍ਰੀ ਤਰਸੇਮ ਚੰਦ, ਐਸ.ਡੀ.ਐਮ., ਨਾਭਾ, ਡਾ. ਗੁਰਨਾਮ ਸਿੰਘ, ਮੁੱਖ ਖੇਤੀਬਾੜੀ ਅਫਸਰ, ਪਟਿਆਲਾ, ਡਾ. ਗੁਰਚਰਨ ਸਿੰਘ, ਡਿਪਟੀ ਡਾਇਰੈਕਟਰ, ਪਟਿਆਲਾ ਅਤੇ ਡਾ. ਰਜਿੰਦਰ ਸਿੰਘ, ਸਹਿਯੋਗੀ ਨਿਰਦੇਸ਼ਕ (ਬੀਜ ), ਪੀ.ਏ.ਯੂ., ਲੁਧਿਆਣਾ ਨੇ ਵੀ ਭਾਗ ਲਿਆ। ਇਸ ਸਮਾਗਮ ਦੌਰਾਨ ਸ੍ਰੀ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਹੜ੍ਹ ਪੀੜਤ ਕਿਸਾਨਾਂ ਨੂੰ ਯੂਨੀਵਰਸਿਟੀ ਵੱਲੋਂ ਤਿਆਰ ਕੀਤੀ ਝੋਨੇ ਅਤੇ ਬਾਸਮਤੀ ਦੀ ਪਨੀਰੀ ਵੀ ਵੰਡੀ ਗਈ।
ਅੰਤ ਵਿਚ ਡਾ. ਗੁਰਉਪਦੇਸ਼ ਕੌਰ, ਇੰਚਾਰਜ, ਕ੍ਰਿਸ਼ੀ ਵਿਗਿਆਨ ਕੇਂਦਰ, ਪਟਿਆਲਾ ਅਤੇ ਡਾ. ਗੁਰਪ੍ਰੀਤ ਕੌਰ, ਜ਼ਿਲ੍ਹਾ ਪਸਾਰ ਮਾਹਿਰ ਵੱਲੋਂ ਆਏ ਹੋਏ ਪਤਵੰਤੇ ਸੱਜਣਾਂ ਅਤੇ ਕਿਸਾਨਾਂ ਦਾ ਧੰਨਵਾਦ ਕੀਤਾ ਗਿਆ।
ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University)
Summary in English: Paddy and Basmati seedling is being delivered to the flood affected farmers