Paddy Cultivation: ਧਰਤੀ ਹੇਠਲੇ ਪਾਣੀ ਉੱਪਰ ਨਿਰਭਰਤਾ ਘਟਾਉਣ ਲਈ ਝੋਨੇ ਦੀ ਲੁਆਈ ਮੌਨਸੂਨ ਦੀ ਸ਼ੁਰੂਆਤ ਦੇ ਨੇੜੇ ਕਰਨਾ ਪਾਣੀ ਬਚਾਉਣ ਦੀ ਨੀਤੀ ਦਾ ਇੱਕ ਮਹੱਤਵਪੂਰਣ ਹਿੱਸਾ ਹੈ। ਇਸ ਦੇ ਮੱਦੇਨਜ਼ਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਨੇ ਪਿਛਲੇ 11 ਸਾਲਾਂ ਦੌਰਾਨ ਝੋਨੇ ਦੀਆਂ 11 ਕਿਸਮਾਂ ਕਾਸ਼ਤ ਲਈ ਸਿਫਾਰਸ਼ ਕੀਤੀਆਂ ਹਨ, ਜੋ ਕਿ ਪਿਛੇਤੀ ਲੁਆਈ ਵਿੱਚ ਜਿਆਦਾ ਝਾੜ ਦਿੰਦੀਆਂ ਹਨ। ਇਹ ਕਿਸਮਾਂ ਪੰਜਾਬ ਵਿੱਚ 70 ਪ੍ਰਤੀਸ਼ਤ ਤੋਂ ਵੱਧ ਰਕਬੇ ਉੱਪਰ ਲਗਾਈਆਂ ਜਾਂਦੀਆਂ ਹਨ।
ਪਿਛਲੇ ਸਾਲਾਂ ਦੌਰਾਨ ਕੀਤੇ ਖੋਜ ਤਜਰਬਿਆਂ ਦੇ ਅੰਕੜੇੇ ਦਰਸਾਉਦੇ ਹਨ ਕਿ ਵਧੇਰੇ ਝਾੜ ਲਈ ਪੀ ਆਰ ਕਿਸਮਾਂ ਦੀ ਲੁਆਈ 25 ਜੂਨ ਦੇ ਨਜ਼ਦੀਕ ਜਿਆਦਾ ਲਾਹੇਵੰਦ ਹੈ ਸਗੋਂ ਪੀ ਆਰ 126 ਜੁਲਾਈ ਮਹੀਨੇ ਵਿੱਚ ਲੁਆਈ ਦੇ ਤਹਿਤ ਬਿਹਤਰ ਪ੍ਰਦਰਸਨ ਕਰਦੀ ਹੈ। ਇਨ੍ਹਾਂ ਕਿਸਮਾਂ ਦੀ ਅਗੇਤੀ ਲੁਆਈ ਕਰਨ ਨਾਲ ਬੂਰ ਪੈਣ ਸਮੇਂ ਉੱਚ ਤਾਪਮਾਨ ਕਰਕੇ ਮੁੰਜਰਾਂ ਵਿੱਚ ਫੋਕ ਵੱਧ ਜਾਂਦੀ ਹੈ ਅਤੇ ਦਾਣੇ ਹਲਕੇ ਰਹਿ ਜਾਂਦੇ ਹਨ ਜੋ ਕਿ ਝਾੜ ਘਟਣ ਦਾ ਕਾਰਨ ਬਣਦੇ ਹਨ।
ਝੋਨੇ ਦੀ ਲੁਆਈ ਅਗੇਤੀ ਸ਼ੁਰੂ ਹੋਣ ਕਰਕੇ ਕੀੜੇ-ਮਕੌੜਿਆਂ ਦੀਆਂ ਜ਼ਿਆਦਾ ਪੀੜ੍ਹੀਆਂ ਬਣਦੀਆਂ ਹਨ। ਇਹ ਸਥਿਤੀ ਪੀ.ਏ.ਯੂ., ਲੁਧਿਆਣਾ ਵਿਖੇ ਕਰਵਾਏ ਗਏ ਵੱਖ ਵੱਖ ਅਧਿਐਨਾਂ ਵਿਚ ਝੋਨੇ ਦੀਆਂ ਗੋਭ ਦੀਆਂ ਸੁੰਡੀਆਂ (ਪੀਲੀ, ਚਿੱਟੀ ਅਤੇ ਗੁਲਾਬੀ) ਲਈ ਦੇਖੀ ਗਈ ਹੈ। ਗੋਭ ਦੀਆਂ ਸੁੰਡੀਆਂ ਅਤੇ ਭੂਰੇ ਟਿੱਡਿਆਂ ਦੀ ਜਿਆਦਾ ਅਬਾਦੀ ਬਾਸਮਤੀ ਦੀ ਫ਼ਸਲ ਲਈ ਗੰਭੀਰ ਖਤਰਾ ਪੈਦਾ ਕਰੇਗੀ ਕਿਉਕਿ ਇਹਨਾਂ ਦੀ ਰੋਕਥਾਮ ਲਈ ਕੀਟਨਾਸਕਾਂ ਦੀ ਪਿਛੇਤੀ ਵਰਤੋਂ ਕਰਕੇ ਕੀਟਨਾਸ਼ਕਾਂ ਦੀ ਰਹਿੰਦ ਖੂੰਹਦ ਦੀਆਂ ਸੀਮਾਵਾਂ ਕਾਰਨ ਬਾਸਮਤੀ ਚਾਵਲ ਦੀ ਬਰਾਮਦ ਨੂੰ ਕਮਜੋਰ ਕਰਨ ਨਾਲ ਕਿਸਾਨੀ ਨੂੰ ਨੁਕਸਾਨ ਹੋ ਸਕਦਾ। ਝੋਨੇ ਦੀ ਫਸਲ ’ਤੇ ਕੀੜੇ ਦਾ ਵਾਧਾ ਆਉਣ ਵਾਲੀ ਕਣਕ ਦੀ ਫ਼ਸਲ ਲਈ ਵੀ ਖਤਰਾ ਸਾਬਤ ਹੋ ਸਕਦਾ ਹੈ ਜਿਵੇਂ ਕਿ ਸਾਲ 2019 ਦੌਰਾਨ ਝੋਨੇ ਦੀ ਫ਼ਸਲ ਤੋਂ ਬਾਅਦ ਗੁਲਾਬੀ ਸੁੰਡੀ ਦੇ ਮਾਮਲੇ ਵਿੱਚ ਹੋਇਆ ਸੀ। ਇਸ ਤੋਂ ਇਲਾਵਾ ਅਗੇਤੀ ਲੁਆਈ ਵਾਲੇ ਝੋਨੇ ਵਿੱਚ ਝੋਨੇ ਦੀ ਝੂਠੀ ਕਾਂਗਿਆਰੀ ਅਤੇ ਤਣ੍ਹੇ ਦੁਆਲੇ ਪੱਤੇ ਦੇ ਝੁਲਸ ਰੋਗ ਦਾ ਹਮਲਾ ਵੀ ਵਧੇਰੇ ਹੁੰਦਾ ਹੈ।
ਸਾਉਣੀ 2022 ਦੌਰਾਨ ਦੱਖਣੀ ਬਲੈਕ ਸਟ੍ਰੀਕਡ ਬੌਣਾ ਵਾਇਰਸ ਦਾ ਹਮਲਾ ਹੋਇਆ। ਹਾਲਾਂਕਿ, 2023 ਦੌਰਾਨ ਇਸ ਵਾਇਰਸ ਦੀ ਇੱਕ ਵੀ ਰਿਪੋਰਟ ਨਹੀਂ ਆਈ ਪਰ ਫਿਰ ਵੀ ਸਾਨੂੰ ਇਸ ਬਾਰੇ ਬਹੁਤ ਚੌਕਸ ਰਹਿਣਾ ਹੋਵੇਗਾ। ਕਿਸਾਨਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਇਸ ਬਿਮਾਰੀ ਨੂੰ ਫੈਲਾਉਣ ਵਾਲੇ ਪੌਦਿਆਂ ਦੇ ਟਿੱਡੇ (ਚਿੱਟੀ ਪਿੱਠ ਵਾਲੇ ਟਿੱਡੇ) ਦੀ ਜਾਂਚ ਕਰਨ ਲਈ ਪਨੀਰੀ ਦੀ ਬਿਜਾਈ ਤੋਂ ਹੀ ਖੇਤਾਂ ਦਾ ਸਰਵੇਖਣ ਕਰਦੇ ਰਹਿਣ। ਕੀੜਿਆਂ ਦੀ ਨਿਗਰਾਨੀ ਲਈ, ਪਨੀਰੀ/ਫਸਲ ਦੇ ਨੇੜੇ ਇੱਕ ਬਲਬ ਜਗਾਓ ਕਿਉਂਕਿ ਰਾਤ ਵੇਲੇ ਇਹ ਕੀੜੇ ਰੋਸ਼ਨੀ ਵੱਲ ਆਕਰਸ਼ਿਤ ਹੁੰਦੇ ਹਨ। ਪੌਦਿਆਂ ਉੱਤੇ ਟਿੱਡੇ ਦਿਖਾਈ ਦੇਣ ’ਤੇ, ਚਿੱਟੀ ਪਿੱਠ ਵਾਲੇ ਟਿੱਡੇ ਦੀ ਰੋਕਥਾਮ ਲਈ ਸਿਫਾਰਿਸ਼ ਅਨੁਸਾਰ ਕੀਟਨਾਸ਼ਕਾਂ ਦਾ ਛਿੜਕਾਅ ਕਰੋ|ਸਾਲ 2022 ਦੌਰਾਨ ਇਹ ਦੇਖਿਆ ਗਿਆ ਸੀ ਕਿ ਪਿਛੇਤੇ ਝੋਨੇ ਵਿੱਚ ਵਿੱਚ ਵਾਇਰਲ ਬਿਮਾਰੀ ਬਹੁਤ ਘੱਟ ਸੀ। ਇਸ ਲਈ ਅਗੇਤੀ ਲੁਆਈ (20-25 ਜੂਨ ਤੋਂ ਪਹਿਲਾਂ) ਨਾ ਕਰੋ।
ਇਹ ਵੀ ਪੜ੍ਹੋ : Karnal Bunt: ਅਗਲੇ ਸਾਲ ਲਈ ਕਣਕ ਦਾ ਕਰਨਾਲ ਬੰਟ ਮੁਕਤ ਬੀਜ ਚੁਣੋ, ਇੱਥੇ ਜਾਣੋ ਬਿਮਾਰੀ ਅਤੇ ਬੀਜ ਦੀ ਪਰਖ ਦਾ ਤਰੀਕਾ
ਉਪਰੋਕਤ ਮੁੱਦਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ, ਕਿਸਾਨ ਵੀਰਾਂ ਨੂੰ ਸਲਾਹ ਹੈ ਕਿ ਉਹ ਸਾਰੀਆਂ ਕਿਸਮਾਂ ਦੀ 30-35 ਦਿਨਾਂ ਦੀ ਪਨੀਰੀ ਦੀ ਲੁਆਈ 20 ਜੂਨ ਤੋ ਬਾਅਦ ਕਰਨ ਜਦ ਕਿ ਪੀ ਆਰ 126 ਦੀ 25-30 ਦਿਨਾਂ ਦੀ ਪਨੀਰੀ ਦੀ ਲੁਆਈ 25 ਜੂਨ ਤੋ 15 ਜੁਲਾਈ ਦਰਮਿਆਨ ਕਰਨ।
ਇਹਨਾਂ ਕਿਸਮਾਂ ਤੋਂ ਵਧੀਆ ਝਾੜ ਲੈਣ ਲਈ ਪ੍ਰਤੀ ਏਕੜ 90 ਕਿਲੋਗ੍ਰਾਮ ਯੂਰੀਆ ਅਤੇ 25 ਕਿਲੋਗ੍ਰਾਮ ਜ਼ਿੰਕ ਸਲਫੇਟ (21%) ਜਾਂ 16.5 ਕਿਲੋਗ੍ਰਾਮ ਜ਼ਿੰਕ ਸਲਫੇਟ (33%) ਦੀ ਸਿਫ਼ਾਰਿਸ਼ ਹੈ। ਬੇਲੋੜੀਆਂ ਅਤੇ ਬੇ-ਵਕਤੀ ਖਾਦਾਂ ਦੀ ਵਰਤੋਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University)
Summary in English: PAU Experts appeal to plant paddy after June 20, said - avoid using unnecessary and untimely fertilizers