PAU Flower Show 2023: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿਖੇ ਡਾ. ਮਹਿੰਦਰ ਸਿੰਘ ਰੰਧਾਵਾ ਡਾਇਮੰਡ ਜੁਬਲੀ ਫਲਾਵਰ ਸ਼ੋਅ ਅਤੇ ਪ੍ਰਤੀਯੋਗਤਾ ਦੇ ਦੂਜੇ ਦਿਨ ਵੀ ਵੱਡੀ ਗਿਣਤੀ ਕੁਦਰਤੀ ਪ੍ਰੇਮੀਆਂ ਅਤੇ ਸ਼ਹਿਰ ਵਾਸੀਆਂ ਨੇ ਸ਼ਿਰਕਤ ਕੀਤੀ।
ਇਸ ਮੌਕੇ ਇਨਾਮ ਵੰਡ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਡਾ. ਆਰ ਕੇ ਧਾਲੀਵਾਲ, ਡੀਨ ਖੇਤੀਬਾੜੀ ਕਾਲਜ ਨੇ ਕਿਹਾ ਕਿ ਰੰਗ ਬਿਰੰਗੇ ਫੁੱਲ ਕੁਦਰਤ ਦੀ ਅਨਮੋਲ ਦੇਣ ਹਨ ਜੋ ਸਾਡੀ ਜ਼ਿੰਦਗੀ ਨੂੰ ਸੁਹਜਤਾਮਕ, ਅਨੰਦਮਈ ਅਤੇ ਖੇੜਿਆਂ ਭਰਪੂਰ ਬਨਾਉਂਦੇ ਹਨ। ਫੁੱਲਾਂ ਦੀ ਵਪਾਰਕ ਪੱਧਰ ਤੇ ਖੇਤੀ ਕਰਨ ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਦੀ ਅਰਥ ਵਿਵਸਥਾ ਨੂੰ ਹੁਲਾਰਾ ਦੇਣ ਵਿੱਚ ਇਹ ਉੱਦਮ ਨਿਸ਼ਚਤ ਤੌਰ ਤੇ ਸਾਡੇ ਲਈ ਲਾਭਕਾਰੀ ਸਿੱਧ ਹੋਵੇਗਾ।
ਇਸ ਮੌਕੇ ਡਾ. ਪਰਮਿੰਦਰ ਸਿੰਘ ਮੁੱਖੀ ਫਲੋਰੀਕਲਚਰ ਅਤੇ ਲੈਂਡਸਕੇਪਿੰਗ ਵਿਭਾਗ ਨੇ ਕਿਹਾ ਕਿ ਫੁੱਲਾਂ ਦੀ ਖੇਤੀ ਨਾਲ ਖੇਤੀ ਦੀ ਵੰਨ-ਸੁਵੰਨਤਾ ਅਤੇ ਕੁਦਰਤੀ ਸੋਮਿਆਂ ਦੀ ਸੰਭਾਲ ਹੋ ਸਕੇਗੀ। ਉਨ੍ਹਾਂ ਕਿਹਾ ਕਿ ਫੁੱਲਾਂ ਦੀ ਅਜੋਕੇ ਸਮੇਂ ਦੌਰਾਨ ਧਾਰਮਿਕ ਸਥਾਨਾਂ, ਮੈਰਿਜ ਪੈਲੇਸਾਂ, ਕਾਰਾਂ, ਘਰਾਂ ਅਤੇ ਬਾਗ-ਬਗੀਚਿਆਂ ਨੂੰ ਸਜਾਉਣ ਲਈ ਵੱਡੇ ਪੱਧਰ ਤੇ ਵਰਤੋਂ ਹੋ ਰਹੀ ਹੈ ਜਿਸ ਕਰਕੇ ਫੁੱਲਾਂ ਦੀ ਮੰਗ ਦਿਨ ਪ੍ਰਤੀਦਿਨ ਵਧਦੀ ਜਾ ਰਹੀ ਹੈ ਜਿਸਦਾ ਸਾਡੇ ਕਿਸਾਨਾਂ ਨੂੰ ਜ਼ਰੂਰ ਲਾਹਾ ਲੈਣਾ ਚਾਹੀਦਾ ਹੈ।
ਇਹ ਵੀ ਪੜ੍ਹੋ : Punjab ਦੇ ਕਿਸਾਨਾਂ ਲਈ ਇਹ ਫਸਲਾਂ ਲਾਹੇਵੰਦ, PAU ਉਤਪਾਦਨ ਦੇ ਨਾਲ ਗੁਣਵੱਤਾ ਵੱਲ ਦੇ ਰਹੀ ਹੈ ਜ਼ੋਰ
ਇਸ ਮੌਕੇ ਫੁੱਲਾਂ ਦੀ ਸਦਾਬਹਾਰ ਮੈਲੋ ਯੈਲੋ, ਸ਼ਾਨ ਏ ਪੰਜਾਬ ਆਦਿ ਉਦੇਸ਼ਾਂ ਦੇ ਤਹਿਤ ਖੂਬਸੂਰਤ ਸਜਾਵਟ ਕੀਤੀ ਗਈ, ਜੋ ਪ੍ਰਤੀਯੋਗੀਆਂ ਦੇ ਕੁਦਰਤ ਪ੍ਰਤੀ ਅਥਾਹ ਪਿਆਰ ਅਤੇ ਸੁਹਜਤਾਮਕ ਰੁਚੀ ਦਾ ਦਿਲਕਸ਼ ਨਜ਼ਾਰਾ ਪੇਸ਼ ਕਰ ਰਹੀ ਸੀ।
ਇਸ ਪ੍ਰਤੀਯੋਗਤਾ ਵਿੱਚ ਬਹੁਤੇ ਇਨਾਮ ਬੀ ਸੀ ਐੱਸ ਆਰੀਆ ਮਾਡਲ ਸੀਨੀਅਰ ਸੈਕੰਡਰੀ ਸਕੂਲ, ਸਾਸ਼ਤਰੀ ਨਗਰ, ਲੁਧਿਆਣਾ; ਡੀ ਏ ਵੀ ਪਬਲਿਕ ਸਕੂਲ, ਭਾਈ ਰਣਜੀਤ ਸਿੰਘ ਨਗਰ ਅਤੇ ਪੱਖੋਵਾਲ ਰੋਡ; ਮਾਤਾ ਪ੍ਰਸਾਦ ਐੱਸ ਪੀ ਐੱਮ ਸਕੂਲ ਲੁਧਿਆਣਾ; ਪੁਲਿਸ ਡੀਏਵੀ ਸਕੂਲ ਲੁਧਿਆਣਾ; ਐੱਸਕੇਐੱਮ ਸਕੂਲ ਲੁਧਿਆਣਾ; ਦਿੱਲੀ ਪਬਲਿਕ ਸਕੂਲ ਲੁਧਿਆਣਾ; ਗੁਰੂ ਨਾਨਕ ਖਾਲਸਾ ਕਾਲਜ ਫਾਰ ਵੂਮੈਨ, ਲੁਧਿਆਣਾ; ਗੁਰੂ ਨਾਨਕ ਕਾਲਜ, ਲੁਧਿਆਣਾ; ਜੀਐੱਚਜੀ ਹਰਪ੍ਰਕਾਸ਼ ਕਾਲਜ ਆਫ ਐਜੂਕੇਸ਼ਨ ਸਿਧਵਾਂ ਖੁਰਦ, ਲੁਧਿਆਣਾ; ਵੇਰਕਾ ਮਿਲਕ ਪਲਾਂਟ ਅਤੇ ਲੁਧਿਆਣਾ ਮਲੇਰਕੋਟਲਾ ਅਤੇ ਪਟਿਆਲਾ ਦੀਆਂ ਨਰਸਰੀਆਂ ਨੇ ਹਾਸਲ ਕੀਤੇ।
Summary in English: PAU Flower Show Concluded: The two-day flower show was successful, involving large numbers of nature lovers