ਇਹ ਖ਼ਬਰ ਛੋਟੇ ਅਤੇ ਸੀਮਾਂਤ ਕਿਸਾਨਾਂ ਲਈ ਹੈ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਸੰਯੁਕਤ ਖੇਤੀ ਪ੍ਰਣਾਲੀ ਦੇ ਮਾਡਲ ਨੂੰ ਛੋਟੇ ਅਤੇ ਸੀਮਾਂਤ ਕਿਸਾਨਾਂ ਲਈ ਲਾਹੇਵੰਦ ਦੱਸਿਆ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਛੋਟੇ ਅਤੇ ਸੀਮਾਂਤ ਕਿਸਾਨਾਂ ਲਈ ਲਗਭਗ ਇਕ ਦਹਾਕੇ ਦੇ ਤਜਰਬਿਆਂ ਉਪਰੰਤ ਸੰਯੁਕਤ ਖੇਤੀ ਪ੍ਰਣਾਲੀ ਮਾਡਲ ਵਿਕਸਿਤ ਕੀਤਾ ਗਿਆ। ਆਰਥਿਕ ਪੱਖੋਂ ਸੁਯੋਗ ਇਹ ਮਾਡਲ ਫਸਲਾਂ, ਪਸ਼ੂ ਧਨ, ਮੱਛੀ ਪਾਲਣ, ਵਣ-ਖੇਤੀ ਅਤੇ ਖੇਤੀ ਬਾਗਬਾਨੀ ਦਾ ਇੱਕ ਅਜਿਹਾ ਮਿਲਗੋਭਾ ਹੈ, ਜੋ ਕਿ ਖੇਤੀ ਨਿਰੰਤਰਤਾ, ਲਾਹੇਵੰਦਤਾ, ਸੰਤੁਲਨ ਅਹਾਰ ਦੀ ਉਪਲਬਧਤਾ ਅਤੇ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਦਾ ਹੈ।
ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ ਪੀ.ਏ.ਯੂ. ਵੱਲੋਂ ਵਿਕਸਿਤ ਕੀਤੇ ਇਸ ਮਾਡਲ ਨੂੰ ਅਪਨਾਉਣ ਦੀ ਪੁਰਜ਼ੋਰ ਸਿਫਾਰਸ਼ ਕਰਦਿਆਂ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਖੇਤੀ ਆਮਦਨ ਵਧਾਉਣ ਅਤੇ ਪਰਿਵਾਰਕ ਮੈਂਬਰਾਂ ਦੇ ਸੰਤੁਲਤ ਅਹਾਰ ਲਈ ਇਹ ਬਹੁਤ ਲਾਹੇਵੰਦ ਹੈ। ਉਨ੍ਹਾਂ ਕਿਹਾ ਕਿ ਇਹ ਮਾਡਲ ਉਤਪਾਦਨ ਦੀ ਲਗਾਤਾਰਤਾ ਨੂੰ ਬਣਾਈ ਰੱਖਣ, ਰਹਿੰਦ-ਖੂੰਹਦ ਦੀ ਮੁੜ ਵਰਤੋਂ ਰਾਹੀਂ ਖੇਤੀ ਖਰਚਿਆਂ ਨੂੰ ਘਟਾਉਣ, ਖੇਤੀ ਨਾਲ ਜੁੜੇ ਪਰਿਵਾਰਾਂ ਦੀਆਂ ਲਗਭਗ ਸਾਰੀਆਂ ਲੋੜੀਂਦੀਆਂ ਜ਼ਰੂਰਤਾਂ ਨੂੰ ਆਪਣੇ ਖੇਤਾਂ ਵਿੱਚੋਂ ਹੀ ਪੂਰਿਆਂ ਕਰਨ, ਸਾਧਨਾਂ ਦੀ ਘਾਟ ਨਾਲ ਜੂਝ ਰਹੇ ਕਿਸਾਨਾਂ ਨੂੰ ਜੀਵਨ-ਨਿਰਬਾਹ ਦੀ ਸੁਰੱਖਿਆ ਪ੍ਰਦਾਨ ਕਰਨ ਅਤੇ ਪੂਰਨ ਮਿਹਨਤਾਨਾ ਪ੍ਰਦਾਨ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ।
ਪੰਜਾਬ ਸੂਬੇ ਵਿੱਚ ਜ਼ਮੀਨਾਂ ਦੀ ਵੰਡ ਦਾ ਵੇਰਵਾ ਦਿੰਦਿਆਂ ਡਾ. ਗੋਸਲ ਨੇ ਦੱਸਿਆ ਕਿ ਪੰਜਾਬ ਵਿੱਚ 10,92,713 ਜੋਤਾਂ ਹਨ, ਜਿਨ੍ਹਾਂ ਵਿੱਚੋਂ 14.3% ਛੋਟੇ ਕਿਸਾਨ (ਇੱਕ ਹੈਕਟੇਅਰ ਤੋਂ ਘੱਟ), 18.98% ਸੀਮਾਂਤ ਕਿਸਾਨ (1-2 ਹੈਕਟੇਅਰ) ਅਤੇ 33.67% ਅਰਧ ਦਰਮਿਆਨੇ ਕਿਸਾਨ (2-4 ਹੈਕਟੇਅਰ) ਹਨ। ਪੰਜਾਬ ਦੀ ਖੇਤੀ ਆਮਦਨ ਦਾ ਵੇਰਵਾ ਦਿੰਦਿਆਂ ਉਨ੍ਹਾਂ ਦੱਸਿਆ ਕਿ 90.5 ਪ੍ਰਤੀਸ਼ਤ ਆਮਦਨ ਫ਼ਸਲਾਂ ਤੋਂ ਹਾਸਲ ਹੁੰਦੀ ਹੈ, ਜਦੋਂਕਿ 9.5 ਪ੍ਰਤੀਸ਼ਤ ਆਮਦਨ ਫਸਲਾਂ ਤੋਂ ਇਲਾਵਾ ਹੋਰ ਵਸੀਲਿਆਂ ਤੋਂ ਹਾਸਲ ਹੁੰਦੀ ਹੈ।
ਇਹ ਵੀ ਪੜ੍ਹੋ: ਪੀਏਯੂ ਨੂੰ ਭਵਿੱਖ ਦੇ ਆਦਰਸ਼ ਕੈਂਪਸ ਵਜੋਂ ਵਿਕਸਤ ਕੀਤਾ ਜਾਵੇਗਾ: ਵਾਈਸ ਚਾਂਸਲਰ
ਇਸ ਮੌਕੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਦੱਸਿਆ ਕਿ ਸਕੂਲ ਆਫ਼ ਆਰਗੈਨਿਕ ਫਾਰਮਿੰਗ ਦੇ ਖੋਜ ਫਾਰਮ ਵੱਲੋਂ ਆਈ ਸੀ ਏ ਆਰ ਦੀ ਸੰਯੁਕਤ ਖੇਤੀ ਪ੍ਰਣਾਲੀਆਂ ਉੱਤੇ ਸਰਵ ਭਾਰਤੀ ਕੋਆਰਡੀਨੇਟਿਡ ਪ੍ਰੋਜੈਕਟ ਤਹਿਤ ਵਿਕਸਿਤ ਕੀਤੇ ਸੰਯੁਕਤ ਖੇਤੀ ਪ੍ਰਣਾਲੀ ਮਾਡਲ ਰਾਹੀਂ ਸਾਲ ਭਰ ਆਮਦਨ ਲੈਣ ਦੇ ਨਾਲ-ਨਾਲ ਘਰੇਲੂ ਲੋੜਾਂ (ਅਨਾਜ, ਸਬਜ਼ੀਆਂ, ਤੇਲ ਬੀਜ, ਦਾਲਾਂ, ਫਲ, ਦੁੱਧ ਆਦਿ) ਦੀ ਪੂਰਤੀ ਵੀ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਖੇਤੀ ਤੋਂ ਇਲਾਵਾ ਡੇਅਰੀ ਪਾਲਣ, ਘਰੇਲੂ ਬਗੀਚੀ ਅਤੇ ਹੋਰ ਸਹਾਇਕ ਧੰਦੇ ਅਪਨਾਉਣ ਲਈ ਕਿਸਾਨ ਲੋੜੀਂਦੀ ਸਿਖਲਾਈ ਹਾਸਲ ਕਰਨ ਉਪਰੰਤ ਆਪਣੇ ਖੇਤਾਂ ਤੋਂ ਸ਼ਹਿਰਾਂ ਜਾਂ ਮੰਡੀਆਂ ਦੀ ਲੋੜ ਮੁਤਾਬਕ ਚੋਣ ਕਰ ਸਕਦਾ ਹੈ।
ਇਸ ਪ੍ਰੋਜੈਕਟ ਦੀ ਮੁੱਢਲੀ ਜਾਣਕਾਰੀ ਦਿੰਦਿਆਂ ਡਾ. ਸੋਹਨ ਸਿੰਘ ਵਾਲੀਆ, ਨਿਰਦੇਸ਼ਕ, ਸਕੂਲ ਆਫ਼ ਆਰਗੈਨਿਕ ਫਾਰਮਿੰਗ ਨੇ ਦੱਸਿਆ ਕਿ ਇਸ ਮਾਡਲ ਦੇ ਤਜਰਬੇ ਸਾਉਣੀ 2010 ਦੌਰਾਨ 1.0 ਹੈਕਟੇਅਰ (2.5 ਏਕੜ) ਰਕਬੇ ਵਿੱਚ ਖੇਤ ਫਸਲਾਂ, ਬਾਗਬਾਨੀ, ਮੱਛੀ ਪਾਲਣ, ਡੇਅਰੀ-ਪਾਲਣ, ਵਣ-ਖੇਤੀ ਅਤੇ ਬੱਕਰੀ ਪਾਲਣ ਰਾਹੀਂ ਸ਼ੁਰੂ ਕੀਤੇ ਗਏ। ਉਨ੍ਹਾਂ ਦੱਸਿਆ ਕਿ ਸਾਉਣੀ ਦੀਆਂ ਫ਼ਸਲਾਂ ਵਿੱਚ ਝੋਨਾ, ਮੱਕੀ ਅਤੇ ਹਲਦੀ ਨੂੰ 6400 ਵਰਗਮੀਟਰ ਰਕਬੇ ਵਿੱਚ ਕਾਸ਼ਤ ਕੀਤਾ ਗਿਆ।
ਇਸ ਉਪਰੰਤ ਹਾੜੀ ਅਤੇ ਗਰਮੀਆਂ ਦੀਆਂ ਫਸਲਾਂ ਵਿੱਚ ਆਲੂ, ਬਰਸੀਮ, ਕਣਕ, ਗੋਭੀ ਸਰੋਂ, ਪਿਆਜ਼, ਬਾਜਰਾ ਅਤੇ ਬਹਾਰ ਰੁੱਤ ਦੀ ਮੱਕੀ ਦੀ ਕਾਸ਼ਤ ਕੀਤੀ ਗਈ। ਉਹਨਾਂ ਦੱਸਿਆ ਕਿ ਬਾਗਬਾਨੀ ਵਿੱਚ ਅਮਰੂਦ ਅਤੇ ਨਿੰਬੂ ਜਾਤੀ ਦੇ ਪੌਦੇ ਲਗਭਗ 1600 ਵਰਗ ਮੀਟਰ ਵਿੱਚ ਲਗਾਏ ਗਏ ਅਤੇ ਇਹਨਾਂ ਵਿੱਚ ਹੀ 1500 ਵਰਗ ਮੀਟਰ ਰਕਬੇ ਵਿੱਚ ਸਬਜ਼ੀਆਂ ਦੀ ਅੰਤਰ-ਕਾਸ਼ਤ ਕੀਤੀ ਗਈ, 1000 ਵਰਗ ਮੀਟਰ ਰਕਬੇ ਵਿੱਚ ਮੱਛੀ ਪਾਲਣ, 300 ਵਰਗ ਮੀਟਰ ਵਿੱਚ ਵਣ-ਖੇਤੀ ਅਤੇ 200 ਵਰਗਮੀਟਰ ਰਕਬੇ ਵਿੱਚ ਦੁਧਾਰੂ ਪਸ਼ੂ ਅਤੇ ਬੱਕਰੀਆਂ ਰੱਖੀਆਂ ਗਈਆਂ।
ਇਹ ਵੀ ਪੜ੍ਹੋ: ਪੀ.ਏ.ਯੂ. ਦੇ ਵਾਈਸ ਚਾਂਸਲਰ ਨੇ ਸਬਜ਼ੀ ਖੋਜ ਫਾਰਮ ਖਨੌੜਾ ਦਾ ਕੀਤਾ ਦੌਰਾ, ਟਿਸ਼ੂ ਕਲਚਰ ਸਬੰਧੀ ਦਿੱਤੇ ਸੁਝਾਅ
ਉਨ੍ਹਾਂ ਦੱਸਿਆ ਕਿ ਖੇਤੀ ਉੱਦਮ, ਬਾਗਬਾਨੀ, ਡੇਅਰੀ ਅਤੇ ਮੱਛੀ ਪਾਲਣ ਦੇ ਸੰਯੁਕਤ ਖੇਤੀ ਪ੍ਰਣਾਲੀ ਦੇ ਇਸ ਮਾਡਲ ਨੂੰ ਅਪਨਾਉਣ ਨਾਲ ਔਸਤਨ ਪੰਜ ਸਾਲ ਦੇ ਅੰਕੜਿਆਂ ਦੇ ਅਧਿਐਨ ਤੋਂ ਸਪਸ਼ਟ ਹੋ ਗਿਆ ਹੈ ਕਿ ਇਸ ਤੋਂ ਸ਼ੁੱਧ ਮੁਨਾਫ਼ਾ 4,95,810 ਰੁਪਏ/ਹੈਕਟੇਅਰ ਹਾਸਲ ਹੋਇਆ, ਜਿਸ ਵਿੱਚ ਡੇਅਰੀ ਪਾਲਣ ਤੋਂ 2,86,201/ਰੁਪਏ, ਫ਼ਸਲਾਂ ਤੋਂ 1,25,070/ਰੁਪਏ, ਬਾਗਬਾਨੀ ਤੋਂ 30,156 ਰੁਪਏ, ਮੱਛੀ ਪਾਲਣ ਤੋਂ 24,891/-ਰੁਪਏ, ਕਰੌਂਦਾ ਅਤੇ ਗਲਗਲ ਦੀ ਵਾੜ ਤੋਂ 19,341/-ਰੁਪਏ, ਘਰੇਲੂ ਬਗੀਚੀ ਵਿੱਚ ਬੀਜੀਆਂ ਸਬਜ਼ੀਆਂ ਤੋਂ 8,048 ਰੁਪਏ ਅਤੇ ਵਣ-ਖੇਤੀ ਵਿੱਚ ਬੀਜੀਆਂ ਫ਼ਸਲਾਂ ਤੋਂ 2,104/- ਰੁਪਏ ਹਾਸਲ ਕੀਤੇ। ਡਾ. ਵਾਲੀਆ ਨੇ ਦੱਸਿਆ ਕਿ ਸੀਮਾਂਤ ਅਤੇ ਛੋਟੇ ਕਿਸਾਨਾਂ ਲਈ ਵਿਕਸਿਤ ਕੀਤੇ 1.0 ਹੈਕਟੇਅਰ ਦੇ ਇਸ ਮਾਡਲ ਤੋਂ 8,40,114 ਰੁਪਏ/-ਹੈਕਟੇਅਰ ਕੁੱਲ ਆਮਦਨ ਹਾਸਲ ਹੋਈ ਜਦੋਂ ਕਿ ਇਸ ਤੇ 3,44,304 ਰੁਪਏ/ਹੈਕਟੇਅਰ ਦੀ ਲਾਗਤ ਆਈ।
ਉਨ੍ਹਾਂ ਨੇ ਦੱਸਿਆ ਕਿ ਸਾਰੇ ਖਰਚੇ ਕੱਢ ਕੇ 4,95,810 ਰੁਪਏ/ਹੈਕਟੇਅਰ ਦਾ ਸ਼ੁੱਧ ਮੌਜੂਦਾ ਫਸਲੀ ਚੱਕਰ ਤੋਂ ਕਿਤੇ ਜ਼ਿਆਦਾ ਹੈ। ਉਹਨਾਂ ਦੱਸਿਆ ਕਿ ਵਤਾਵਰਨ ਪੱਖੀ ਇਹ ਮਾਡਲ ਜਿੱਥੇ ਆਬੋ-ਹਵਾ ਵਿੱਚ ਗਰੀਨ ਹਾਊਸ ਗੈਸਾਂ ਦੀ ਮਿਕਦਾਰ ਘਟਾਉਣ ਵਿੱਚ ਸਹਾਈ ਹੁੰਦਾ ਹੈ, ਉੱਥੇ ਰਹਿੰਦ-ਖੂੰਹਦ ਦੀ ਮੁੜ ਵਰਤੋਂ ਕਰਨ ਨਾਲ 30-45% ਖੇਤੀ ਲਾਗਤਾਂ ਵਿੱਚ ਕਟੌਤੀ ਕਰਨ ਦੇ ਨਾਲ-ਨਾਲ ਰਵਾਇਤੀ ਫਸਲੀ ਚੱਕਰ ਨਾਲੋਂ ਪਾਣੀ ਦੀ ਬੱਚਤ ਕਰਨ ਵਿੱਚ ਵੀ ਮਦਦ ਕਰਦਾ ਹੈ।
Summary in English: PAU Integrated Farming System Model of Beneficial for Small and Marginal Farmers: Dr. Gosal