ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਦੀ ਪ੍ਰਧਾਨਗੀ ਹੇਠ ਹੋਈ ਨਵੇਂ ਸਾਲ ਦੀ ਸ਼ੁਰੂਆਤੀ ਮੀਟਿੰਗ ਵਿਚ ਸਮੂਹ ਉੱਚ ਅਧਿਕਾਰੀਆਂ ਨੇ ਸ਼ਿਰਕਤ ਕੀਤੀ। ਇਸ ਮੀਟਿੰਗ ਦੌਰਾਨ ਬੀਤੇ ਸਾਲ ਦੇ ਕੰਮਾਂਕਾਰਾਂ ਦਾ ਲੇਖਾ-ਜੋਖਾ ਕਰਨ ਦੇ ਨਾਲ-ਨਾਲ ਆਉਂਦੇ ਸਾਲ ਵਿੱਚ ਕੀਤੇ ਜਾਣ ਵਾਲੇ ਕਾਰਜਾਂ ਦੀ ਨਿਸ਼ਾਨਦੇਹੀ ਕੀਤੀ ਗਈ। ਆਓ ਜਾਣਦੇ ਹਾਂ ਹੋਰ ਕੀ ਕੁਝ ਰਿਹਾ ਖ਼ਾਸ...
ਡਾ. ਗੋਸਲ ਨੇ ਇਸ ਮੌਕੇ ਆਪਣੀ ਵਿਸ਼ੇਸ਼ ਟਿੱਪਣੀ ਵਿਚ ਕਿਹਾ ਕਿ ਪਿਛਲੇ ਸਾਲ ਯੂਨੀਵਰਸਿਟੀ ਨੂੰ ਰਾਸ਼ਟਰੀ ਪੱਧਰ ਤੇ ਰੈਂਕਿੰਗ ਵਿਚ ਦੇਸ਼ ਦੀ ਸਰਵੋਤਮ ਖੇਤੀ ਯੂਨੀਵਰਸਿਟੀ ਦੀ ਰੈਂਕਿੰਗ ਮਿਲੀ ਸੀ। ਉਹਨਾਂ ਕਿਹਾ ਕਿ ਇਸ ਕਾਰਜ ਨੂੰ ਹੋਰ ਬਿਹਤਰ ਬਨਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਪਿਛਲੇ ਵਰ੍ਹੇ ਕੀਤੇ ਕਾਰਜਾਂ ਦਾ ਜ਼ਿਕਰ ਕਰਦਿਆਂ ਉਹਨਾਂ ਨੇ ਪੀ.ਏ.ਯੂ. ਦੀ ਕਲੀਨ ਐਂਡ ਗਰੀਨ ਮੁਹਿੰਮ ਦੇ ਨਾਲ-ਨਾਲ ਸਰਕਾਰ-ਕਿਸਾਨ ਮਿਲਣੀ ਦੌਰਾਨ ਮਿਲੇ ਸਹਿਯੋਗ ਦਾ ਜ਼ਿਕਰ ਕੀਤਾ। ਇਸ ਤੋਂ ਇਲਾਵਾ ਉਹਨਾਂ ਨੇ ਕੈਂਪਸ ਵਿੱਚ ਪ੍ਰਵਾਸੀ ਕਿਸਾਨਾਂ ਦੇ ਸੰਮੇਲਨ ਨੂੰ ਕਾਮਯਾਬੀ ਨਾਲ ਆਯੋਜਿਤ ਕੀਤੇ ਜਾਣ ਦਾ ਹਵਾਲਾ ਦਿੱਤਾ।
ਡਾ. ਗੋਸਲ ਨੇ ਕਿਹਾ ਕਿ ਡਾ. ਗੁਰਦੇਵ ਸਿੰਘ ਖੁਸ਼ ਦੇ ਖੇਤੀ ਖੇਤਰ ਵਿੱਚ ਪਾਏ ਯੋਗਦਾਨ ਲਈ ਡਾ. ਖੁਸ਼ ਸੰਸਥਾਨ ਅਤੇ ਅਜਾਇਬ ਘਰ ਦੀ ਸਥਾਪਨਾ ਕੀਤੀ ਗਈ ਹੈ। ਨਾਲ ਹੀ ਪਿਛਲੇ ਵਰ੍ਹੇ ਅੰਤਰਰਾਸ਼ਟਰੀ ਪੱਧਰ 'ਤੇ ਖੇਤੀ ਯੂਨੀਵਰਸਿਟੀਆਂ ਦੇ ਅਜਾਇਬ ਘਰਾਂ ਦਾ ਸੰਮੇਲਨ ਵੀ ਆਪਣੀ ਵਿਲੱਖਣ ਪਛਾਣ ਛੱਡਣ ਵਿੱਚ ਸਫਲ ਰਿਹਾ। ਇਸ ਤੋਂ ਇਲਾਵਾ ਉਹਨਾਂ ਨੇ ਖੋਜ ਦੇ ਖੇਤਰ ਵਿਚ ਜਾਰੀ ਕੀਤੀਆਂ ਕਿਸਮਾਂ ਤੇ ਉਹਨਾਂ ਨੂੰ ਮਿਲੀ ਪ੍ਰਵਾਨਗੀ ਦੀ ਵੀ ਗੱਲ ਕੀਤੀ। ਇਸਦੇ ਨਾਲ ਹੀ ਵਾਈਸ ਚਾਂਸਲਰ ਨੇ ਅਕਾਦਮਿਕ ਅਤੇ ਪਸਾਰ ਦੇ ਖੇਤਰਾਂ ਦੀਆਂ ਪ੍ਰਾਪਤੀਆਂ ਵੀ ਗਿਣਾਈਆਂ।
ਨਵੇਂ ਵਰ੍ਹੇ ਕੀਤੇ ਜਾਣ ਵਾਲੇ ਕੰਮਾਂ ਬਾਰੇ ਗੱਲ ਕਰਦਿਆਂ ਉਹਨਾਂ ਕਿਹਾ ਕਿ ਤਕਨਾਲੋਜੀ ਪਾਰਕ ਦੀ ਸਥਾਪਨਾ ਦਾ ਮੰਤਵ ਸਕਾਰ ਕੀਤਾ ਜਾਵੇਗਾ। ਡਾ. ਗੋਸਲ ਨੇ ਪੀ.ਏ.ਯੂ. ਦੇ ਮਾਹਿਰਾਂ, ਕਿਸਾਨਾਂ ਅਤੇ ਕਿਸਾਨੀ ਭਾਈਚਾਰੇ ਨੂੰ ਨਵੇਂ ਵਰ੍ਹੇ ਦੀਆਂ ਵਧਾਈਆਂ ਦਿੰਦਿਆਂ ਭਰੋਸਾ ਦਿਵਾਇਆ ਕਿ ਯੂਨੀਵਰਸਿਟੀ ਖੇਤੀ ਵਿਕਾਸ ਅਤੇ ਕਿਸਾਨੀ ਦੀ ਬਿਹਤਰੀ ਲਈ ਆਪਣੇ ਯੋਗਦਾਨ ਨੂੰ ਹੋਰ ਗੂੜਾ ਕਰਨ ਦਾ ਹਰ ਹੀਲਾ ਕਰੇਗੀ।
ਇਹ ਵੀ ਪੜੋ: ਪੰਜਾਬ ਦੇ ਕਿਸਾਨਾਂ ਤੋਂ CM Award ਲਈ ਅਰਜ਼ੀਆਂ ਦੀ ਮੰਗ, ਇਸ ਲਿੰਕ ਤੋਂ ਡਾਊਨਲੋਡ ਕਰੋ ਨਿਰਧਾਰਤ ਪ੍ਰੋਫਾਰਮੇ
ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਰਿਸ਼ੀਪਾਲ ਆਈ ਏ ਐੱਸ ਨੇ ਯੂਨੀਵਰਸਿਟੀ ਦੇ ਬੁਨਿਆਦੀ ਢਾਂਚੇ ਅਤੇ ਮਨੁੱਖੀ ਸ਼ਕਤੀ ਦੀ ਮਜ਼ਬੂਤੀ ਦੇ ਨਾਲ-ਨਾਲ ਵਿੱਦਿਅਕ ਮਾਹੌਲ ਦੀ ਉਸਾਰੀ ਲਈ ਲੋੜੀਂਦੇ ਸੁਝਾਅ ਦਿੱਤੇ। ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਕਿਹਾ ਕਿ ਮੌਜੂਦਾ ਵਾਤਾਵਰਨੀ ਚੁਣੌਤੀਆਂ ਸਾਹਮਣੇ ਨਵੀਆਂ ਖੋਜ ਤਕਨੀਕਾਂ ਦੇ ਵਿਕਾਸ ਲਈ ਯੂਨੀਵਰਸਿਟੀ ਨਿਰੰਤਰ ਗਤੀਸ਼ੀਲ ਹੈ।
ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਨੇ ਯੂਨੀਵਰਸਿਟੀ ਦੀਆਂ ਪਸਾਰ ਸੇਵਾਵਾਂ ਨੂੰ ਪੰਜਾਬ ਦੇ ਦੂਰ-ਦਰਾਜ ਇਲਾਕਿਆਂ ਤੱਕ ਪਹੁੰਚਾਉਣ ਦੀ ਪ੍ਰਤੀਬੱਧਤਾ ਨੂੰ ਦੁਹਰਾਇਆ। ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ ਨੇ ਹੋਸਟਲਾਂ ਦੇ ਬੁਨਿਆਦੀ ਢਾਂਚੇ ਦੇ ਨਾਲ-ਨਾਲ ਵਿਦਿਆਰਥੀਆਂ ਦੀ ਭਲਾਈ ਕੀਤੇ ਜਾਣ ਵਾਲੇ ਕੰਮਾਂ ਦੀ ਰੂਪਰੇਖਾ ਬਾਰੇ ਦੱਸਦਿਆਂ ਕਿਹਾ ਕਿ ਆਉਂਦੇ ਮਾਰਚ ਮਹੀਨੇ ਅੰਤਰ ਯੂਨੀਵਰਸਿਟੀ ਯੁਵਕ ਮੇਲੇ ਦਾ ਆਯੋਜਨ ਇਕ ਮੌਕਾ ਅਤੇ ਚੁਣੌਤੀ ਹੈ।
ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਮਾਨਵਇੰਦਰਾ ਸਿੰਘ ਗਿੱਲ ਨੇ ਅਕਾਦਮਿਕ ਕਾਰਜਾਂ ਵਿਸ਼ੇਸ਼ ਤੌਰ ਤੇ ਅਧਿਆਪਨ ਨੂੰ ਮਜ਼ਬੂਤ ਕੀਤੇ ਜਾਣ ਦੀ ਯੋਜਨਾਬੰਦੀ ਉੱਪਰ ਰੌਸ਼ਨੀ ਪਾਈ। ਇਸ ਸਮੁੱਚੀ ਇਕੱਤਰਤਾ ਨੂੰ ਡਾ. ਸ਼ੀਤਲ ਥਾਪਰ ਨੇ ਸੰਚਾਲਿਤ ਕੀਤਾ।
ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University)
Summary in English: PAU is continuously active for the development of new research technologies in the face of current environmental challenges: VC Dr. Satbir Singh Gosal