Punjab Kisan Mela 2023: ਪੀਏਯੂ ਦੇ ਕਿਸਾਨ ਮੇਲਿਆਂ ਦੀ ਲੜੀ ਦੀ ਸ਼ੁਰੂਆਤ ਵਜੋਂ ਕੱਲ੍ਹ ਯਾਨੀ ਵੀਰਵਾਰ ਨੂੰ ਕ੍ਰਿਸ਼ੀ ਵਿਗਿਆਨ ਕੇਂਦਰ ਨਾਗ ਕਲਾਂ ਵਿੱਚ ਸਾਉਣੀ ਦੀਆਂ ਫਸਲਾਂ ਲਈ ਕਿਸਾਨ ਮੇਲਾ ਲਾਇਆ ਗਿਆ। ਇਸ ਮੇਲੇ ਦੇ ਮੁੱਖ ਮਹਿਮਾਨ ਪੀ.ਏ.ਯੂ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਸਨ, ਜਦੋਂਕਿ ਮੇਲੇ ਦੀ ਪ੍ਰਧਾਨਗੀ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਕੀਤੀ। ਮੇਲੇ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸ਼੍ਰੀਮਤੀ ਸਤਿੰਦਰ ਕੌਰ ਲਾਲੀ ਮਜੀਠੀਆ ਜੀ ਸ਼ਾਮਿਲ ਰਹੇ।
ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਇਸ ਮੌਕੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਇਹ ਮੇਲੇ ਸਿੱਖਣ ਸਿਖਾਉਣ ਦਾ ਅਮਲ ਹਨ ਨਵੀਆਂ ਤਕਨੀਕਾਂ ਅਪਣਾ ਕੇ ਆਪਣੀ ਖੇਤੀ ਨੂੰ ਅੱਗੇ ਲਿਜਾਣ ਵਾਲੇ ਕਿਸਾਨਾਂ ਕੋਲੋਂ ਦੂਜਿਆਂ ਨੂੰ ਸਿੱਖਣ ਦੀ ਲੋੜ ਹੈ।
ਵਧਦੇ ਤਾਪਮਾਨ ਤੋਂ ਫ਼ਸਲਾਂ ਦੀ ਸੰਭਾਲ ਬਾਰੇ ਉਨ੍ਹਾਂ ਕਿਸਾਨਾਂ ਨੂੰ ਸੁਚੇਤ ਕੀਤਾ ਅਤੇ ਤਾਪਮਾਨ ਸਹਿਣ ਯੋਗ ਪੀਏਯੂ ਦੀ ਕਿਸਮ ਕਣਕ-ਪੀਬੀਡਬਲਿਊ 826 ਦਾ ਵਿਸ਼ੇਸ਼ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਵਿਗਿਆਨਕ ਖੇਤੀ ਦਾ ਰਾਹ ਵੀ ਵਾਤਾਵਰਨ ਦੀ ਸੰਭਾਲ ਨਾਲ ਜੁੜਿਆ ਹੋਇਆ ਹੈ।
ਡਾ. ਗੋਸਲ ਨੇ ਕਿਹਾ ਕਿ ਪੰਜਾਬੀਆਂ ਨੂੰ ਪਾਣੀ ਦਾ ਮੁੱਲ ਪਾਉਣ ਦੀ ਲੋੜ ਹੈ ਇਸ ਲਈ ਝੋਨੇ ਦੀਆਂ ਘੱਟ ਸਮੇਂ ਵਾਲੀਆਂ ਕਿਸਮਾਂ ਵਿਸ਼ੇਸ਼ ਕਰਕੇ ਪੀਆਰ 126 ਦੀ ਕਾਸ਼ਤ ਕਰਨੀ ਅੱਜ ਦੀ ਲੋੜ ਹੈ। ਬਹਾਰ ਰੁੱਤ ਦੀ ਮੱਕੀ ਦੀ ਕਾਸ਼ਤ ਬਾਰੇ ਉਨ੍ਹਾਂ ਕਿਹਾ ਕਿ ਇਸ ਦੀ ਕਾਸ਼ਤ ਤੁਪਕਾ ਸਿੰਚਾਈ ਅਧੀਨ ਕਰਨੀ ਹੀ ਲਾਹੇਵੰਦ ਹੈ।
ਨਾਲ ਹੀ ਉਨ੍ਹਾਂ ਨੇ ਰੁੱਖ ਲਾ ਕੇ ਆਲੇ ਦੁਆਲੇ ਦੇ ਜਲਵਾਯੂ ਲਈ ਉਸਾਰੂ ਕੋਸ਼ਿਸ਼ਾਂ ਦੀ ਅਪੀਲ ਕੀਤੀ। ਡਾ. ਗੋਸਲ ਨੇ ਖੇਤੀ ਨੂੰ ਹੋਰ ਲਾਹੇਵੰਦ ਬਣਾਉਣ ਲਈ ਸੰਯੁਕਤ ਖੇਤੀ ਪ੍ਰਣਾਲੀ ਨਾਲ ਜੁੜਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਮੇਲਿਆਂ ਦਾ ਉਦੇਸ਼ 'ਆਓ ਖੇਤੀ ਖਰਚ ਘਟਾਈਏ, ਵਾਧੂ ਪਾਣੀ ਖਾਦ ਨਾ ਪਾਈਏ' ਰੱਖਿਆ ਗਿਆ ਹੈ। ਇਸ ਦਾ ਮੰਤਵ ਖੇਤੀ ਨੂੰ ਘੱਟ ਖਰਚੀਲੀ ਤੇ ਵਾਤਾਵਰਨ ਪੱਖੀ ਬਣਾਉਣ ਦੀ ਪਹਿਲਕਦਮੀ ਕਰਨਾ ਹੈ।
ਖਾਦਾਂ ਵਿਚ ਫਾਸਫੋਰਸ ਦੀ ਢੁਕਵੀਂ ਵਰਤੋਂ, ਜੈਵਿਕ ਖਾਦਾਂ ਤੇ ਖੇਤੀ ਵਿਭਿੰਨਤਾ ਬਾਰੇ ਵੀ ਵਾਈਸ ਚਾਂਸਲਰ ਨੇ ਬਹੁਤ ਗੰਭੀਰ ਮੁੱਦਿਆਂ ਤੇ ਚਰਚਾ ਕੀਤੀ। ਉਨ੍ਹਾਂ ਬਾਸਮਤੀ ਦੀ ਕਾਸ਼ਤ ਵੱਲ ਤਰਜੀਹ ਦੇਣ ਲਈ ਕਿਸਾਨਾਂ ਨੂੰ ਉਤਸ਼ਾਹਿਤ ਕਰਦਿਆਂ ਇਸਦੇ ਆਰਥਿਕ ਅਤੇ ਵਾਤਾਵਰਣੀ ਲਾਭਾਂ ਬਾਰੇ ਚਰਚਾ ਕੀਤੀ।
ਇਹ ਵੀ ਪੜ੍ਹੋ : ਕਿਸਾਨ ਮੇਲੇ ਦਾ ਆਯੋਜਨ, ਫਸਲਾਂ ਦੀ ਰਹਿੰਦ-ਖੂੰਹਦ ਦੀ ਸੰਭਾਲ ਕਰਨ ਵਾਲੇ ਕਿਸਾਨਾਂ ਦਾ ਸਨਮਾਨ
ਇਸ ਸੰਬੰਧੀ ਯੂਨੀਵਰਸਿਟੀ ਵਲੋਂ ਸਰਕਾਰੀ ਸਹਿਯੋਗ ਨਾਲ ਦਿੱਤੀ ਜਾ ਰਹੀ ਸਿਖਲਾਈ ਦਾ ਉਲੇਖ ਵੀ ਡਾ. ਗੋਸਲ ਨੇ ਕੀਤਾ। ਇਸ ਸੰਬੰਧ ਵਿਚ ਸਰਕਾਰ ਵਲੋਂ ਬਾਸਮਤੀ ਦੀ ਖਰੀਦ ਸੰਬੰਧੀ ਲਏ ਫੈਸਲੇ ਦਾ ਵੀ ਉਨ੍ਹਾਂ ਸਵਾਗਤ ਕੀਤਾ। ਪਰਾਲੀ ਦੀ ਸੰਭਾਲ ਲਈ ਝੋਨੇ ਦੀ ਵਾਢੀ ਦੇ ਨਾਲੋ ਨਾਲ ਕਣਕ ਦੀ ਛਿੱਟੇ ਨਾਲ ਬਿਜਾਈ ਦੀ ਤਕਨੀਕ ਬਾਰੇ ਵੀ ਵਾਈਸ ਚਾਂਸਲਰ ਨੇ ਦੱਸਿਆ।
ਉਨ੍ਹਾਂ ਗੁੜ ਉਤਪਾਦਨ ਲਈ ਯੂਨੀਵਰਸਿਟੀ ਦੀਆਂ ਸਿਖਲਾਈ ਯੋਜਨਾਵਾਂ ਦੀ ਜਾਣਕਾਰੀ ਦਿੱਤੀ ਤੇ ਕਿਸਾਨਾਂ ਨੂੰ ਸੰਯੁਕਤ ਖੇਤੀ ਮਾਡਲ ਵੱਲ ਤਵੱਜੋ ਦੇਣ ਲਈ ਪ੍ਰੇਰਿਤ ਕੀਤਾ। ਡਾ. ਸਤਿਬੀਰ ਸਿੰਘ ਗੋਸਲ ਨੇ ਸਰਕਾਰ ਕਿਸਾਨ ਮਿਲਣੀ ਆਯੋਜਿਤ ਕਰਕੇ ਕਿਸਾਨਾਂ ਦੀਆਂ ਮੁਸ਼ਕਲਾਂ ਤੋਂ ਸਰਕਾਰ ਨੂੰ ਜਾਣੂੰ ਕਰਾਉਣ ਦੀ ਪਹਿਲੀ ਵਾਰ ਕੀਤੀ ਕੋਸ਼ਿਸ਼ ਬਾਰੇ ਕਿਸਾਨਾਂ ਨੂੰ ਦੱਸਿਆ।
ਵਾਈਸ ਚਾਂਸਲਰ ਨੇ ਕਿਸਾਨਾਂ ਨੂੰ ਖੇਤੀ ਨੀਤੀ ਬਣਾਉਣ ਵਿੱਚ ਸੁਝਾਅ ਦੇਣ ਅਤੇ ਸਰਗਰਮ ਭਾਗੀਦਾਰੀ ਨਿਭਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਸਾਨਾਂ ਨੂੰ ਕਿਹਾ ਕਿ ਇਸ ਮੇਲੇ ਵਿੱਚੋਂ ਸੁਧਰੇ ਬੀਜ, ਖੇਤੀ ਸਾਹਿਤ, ਫਲਾਂ ਤੇ ਸਬਜ਼ੀਆਂ ਦੀ ਪਨੀਰੀ ਆਦਿ ਖਰੀਦ ਕੇ ਲਿਜਾਣ। ਡਾ.ਗੋਸਲ ਨੇ ਕਿਹਾ ਕਿ ਕੋਰੋਨਾ ਕਾਲ ਵਿੱਚ ਯੂਨੀਵਰਸਿਟੀ ਦੀਆਂ ਪਸਾਰ ਗਤੀਵਿਧੀਆਂ ਲਗਾਤਾਰ ਜਾਰੀ ਰਹੀਆਂ।
ਇਸ ਪ੍ਰਸੰਗ ਵਿਚ ਡਿਜੀਟਲ ਅਖਬਾਰ ਅਤੇ ਸੋਸ਼ਲ ਮੀਡੀਆ ਲਾਈਵ ਪ੍ਰੋਗਰਾਮ ਬਾਰੇ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਨਾਗ ਕਲਾਂ ਕੇਂਦਰ ਦੀਆਂ ਖੇਤੀ ਵਿਚ ਵਿਸ਼ੇਸ਼ ਕੋਸ਼ਿਸ਼ਾਂ ਦਾ ਜ਼ਿਕਰ ਵੀ ਕੀਤਾ। ਵਾਈਸ ਚਾਂਸਲਰ ਨੇ ਕਿਸਾਨਾਂ ਨੂੰ ਅਗਲੇ ਫ਼ਸਲੀ ਸੀਜ਼ਨ ਲਈ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਉਹ ਲਗਾਤਾਰ ਯੂਨੀਵਰਸਿਟੀ ਨਾਲ ਜੁੜੇ ਰਹਿਣ।
ਇਹ ਵੀ ਪੜ੍ਹੋ : PUNJAB KISAN MELA 2023: ਮਾਰਚ 'ਚ ਇਨ੍ਹਾਂ ਥਾਵਾਂ 'ਤੇ ਹੋਣਗੇ "ਕਿਸਾਨ ਮੇਲੇ", ਦੇਖੋ ਪ੍ਰੋਗਰਾਮਾਂ ਦੀ ਸੂਚੀ
ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਖੇਤੀ ਖੋਜਾਂ ਬਾਰੇ ਯੂਨੀਵਰਸਿਟੀ ਦੀਆਂ ਗਤੀਵਿਧੀਆਂ ਸਾਂਝੀਆਂ ਕੀਤੀਆਂ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਨੇ ਆਪਣੀ ਹੋਂਦ ਤੋਂ ਹੀ ਕਿਸਾਨਾਂ ਦੀ ਬਿਹਤਰੀ ਲਈ ਆਪਣੇ ਖੋਜ ਪ੍ਰੋਗਰਾਮ ਉਲੀਕੇ ਹਨ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਉਤਪਾਦਨ ਦੇ ਨਾਲ ਗੁਣਵੱਤਾ ਤੇ ਜ਼ੋਰ ਦੇ ਰਹੀ ਹੈ।
ਸਵਾਗਤੀ ਸ਼ਬਦ ਨਿਰਦੇਸ਼ਕ ਪਸਾਰ ਸਿੱਖਿਆ ਡਾ. ਗੁਰਮੀਤ ਸਿੰਘ ਬੁੱਟਰ ਨੇ ਕਹੇ। ਕਿਸਾਨ ਮੇਲਿਆਂ ਦੀ ਰੂਪ-ਰੇਖਾ ਦੱਸਦਿਆਂ ਉਨ੍ਹਾਂ ਕਿਹਾ ਕਿ ਪੀਏਯੂ ਨੇ ਹਰ ਹਾਲ ਨਵੀਂ ਖੇਤੀ ਜਾਣਕਾਰੀ ਕਿਸਾਨਾਂ ਨਾਲ ਸਾਂਝੀ ਕੀਤੀ ਹੈ। ਨਿਰਦੇਸ਼ਕ ਪਸਾਰ ਸਿੱਖਿਆ ਨੇ ਕਿਹਾ ਕਿ ਖੇਤੀ ਉਤਪਾਦਨ ਵਿਚ ਬਹੁਤ ਜ਼ਿਆਦਾ ਵਾਧਾ ਸੰਭਵ ਨਾ ਹੋਣ ਦੀ ਹਾਲਤ ਵਿਚ ਖੇਤੀ ਖਰਚ ਘਟਾ ਕੇ ਮੁਨਾਫ਼ਾ ਵਧਾਇਆ ਜਾ ਸਕਦਾ ਹੈ।
ਉਨ੍ਹਾਂ ਪੰਜਾਬ ਦੇ ਪਾਣੀ ਪੱਖੋਂ ਤੰਗੀ ਹੰਢਾ ਰਹੇ ਬਲਾਕਾਂ ਦਾ ਜ਼ਿਕਰ ਕਰਦਿਆਂ ਪਾਣੀ ਦੀ ਸਥਿਤੀ ਬਾਰੇ ਚਿੰਤਾ ਪ੍ਰਗਟਾਈ। ਉਨ੍ਹਾਂ ਝੋਨੇ ਦੀਆਂ ਘੱਟ ਸਮੇਂ ਵਿੱਚ ਪੱਕਣ ਵਾਲੀਆਂ ਕਿਸਮਾਂ ਅਤੇ ਬਾਸਮਤੀ ਦੀ ਕਾਸ਼ਤ ਲਈ ਵੀ ਕਿਸਾਨਾਂ ਨੂੰ ਪ੍ਰੇਰਿਤ ਕੀਤਾ। ਖੇਤੀ ਦੇ ਨਾਲ ਨਾਲ ਸਹਾਇਕ ਧੰਦਿਆਂ ਦੀ ਮਹੱਤਤਾ ਉੱਪਰ ਵੀ ਜ਼ੋਰ ਦਿੱਤਾ ਅਤੇ ਨਾਲ ਹੀ ਕ੍ਰਿਸ਼ੀ ਵਿਗਿਆਨ ਕੇਂਦਰਾਂ ਵਿਚ ਚਲ ਰਹੇ ਸਿਖਲਾਈ ਪ੍ਰੋਗਰਾਮਾਂ ਬਾਰੇ ਵੀ ਜਾਣਕਾਰੀ ਡਾ. ਗੁਰਮੀਤ ਸਿੰਘ ਬੁੱਟਰ ਨੇ ਦਿੱਤੀ।
ਜ਼ਿਲ੍ਹਾ ਅੰਮ੍ਰਿਤਸਰ ਦੇ ਮੁੱਖ ਖੇਤੀਬਾੜੀ ਅਧਿਕਾਰੀ ਡਾ ਜਤਿੰਦਰ ਸਿੰਘ ਗਿੱਲ ਨੇ ਵੀ ਕਿਸਾਨਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਖੇਤੀਬਾੜੀ ਵਿਭਾਗ ਦੀਆਂ ਵੱਖ ਵੱਖ ਯੋਗਨਾਵਾਂ ਬਾਰੇ ਕਿਸਾਨਾਂ ਨੂੰ ਜਾਣੂੰ ਕਰਾਇਆ। ਉਨ੍ਹਾਂ ਬਾਸਮਤੀ ਦੀ ਕਾਸ਼ਤ ਲਈ ਚੁਣੇ ਗਏ ਚੁਗਾਵਾਂ ਬਲਾਕ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ।
ਸਮਾਗਮ ਦਾ ਸੰਚਾਲਨ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਕੀਤਾ। ਅੰਤ ਵਿੱਚ ਧੰਨਵਾਦ ਦੇ ਸ਼ਬਦ ਕ੍ਰਿਸ਼ੀ ਵਿਗਿਆਨ ਕੇਂਦਰ ਨਾਗ ਕਲਾਂ ਦੇ ਉਪ ਨਿਰਦੇਸ਼ਕ ਡਾ. ਬਿਕਰਮਜੀਤ ਸਿੰਘ ਨੇ ਕਹੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਪੀਏਯੂ ਮਾਹਿਰ ਡਾ. ਕੇ ਐੱਲ ਮੇਰਾ ਅਤੇ ਸਾਬਕਾ ਨਿਰਦੇਸ਼ਕ ਪਸਾਰ ਸਿੱਖਿਆ ਡਾ. ਅਸ਼ੋਕ ਕੁਮਾਰ ਵੀ ਮੌਜੂਦ ਸਨ। ਪੀ.ਏ.ਯੂ. ਦੇ ਮਾਹਿਰਾਂ ਨੇ ਕਿਸਾਨਾਂ ਨੂੰ ਖੇਤੀ ਨਾਲ ਸੰਬੰਧਿਤ ਵਿਸ਼ਿਆਂ ਬਾਰੇ ਜਾਣਕਾਰੀ ਸੈਸ਼ਨ ਵਿਚ ਜਾਣਕਾਰੀ ਦਿੱਤੀ।
ਇਸ ਦੌਰਾਨ ਆਪਣੇ ਖੇਤਰ ਵਿਚ ਨਾਮਣਾ ਖੱਟਣ ਵਾਲੇ ਕਿਸਾਨਾਂ ਨੂੰ ਸਨਮਾਨਿਤ ਕੀਤਾ ਗਿਆ। ਵੱਡੀ ਪੱਧਰ ਤੇ ਸਵੈ ਸੇਵੀ ਸੰਸਥਾਵਾਂ, ਕਿਸਾਨ ਨਿਰਮਾਤਾ ਸੰਗਠਨਾਂ, ਨਿੱਜੀ ਕੰਪਨੀਆਂ ਤੋਂ ਇਲਾਵਾ ਪੀ ਏ ਯੂ ਦੇ ਵਿਭਾਗਾਂ ਨੇ ਆਪਣੀਆਂ ਸਟਾਲਾਂ ਲਗਾਈਆਂ ਸਨ। ਕਿਸਾਨਾਂ ਨੇ ਸਾਉਣੀ ਦੀਆਂ ਫ਼ਸਲਾਂ ਦੇ ਬੀਜ, ਫ਼ਲਦਾਰ ਬੂਟੇ ਅਤੇ ਖੇਤੀ ਸਾਹਿਤ ਖਰੀਦਣ ਵਿਚ ਵਿਸ਼ੇਸ਼ ਦਿਲਚਸਪੀ ਦਿਖਾਈ।
Summary in English: PAU KISAN MELA 2023 START: 'Let's reduce farm expenditure, don't apply excess water and fertilizers'