ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਅੰਤਰਰਾਸਟਰੀ ਖਾਦ ਵਿਕਾਸ ਕੇਂਦਰ ਅਮਰੀਕਾ ਨਾਲ ਇੱਕ ਵਿਸ਼ੇਸ਼ ਸਮਝੌਤੇ ਤੇ ਦਸਤਖਤ ਕੀਤੇ। ਇਸ ਸਮਝੌਤੇ ਅਨੁਸਾਰ ਝੋਨੇ ਦੇ ਟਰਾਂਸਪਲਾਂਟਰ ਲਈ ਫਰਟੀਲਾਈਜ਼ਰ ਡੀਪ ਪਲੇਸਮੈਂਟ ਵਿਧੀ ਦੇ ਵਿਕਾਸ ਲਈ ਕਾਰਜ ਕਰਨ ਦੇ ਉਦੇਸ਼ ਨਾਲ ਦੋਵੇਂ ਸੰਸਥਾਵਾਂ ਸਾਂਝੇ ਤੌਰ ਤੇ ਯਤਨ ਕਰਨਗੀਆਂ।
ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਅਤੇ ਆਈ ਐੱਫ ਡੀ ਸੀ ਦੇ ਉਪ ਪ੍ਰਧਾਨ ਡਾ. ਉਪੇਂਦਰ ਸਿੰਘ ਨੇ ਇਸ ਸਮਝੌਤੇ ਤੇ ਹਸਤਾਖਰ ਕੀਤੇ। ਇਸ ਸਮਝੌਤੇ ਵਿੱਚ ਪੀ.ਏ.ਯੂ. ਅਤੇ ਆਈ ਐਫ ਡੀ ਸੀ ਮਿਲ ਕੇ ਫਰਟੀਲਾਈਜ਼ਰ ਡੀਪ ਪਲੇਸਮੈਂਟ ਵਿਧੀ ਦੇ ਵਿਕਾਸ ਵਿੱਚ ਸਹਿਯੋਗ ਕਰਨਗੇ ਜਿਸ ਨਾਲ ਮਿੱਟੀ ਖਾਦ ਦੀ ਵਰਤੋਂ ਦੀ ਕੁਸਲਤਾ ਵਿੱਚ ਸੁਧਾਰ ਕਰਨ ਵਿੱਚ ਮਦਦ ਹੋਵੇਗੀ।
ਡਾ. ਉਪੇਂਦਰ ਸਿੰਘ ਨੇ ਕਿਹਾ ਕਿ ਫਰਟੀਲਾਈਜ਼ਰ ਡੀਪ ਪਲੇਸਮੈਂਟ ਝੋਨੇ ਅਤੇ ਹੋਰ ਫਸਲਾਂ ਵਿੱਚ ਰਵਾਇਤੀ ਖਾਦ ਦੀ ਵਰਤੋਂ ਦੇ ਮੁਕਾਬਲੇ ਖਾਦ ਦੀ ਵਰਤੋਂ ਦੀ ਕੁਸਲਤਾ ਨੂੰ ਵਧਾਏਗੀ, ਇਸ ਲਈ ਇਸ ਢੰਗ ਨਾਲ ਦੇਸ ਵਿੱਚ ਯੂਰੀਆ ਦੀ ਲਗਭਗ 30% ਬੱਚਤ ਕਰਨ ਦੀ ਸਮਰੱਥਾ ਹੈ।
ਇਹ ਵੀ ਪੜ੍ਹੋ : "ਕੁਦਰਤੀ ਖੇਤੀ" ਭਵਿੱਖ ਦਾ ਵਸੀਲਾ, ਸਿਖਲਾਈ ਰਾਹੀਂ ਜੀਵ-ਅੰਮ੍ਰਿਤ ਅਤੇ ਬੀਜ-ਅੰਮ੍ਰਿਤ ਬਣਾਉਣ ਬਾਰੇ ਜਾਣਕਾਰੀ
ਉਨ੍ਹਾਂ ਨੇ ਜੋਰ ਦੇ ਕੇ ਕਿਹਾ ਕਿ ਖਾਦ ਦੀ ਡੂੰਘੀ ਪਲੇਸਮੈਂਟ ਤਕਨੀਕ ਦੀ ਜਾਂਚ ਕੀਤੀ ਗਈ ਹੈ ਅਤੇ ਦੁਨੀਆ ਭਰ ਦੇ ਖੋਜਕਰਤਾਵਾਂ ਦੁਆਰਾ ਇਸਦੇ ਲਾਭ ਦੱਸੇ ਗਏ ਹਨ। ਤਾਂ ਵੀ ਇਹ ਵਿਧੀ ਆਮਤੌਰ ਤੇ ਪ੍ਰਚਲਿਤ ਨਹੀਂ ਹੈ। ਉਹਨਾਂ ਕਿਹਾ ਕਿ ਦੋਵਾਂ ਸੰਸਥਾਵਾਂ ਦਾ ਸਹਿਯੋਗੀ ਕੰਮ ਕਿਸਾਨ ਭਾਈਚਾਰੇ ਦੀ ਮਦਦ ਕਰੇਗਾ ਅਤੇ ਸਾਡੇ ਭਵਿੱਖ ਦੇ ਸਹਿਯੋਗ ਲਈ ਨਵੇਂ ਰਸਤੇ ਵੀ ਖੋਲ੍ਹੇਗਾ।
ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਅਤੇ ਖੇਤ ਮਸ਼ੀਨਰੀ ਅਤੇ ਪਾਵਰ ਇੰਜਨੀਅਰਿੰਗ ਵਿਭਾਗ ਦੇ ਮੁਖੀ ਡਾ. ਮਹੇਸ਼ ਨਾਰੰਗ ਨੇ ਪ੍ਰੋਜੈਕਟ ਮਿਲਣ ਲਈ ਖੇਤ ਮਸ਼ੀਨਰੀ ਅਤੇ ਪਾਵਰ ਇੰਜਨੀਅਰਿੰਗ ਵਿਭਾਗ ਦੇ ਮਾਹਿਰ ਡਾ. ਐੱਚ ਐੱਸ ਸਿੱਧੂ ਨੂੰ ਵਧਾਈ ਦਿੱਤੀ।
ਇਹ ਵੀ ਪੜ੍ਹੋ : ਖੇਤੀਬਾੜੀ ਪ੍ਰੋਸੈਸਿੰਗ ਲਈ ਸਿਖਲਾਈ ਕੈਂਪ ਦਾ ਆਯੋਜਨ, ਪੇਂਡੂ ਨੌਜਵਾਨਾਂ ਨੂੰ ਰੁਜ਼ਗਾਰ ਦੇਣ 'ਤੇ ਜ਼ੋਰ
ਡਾ. ਸਿੱਧੂ ਨੇ ਇਸ ਤਕਨਾਲੋਜੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਝੋਨੇ ਦੇ ਮੌਜੂਦਾ ਟਰਾਂਸਪਲਾਂਟਰਾਂ ਵਿੱਚ ਡੂੰਘਾ ਖਾਦ ਕੇਰਨ ਦੀ ਇਹ ਵਿਧੀ ਵਾਧੇ ਦੇ ਤੌਰ ਤੇ ਜੋੜ ਲਈ ਜਾਵੇਗੀ ਇਸ ਨਾਲ ਝੋਨੇ ਦੀ ਲਵਾਈ ਅਤੇ ਖਾਦ ਪਾਉਣ ਦਾ ਕੰਮ ਨਾਲੋ-ਨਾਲ ਹੋਵੇਗਾ ਜਿਸ ਨਾਲ ਖਾਦ ਪਾਉਣ ਦੀ ਮਜ਼ਦੂਰੀ ਦੇ ਖਰਚਿਆਂ ਦੀ ਬੱਚਤ ਹੋ ਸਕੇਗੀ।
ਅਮਰੀਕੀ ਕੇਂਦਰ ਦੇ ਡਾ. ਯਸ਼ ਸਹਿਰਾਵਤ ਨੇ ਕਿਹਾ ਕਿ ਗ੍ਰੀਨਹਾਉਸ ਗੈਸਾਂ ਦੇ ਨਿਕਾਸ ਦੀ ਸਮੱਸਿਆ ਨੂੰ ਹੱਲ ਕਰਨ ਲਈ ਇਹ ਤਕਨੀਕ ਕੱਦੂ ਵਿੱਚ ਲਾਏ ਝੋਨੇ ਲਈ ਮਹੱਤਵਪੂਰਨ ਖੋਜ ਹੈ ਜਿਸ ਨਾਲ ਆਮਤੌਰ ਤੇ ਯੂਰੀਆ ਖਾਦ ਦੇ ਖਰਚਿਆਂ ਵਿੱਚ ਕਮੀ ਦੇਖੀ ਜਾ ਸਕਦੀ ਹੈ।
Summary in English: PAU signs MoU with US International Fertilizer Development Center