Punjab Agricultural University: ਆਪਣੀਆਂ ਮੰਗਾਂ ਨੂੰ ਲੈ ਕੇ ਸੋਮਵਾਰ ਨੂੰ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਮੋਰਚਾ ਖੋਲ੍ਹ ਦਿੱਤਾ। ਇਨ੍ਹਾਂ ਵਿਦਿਆਰਥੀਆਂ ਨੇ ਐਮਐਸ ਰੰਧਾਵਾ ਲਾਇਬ੍ਰੇਰੀ ਦੇ ਬਾਹਰ ਪ੍ਰਦਰਸ਼ਨ ਕਰਦਿਆਂ ਦੋਸ਼ ਲਾਇਆ ਕਿ ਪੰਜਾਬ ਖੇਤੀਬਾੜੀ ਵਿਭਾਗ ਡਿਪਲੋਮਾ ਹੋਲਡਰਾਂ ਦੀ ਭਰਤੀ ਕਰ ਰਿਹਾ ਹੈ। ਜਦੋਂਕਿ, ਬੀਐਸਸੀ, ਐਮਐਸਸੀ ਅਤੇ ਡਾਕਟਰੇਟ ਵਰਗੀਆਂ ਉੱਚ ਡਿਗਰੀਆਂ ਵਾਲੇ ਅਧਿਕਾਰੀ ਲੰਬੇ ਸਮੇਂ ਤੋਂ ਮੌਕਾ ਲੱਭਣ ਲਈ ਸੰਘਰਸ਼ ਕਰ ਰਹੇ ਹਨ।
Student Protest: ਸੋਮਵਾਰ ਨੂੰ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਿਦਿਆਰਥੀਆਂ ਦਾ ਗੁੱਸਾ ਦੇਖਣ ਨੂੰ ਮਿਲਿਆ। ਇਨ੍ਹਾਂ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਸੂਬਾ ਸਰਕਾਰ ਵੱਲੋਂ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਦਾ ਵਾਅਦਾ ਕਰਨ ਦੇ ਬਾਵਜੂਦ ਖੇਤੀਬਾੜੀ ਵਿਭਾਗ ਵਿੱਚ 60 ਫੀਸਦੀ ਅਸਾਮੀਆਂ ਖਾਲੀ ਪਾਈਆਂ ਹਨ। ਪ੍ਰਦਰਸ਼ਨਕਾਰੀਆਂ ਨੇ ਦਾਅਵਾ ਕੀਤਾ ਕਿ ਸਰਕਾਰ ਨੇ ਡਿਪਲੋਮੇ ਦੇ ਆਧਾਰ 'ਤੇ 70 ਖੇਤੀਬਾੜੀ ਵਿਸਥਾਰ ਅਫਸਰਾਂ ਨੂੰ ਖੇਤੀਬਾੜੀ ਵਿਕਾਸ ਅਫਸਰ ਵਜੋਂ ਤਰੱਕੀ ਦਿੱਤੀ, ਪਰ ਬੀਐਸਸੀ, ਐਮਐਸਸੀ ਅਤੇ ਡਾਕਟਰੇਟ ਵਰਗੀਆਂ ਉੱਚ ਡਿਗਰੀਆਂ ਵਾਲੇ ਅਧਿਕਾਰੀ ਮੌਕਾ ਲੱਭਣ ਲਈ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਵਿਭਾਗ ਵਿੱਚ ਖੇਤੀਬਾੜੀ ਵਿਕਾਸ ਅਫ਼ਸਰ ਦੀਆਂ 510, ਬਾਗਬਾਨੀ ਵਿਕਾਸ ਅਫ਼ਸਰ ਦੀਆਂ 150, ਖੇਤੀਬਾੜੀ ਸਬ-ਇੰਸਪੈਕਟਰ ਦੀਆਂ 370 ਅਤੇ ਭੂਮੀ ਸੰਭਾਲ ਅਫ਼ਸਰ ਦੀਆਂ 20 ਅਸਾਮੀਆਂ ਖਾਲੀ ਹਨ।
ਇੱਕ ਪ੍ਰਦਰਸ਼ਨਕਾਰੀ ਨੇ ਦੱਸਿਆ ਕਿ ਆਪਣੀਆਂ ਮੰਗਾ ਨੂੰ ਲੈ ਕੇ ਉਹ ਸਰਕਾਰੀ ਅਧਿਕਾਰੀਆਂ ਨੂੰ ਕਈ ਵਾਰ ਸੂਚਿਤ ਕਰ ਚੁਕੇ ਹਨ, ਪਰ ਹਾਲੇ ਤੱਕ ਕੋਈ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ ਹੈ। ਉਨ੍ਹਾਂ ਕਿਹਾ ਕਿ ਜਦੋਂ ਮੌਜੂਦਾ ਸਰਕਾਰ ਨੇ 26 ਹਜ਼ਾਰ ਤੋਂ ਵੱਧ ਅਸਾਮੀਆਂ ਦਾ ਇਸ਼ਤਿਹਾਰ ਦਿੱਤਾ ਸੀ, ਉਦੋਂ ਵੀ ਖੇਤੀਬਾੜੀ ਵਿਭਾਗ ਦੀ ਇੱਕ ਵੀ ਪੋਸਟ ਨਹੀਂ ਸੀ। ਇਸ ਮੌਕੇ ਉਨ੍ਹਾਂ ਨੇ ਅਧਿਕਾਰੀਆਂ ਨੂੰ 60% ਖਾਲੀ ਅਸਾਮੀਆਂ ਦਾ ਇਸ਼ਤਿਹਾਰ ਦੇਣ ਦੀ ਬੇਨਤੀ ਕੀਤੀ। ਇਨ੍ਹਾਂ ਹੀ ਨਹੀਂ, ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾ ਵਿਭਾਗ ਨੇ 2012 'ਚ ਅਸਾਮੀਆਂ ਦਾ ਇਸ਼ਤਿਹਾਰ ਦਿੱਤਾ ਸੀ ਅਤੇ ਉਦੋਂ ਤੋਂ ਕੋਈ ਭਰਤੀ ਨਹੀਂ ਹੋਈ ਹੈ।
ਗੱਲਬਾਤ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਪੰਜਾਬ ਇੱਕ ਖੇਤੀਬਾੜੀ ਪ੍ਰਧਾਨ ਸੂਬਾ ਹੈ, ਬਾਵਜੂਦ ਇਸਦੇ ਇਸ ਖੇਤਰ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮਾਨਯੋਗ ਯੂਨੀਵਰਸਿਟੀਆਂ ਤੋਂ ਪੜਨ ਵਾਲੇ ਵਿਦਿਆਰਥੀ ਬੇਰੁਜ਼ਗਾਰ ਹਨ, ਜਿਸ ਦਾ ਨੁਕਸਾਨ ਨੌਜਵਾਨਾਂ ਦੇ ਨਾਲ-ਨਾਲ ਕਿਸਾਨਾਂ ਦਾ ਵੀ ਹੈ। ਇੱਕ ਪ੍ਰਦਰਸ਼ਨਕਾਰੀ ਦਾ ਕਹਿਣਾ ਸੀ ਕਿ ਮੌਜੂਦਾ ਸਰਕਾਰ ਨੇ ਚੋਣਾਂ ਤੋਂ ਪਹਿਲਾ ਵਾਅਦਾ ਕੀਤਾ ਸੀ ਕਿ ਸੂਬੇ ਦੇ ਹਰ ਪਿੰਡ ਦੇ ਸਕੂਲ ਵਿੱਚ ਖੇਤੀਬਾੜੀ ਦਾ ਮਾਸਟਰ ਭਰਤੀ ਕੀਤਾ ਜਾਵੇਗਾ, ਪਰ ਸੰਬੰਧੀ ਕੋਈ ਕੰਮ ਨਹੀਂ ਕੀਤਾ ਗਿਆ।
ਇਹ ਵੀ ਪੜ੍ਹੋ: KVK ਲੰਗੜੋਆ ਵਿਖੇ “ਸੂਰ ਫਾਰਮਿੰਗ” ਕੋਰਸ ਸ਼ੁਰੂ, ਵਧੇਰੇ ਜਾਣਕਾਰੀ ਲਈ ਇਸ ਨੰਬਰ 'ਤੇ ਕਰੋ ਸੰਪਰਕ
ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਦਾਅਵਾ ਕੀਤਾ ਕਿ 8,000 ਗ੍ਰੈਜੂਏਟ, ਪੋਸਟ ਗ੍ਰੈਜੂਏਟ ਅਤੇ ਪੀਐਚਡੀ-ਧਾਰਕ ਕਤਾਰ ਵਿੱਚ ਹਨ। ਪਰ ਕੋਈ ਵੀ ਇਸ ਮਾਮਲੇ ਦੀ ਸਾਰ ਲੈਣ ਨੂੰ ਤਿਆਰ ਨਹੀਂ ਹੈ। ਫਿਲਹਾਲ, ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਦੀ ਮੰਗਾਂ ਜਲਦੀ ਨਾ ਮੰਨੀਆਂ ਗਈਆਂ, ਤਾਂ ਪੀ.ਏ.ਯੂ ਤੋਂ ਮਾਸਟਰ, ਬੈਚਲਰ ਅਤੇ ਡਾਕਟਰੇਟ ਡਿਗਰੀਆਂ ਵਾਲੇ ਵਿਦਿਆਰਥੀ ਵੀ ਇਸ ਰੋਸ ਪ੍ਰਦਰਸ਼ਨ ਦਾ ਹਿੱਸਾ ਬਣਨਗੇ।
Summary in English: PAU students open a front, they are angry with the recruitment of diploma holders