ਹੁਣ ਵਾਤਾਵਰਨ ਪੱਖੀ ਖੇਤੀ ਦਾ ਵਿਕਾਸ ਹੋਵੇਗਾ, ਪੀਏਯੂ ਅਤੇ ਟੀਐੱਨਸੀ ਇੰਡੀਆ ਵਿਚਾਲੇ ਫਸਲੀ ਰਹਿੰਦ-ਖੂੰਹਦ ਦੀ ਖੇਤ ਵਿੱਚ ਸੰਭਾਲ ਲਈ ਇੱਕ ਐਮਓਯੂ 'ਤੇ ਦਸਤਖਤ ਕੀਤੇ ਗਏ।
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਅਤੇ ਦਿ ਨੇਚਰ ਕੰਜਰਵੈਂਸੀ ਇੰਡੀਆ (TNC India) ਵਿਚਕਾਰ ਸ਼ੁਕਰਵਾਰ ਫਸਲੀ ਰਹਿੰਦ-ਖੂੰਹਦ ਦੀ ਖੇਤ ਵਿੱਚ ਸੰਭਾਲ ਕਰਨ ਲਈ ਇੱਕ ਸਮਝੌਤੇ ਤੇ ਦਸਤਖਤ ਕੀਤੇ ਗਏ। ਇਹ ਸਮਝੌਤਾ ਪੀ.ਏ.ਯੂ. ਦੇ ਵਾਈਸ ਚਾਂਲਸਰ ਡਾ. ਸਤਿਬੀਰ ਸਿੰਘ ਗੋਸਲ ਦੀ ਮੌਜੂਦਗੀ ਵਿੱਚ ਸਿਰੇ ਚੜਿਆ। ਇਸ ਸਮਝੌਤੇ ਵਿੱਚ ਪੰਜਾਬ ਵਿੱਚ ਫਸਲੀ ਰਹਿੰਦ-ਖੂੰਹਦ ਨੂੰ ਸਾੜੇ ਬਿਨਾਂ ਪੰਜਾਬ ਵਿੱਚ ਵਾਤਾਵਰਨ ਪੱਖੀ ਖੇਤੀ ਦੇ ਵਿਕਾਸ ਸੰਬੰਧੀ ਸਹਿਮਤੀ ਪ੍ਰਗਟ ਕੀਤੀ ਗਈ।
ਇਹ ਪਹਿਲਕਦਮੀ ਪੰਜਾਬ ਰਾਜ ਵਿੱਚ ਲਾਗੂ ਕੀਤੇ ਜਾ ਰਹੇ ਪ੍ਰੋਮੋਟਿੰਗ ਰੀਜੈਨਰੇਟਿਵ ਐਂਡ ਨੋ ਬਰਨ ਐਗਰੀਕਲਚਰ (ਪ੍ਰਾਣਾ) ਪ੍ਰੋਜੈਕਟ ਨੂੰ ਉਤਸਾਹਿਤ ਕਰਨ ਲਈ ਸਹਿਯੋਗੀ ਕੋਸ਼ਿਸ਼ਾਂ ’ਤੇ ਆਧਾਰਿਤ ਹੋਵੇਗੀ। ਇਸ ਦੌਰਾਨ ਸਾਂਝੇ ਤੌਰ ਤੇ ਪਿੰਡਾਂ ਵਿੱਚ ਪਸਾਰ ਗਤੀਵਿਧੀਆਂ ਨੂੰ ਅਪਣਾਉਣ, ਸੰਚਾਰ ਸਮੱਗਰੀ ਵਿਕਸਿਤ ਕਰਨ, ਸਟਾਫ ਦੀ ਸਿਖਲਾਈ ਅਤੇ ਸਮਰੱਥਾ ਨਿਰਮਾਣ ਕਰਕੇ ਸਾੜੇ ਬਿਨਾਂ ਖੇਤੀ ਸੰਬੰਧੀ ਅੰਕੜਿਆਂ ਦਾ ਅਦਾਨ-ਪ੍ਰਦਾਨ ਅਤੇ ਨਵੀਆਂ ਖੇਤੀ ਸੰਭਾਵਨਾਵਾਂ ਬਾਰੇ ਖੋਜ ਅਤੇ ਵਿਚਾਰ ਕੀਤਾ ਜਾਵੇਗਾ।
ਇਸ ਮੌਕੇ ਬੋਲਦਿਆਂ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਇਹ ਸਮਝੌਤਾ ਦੋਵਾਂ ਸੰਸਾਰ ਪ੍ਰਸਿੱਧ ਸੰਸਥਾਵਾਂ ਵੱਲੋਂ ਸਾਂਝੇ ਰੂਪ ਵਿੱਚ ਖੇਤੀ ਦੇ ਨਵੇਂ ਮੌਕਿਆਂ ਦੀ ਤਲਾਸ਼ ਕਰਨ ਅਤੇ ਪੰਜਾਬ ਦੇ ਕਿਸਾਨ ਭਾਈਚਾਰੇ ਨੂੰ ਅਹਿਮ ਸਹਾਇਤਾ ਪ੍ਰਦਾਨ ਕਰਨ ਦਾ ਇੱਕ ਮੌਕਾ ਹੈ। ਉਨ੍ਹਾਂ ਨੇ ਵਾਤਾਵਰਨ ਪੱਖੀ ਸਮਾਰਟ ਖੇਤੀਬਾੜੀ, ਕੁਦਰਤੀ ਸਰੋਤਾਂ ਦੀ ਸੰਭਾਲ, ਸੈਂਸਰ ਅਧਾਰਤ ਸੂਖਮ ਖੇਤੀਬਾੜੀ, ਅੰਕੜਾਂ ਪ੍ਰਬੰਧਨ ਅਤੇ ਖੇਤੀ ਮੁਨਾਫੇ ਨੂੰ ਵਧਾਉਣ ਦੇ ਉੱਭਰ ਰਹੇ ਖੇਤਰਾਂ ਵਿੱਚ ਸਾਂਝੇ ਤੌਰ ’ਤੇ ਕੰਮ ਕਰਨ ਲਈ ਵਿਸ਼ਵ ਦੇ ਮਾਹਿਰਾਂ ਸਾਂਝਾ ਮੰਚ ਉਸਾਰਨ ਦੀ ਲੋੜ ’ਤੇ ਜੋਰ ਦਿੱਤਾ।
ਇਹ ਵੀ ਪੜ੍ਹੋ: ਪੀ.ਏ.ਯੂ. ਦਾ ਸੰਯੁਕਤ ਖੇਤੀ ਪ੍ਰਣਾਲੀ ਮਾਡਲ ਛੋਟੇ ਅਤੇ ਸੀਮਾਂਤ ਕਿਸਾਨਾਂ ਲਈ ਲਾਹੇਵੰਦ : ਡਾ. ਗੋਸਲ
ਟੀਐਨਸੀ ਇੰਡੀਆ ਦੇ ਪ੍ਰਬੰਧਕੀ ਨਿਰਦੇਸ਼ਕ ਡਾ. ਅੰਨਪੁਰਣਾ ਵਾਂਚੇਸਵਰਨ ਨੇ ਵਿਗਿਆਨ ਅਧਾਰਿਤ ਹੱਲ ਬਾਰੇ ਕੰਪਨੀ ਦੇ ਉਦੇਸ਼ਾਂ ਨੂੰ ਪ੍ਰਗਟ ਕਰਦਿਆਂ ਕਿਹਾ ਕਿ ਉਹ ਅੰਕੜੇ ਅਤੇ ਜਾਣਕਾਰੀ ਦੇ ਆਦਾਨ-ਪ੍ਰਦਾਨ ਦੇ ਸਬੰਧ ਵਿੱਚ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਲਈ ਵਚਨਬੱਧ ਹਨ। ਨਾਲ ਹੀ ਰੀਜਨਰੇਟਿਵ ਉੱਤੇ ਖੋਜ ਪ੍ਰੋਜੈਕਟ ਸਥਾਪਤ ਕਰਨ ਵਿੱਚ ਸਹਾਇਤਾ ਪ੍ਰਦਾਨ ਕਰਨ ਲਈ ਵੀ ਵਚਨਬੱਧ ਹਨ।
ਟੀਐਨਸੀ ਆਪਣੇ ਟੀਚੇ ਵਾਲੇ ਜ਼ਿਲ੍ਹਿਆਂ ਵਿੱਚ ਪਹਿਲਾਂ ਤੋਂ ਵਿਕਸਤ ਫਸਲਾਂ ਦੀ ਰਹਿੰਦ-ਖੂੰਹਦ ਪ੍ਰਬੰਧਨ ਤਕਨੀਕਾਂ ਨੂੰ ਪ੍ਰਸਿੱਧ ਕਰਨ ਬਣਾਉਣ ਵਿੱਚ ਵੀ ਸਹਾਇਤਾ ਕਰੇਗਾ ਅਤੇ ਖੇਤ ਵਿੱਚ ਹੀ ਫਸਲਾਂ ਦੀ ਰਹਿੰਦ-ਖੂੰਹਦ ਦੀ ਸੰਭਾਲ ਦੇ ਟਿਕਾਊ ਤਰੀਕਿਆਂ, ਘੱਟ ਜੈਵਿਕ ਮਾਦੇ ਵਾਲੀਆਂ ਛੋਟੀ ਮਿਆਦ ਦੀਆਂ ਕਿਸਮਾਂ ਦੇ ਵਿਕਾਸ ਅਤੇ ਮਿੱਟੀ ਦੇ ਸੈਂਸਰ-ਅਧਾਰਿਤ ਮੁਲਾਂਕਣ ’ਤੇ ਖੋਜ ਵਿੱਚ ਸਾਮਲ ਹੋਵੇਗਾ।
ਇਹ ਵੀ ਪੜ੍ਹੋ : ਮਿਰਚਾਂ ਦੀ ਹਾਈਬ੍ਰਿਡ ਕਿਸਮ CH-27 ਦੇ ਵਪਾਰਕ ਬੀਜ ਉਤਪਾਦਨ ਲਈ ਸਮਝੌਤਾ
ਪੀ.ਏ.ਯੂ. ਦੇ ਰਜਿਸਟਰਾਰ ਡਾ ਸ਼ੰਮੀ ਕਪੂਰ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਅੱਜ ਦੇ ਉੱਚ ਮੁਕਾਬਲੇ ਵਾਲੇ ਸੰਸਾਰ ਵਿੱਚ ਅਜਿਹਾ ਗੱਠਜੋੜ ਬਹੁਤ ਜਰੂਰੀ ਹੈ ਅਤੇ ਮਿਲ ਕੇ ਕੰਮ ਕਰਨ ਨਾਲ ਹਮੇਸਾਂ ਬਿਹਤਰ ਅਤੇ ਟਿਕਾਊ ਤਕਨੀਕਾਂ ਅਤੇ ਹੱਲ ਪੈਦਾ ਹੋਏ ਹਨ।
ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਟਿਕਾਊ ਖੇਤੀਬਾੜੀ ਅਤੇ ਝੋਨੇ ਦੀ ਪਰਾਲੀ ਦੀ ਸੰਭਾਲ ਸਮੇਤ ਉਭਰ ਰਹੇ ਖੇਤਰਾਂ ਵੱਲ ਯੂਨੀਵਰਸਿਟੀ ਦੁਆਰਾ ਕੀਤੀਆਂ ਖੋਜ ਪਹਿਲਕਦਮੀਆਂ ਬਾਰੇ ਵਿਸਥਾਰ ਨਾਲ ਦੱਸਿਆ।
ਪ੍ਰੋਜੈਕਟ ਨਿਰਦੇਸ਼ਕ ਅਤੇ ਟੀ ਐੱਨ ਸੀ ਇੰਡੀਆ ਦੇ ਡਾ. ਗੁਰੁਲਿੰਗੱਪਾ ਕੋਪਾ ਨੇ ਕਿਹਾ ਕਿ ਇਹ ਸਮਝੌਤਾ ਪੰਜਾਬ ਵਿੱਚ ਟਿਕਾਊ, ਪੁਨਰ-ਉਤਪਾਦਕ ਖੇਤੀਬਾੜੀ ਵੱਲ ਇੱਕ ਮਹੱਤਵਪੂਰਨ ਕਦਮ ਹੈ, ਜੋ ਮਿੱਟੀ ਦੀ ਸਿਹਤ ਵਿੱਚ ਸੁਧਾਰ ਕਰੇਗਾ ਅਤੇ ਪਾਣੀ ਦੀ ਸੰਭਾਲ ਕਰੇਗਾ।
ਪੋ੍ਰਗਰਾਮ ਦਾ ਸੰਚਾਲਨ ਕਰ ਰਹੇ ਡਾ. ਵਿਸਾਲ ਬੈਕਟਰ ਨੇ ਦੱਸਿਆ ਕਿ ਪੀ.ਏ.ਯੂ. ਦੇ ਕਿਸਾਨਾਂ, ਸੰਸਥਾਵਾਂ, ਨੀਤੀ ਨਿਰਮਾਤਾਵਾਂ ਅਤੇ ਉਦਯੋਗਾਂ ਨਾਲ ਸਬੰਧਾਂ ਦਾ ਉਦੇਸ ਖੇਤੀ ਦੀ ਖੁਸਹਾਲੀ ਲਿਆਉਣਾ ਹੈ। ਯੂਨੀਵਰਸਿਟੀ ਦੁਆਰਾ ਅਗਲੀ ਪੀੜ੍ਹੀ ਦੀਆਂ ਖੇਤੀ ਤਕਨਾਲੋਜੀਆਂ ਅਤੇ ਹੱਲਾਂ ਨੂੰ ਵਿਕਸਤ ਕਰਨ ਅਤੇ ਸੰਸਥਾਗਤ ਸਬੰਧ ਬਣਾਉਣ ਲਈ ਨਵੀਆਂ ਪਹਿਲਕਦਮੀਆਂ ਲਗਾਤਾਰ ਕੀਤੀਆਂ ਜਾ ਰਹੀਆਂ ਹਨ।
Summary in English: PAU Teams up with TNC India for In-Situ Stubble Management: MOU Signed