ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਸੁਖਦੇਵ ਸਿੰਘ ਭਵਨ ਵਿਖੇ ਹੋਏ ਇੱਕ ਸਾਦਾ ਸਮਾਗਮ ਵਿੱਚ ਡਾ. ਅਮਨਪ੍ਰੀਤ ਸਿੰਘ ਬਰਾੜ ਦੁਆਰਾ ਲਿਖੀ ਪੁਸਤਕ ਪੰਜਾਬ ਦੀ ਖੇਤੀ ਪ੍ਰਬੰਧਨ ਦੀ ਅੱਖ ਤੋਂ ਨੂੰ ਅੱਜ ਰਿਲੀਜ਼ ਕੀਤਾ ਗਿਆ। ਇਸ ਪੁਸਤਕ ਨੂੰ ਲੋਕ ਅਰਪਣ ਕਰਨ ਦੀ ਰਸਮ ਪੀ ਏ ਯੂ ਦੇ ਵਾਈਸ-ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਕੀਤੀ। ਸਮਾਰੋਹ ਵਿੱਚ ਰਾਜਨੇਤਾ ਸ. ਪਰਮਿੰਦਰ ਸਿੰਘ ਬਰਾੜ ਅਤੇ ਸ. ਜਗਮੀਤ ਸਿੰਘ ਬਰਾੜ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਹਾਜ਼ਰੀ ਭਰੀ। ਨਾਲ ਹੀ ਇਸ ਦੌਰਾਨ ਯੂਨੀਵਰਸਿਟੀ ਦੇ ਅਧਿਕਾਰੀ, ਫੈਕਲਟੀ ਮੈਂਬਰ ਅਤੇ ਸਾਹਿਤਕ ਹਸਤੀਆਂ ਵੀ ਸ਼ਾਮਲ ਸਨ।
ਹਾਜ਼ਰ ਸਰੋਤਿਆਂ ਨੂੰ ਸੰਬੋਧਨ ਕਰਦਿਆਂ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਖੇਤੀ ਦੇ ਤੌਰ ਤਰੀਕਿਆਂ ਨੂੰ ਬਦਲਣ ਦੀ ਲੋੜ ਤੇ ਜ਼ੋਰ ਦਿੱਤਾ ਅਤੇ ਖੇਤੀ ਸਬੰਧੀ ਗਲਤ ਧਾਰਨਾਵਾਂ ਨੂੰ ਦੂਰ ਕਰਨ ਲਈ ਡਾ. ਬਰਾੜ ਦੀ ਪੁਸਤਕ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਕਿਤਾਬ ਦੇ ਲੇਖਕ ਨੇ ਬੜੇ ਪ੍ਰਚਲਿਤ ਵਿਸ਼ੇ ਨੂੰ ਨਿਵੇਕਲੇ ਅੰਦਾਜ਼ ਵਿਚ ਲਿਖਿਆ ਹੈ। ਪਾਣੀ ਦੇ ਵਹੀ ਖਾਤੇ ਤੋਂ ਲੈ ਕੇ ਝੋਨੇ ਨਾਲ ਜੁੜੀਆਂ ਮੁਸ਼ਕਿਲਾਂ ਤੇ ਇਸਦੇ ਹੱਲਾਂ ਨੂੰ ਲੇਖਕ ਨੇ ਪੇਸ਼ ਕੀਤਾ ਹੈ। ਡਾ. ਗੋਸਲ ਨੇ ਪਾਣੀ ਦੀ ਕਮੀ ਨਾਲ ਨਜਿੱਠਣ ਲਈ ਫਸਲੀ ਵਿਭਿੰਨਤਾ ਅਤੇ ਨਵੀਨ ਤਕਨੀਕਾਂ 'ਤੇ ਜ਼ੋਰ ਦਿੰਦੇ ਹੋਏ ਪਾਣੀ ਦੀ ਵਰਤੋਂ ਦਾ ਮੁੜ ਨਿਰੀਖਣ ਕਰਨ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਪੰਜਾਬ ਦੀ ਖੇਤੀ ਨੂੰ ਮਜ਼ਬੂਤ ਕਰਨ ਲਈ ਨਿੱਗਰ ਯੋਜਨਾਬੰਦੀ ਲਈ ਕਿਤਾਬ ਦੇ ਮੂਲ ਫ਼ਿਕਰਾਂ ਨਾਲ ਸਹਿਮਤੀ ਪ੍ਰਗਟ ਕੀਤੀ। ਵਾਈਸ-ਚਾਂਸਲਰ ਨੇ ਰਾਜ ਵਿੱਚ ਇੱਕ ਖੁਸ਼ਹਾਲ ਖੇਤੀਬਾੜੀ ਭਵਿੱਖ ਨੂੰ ਯਕੀਨੀ ਬਣਾਉਣ ਲਈ ਸਮੂਹਿਕ ਯਤਨਾਂ ਦੀ ਪ੍ਰੋੜਤਾ ਕੀਤੀ।
ਸ. ਜਗਮੀਤ ਸਿੰਘ ਬਰਾੜ ਨੇ 1947 ਦੀ ਵੰਡ ਤੋਂ ਲੈ ਕੇ ਪੀਏਯੂ ਵਰਗੀਆਂ ਸੰਸਥਾਵਾਂ ਦੀ ਅਗਵਾਈ ਵਿੱਚ ਹਰੀ ਕ੍ਰਾਂਤੀ ਤੱਕ ਪੰਜਾਬ ਦੇ ਇਤਿਹਾਸ ਦੀ ਰੂਪ ਰੇਖਾ ਉਲੀਕੀ। ਉਨ੍ਹਾਂ ਨੇ ਸੂਬੇ ਵਿੱਚ ਖੁਸ਼ਹਾਲੀ ਨੂੰ ਸੁਰੱਖਿਅਤ ਕਰਨ ਲਈ ਖੇਤੀਬਾੜੀ ਮੁੱਦਿਆਂ ਦੇ ਤੁਰੰਤ ਹੱਲ ਦੀ ਲੋੜ 'ਤੇ ਜ਼ੋਰ ਦਿੱਤਾ। ਇਸੇ ਤਰ੍ਹਾਂ ਸ. ਪਰਮਿੰਦਰ ਸਿੰਘ ਬਰਾੜ ਨੇ ਖੇਤੀ ਚੁਣੌਤੀਆਂ ਦੇ ਵਿਹਾਰਕ ਹੱਲ ਲੱਭਣ ਲਈ ਸਰਕਾਰ ਅਤੇ ਕਿਸਾਨਾਂ ਦਰਮਿਆਨ ਸੰਵਾਦ ਦੀ ਮਹੱਤਤਾ ਵੱਲ ਧਿਆਨ ਦਿਵਾਇਆ।
ਡਾ. ਅਮਨਪ੍ਰੀਤ ਸਿੰਘ ਬਰਾੜ ਨੇ ਦੱਸਿਆ ਕਿ ਉਨ੍ਹਾਂ ਦੀ ਇਹ ਪੁਸਤਕ ਮੌਜੂਦਾ ਸਮੇਂ ਵਿੱਚ ਖੇਤੀਬਾੜੀ ਦੇ ਖੇਤਰ ਦੀਆਂ ਚੁਣੌਤੀਆਂ ਦੇ ਹੱਲ ਤਲਾਸ਼ਣ ਦਾ ਇੱਕ ਯਤਨ ਹੈ। ਉਨ੍ਹਾਂ ਨੇ ਫਸਲਾਂ ਦੀ ਲਈ ਪਾਣੀ ਦੀ ਵਰਤੋਂ ਨੂੰ ਨਿਯਮਤ ਕਰਨ ਦੀ ਅਹਿਮ ਲੋੜ 'ਤੇ ਜ਼ੋਰ ਦਿੱਤਾ ਅਤੇ ਮੌਜੂਦਾ ਸਮਾਂ ਸੀਮਾ ਦੇ ਅੰਦਰ ਫਸਲੀ ਵਿਭਿੰਨਤਾ ਬਾਰੇ ਯੋਜਨਾਬੰਦੀ ਦੀ ਮਜ਼ਬੂਤੀ ਨੂੰ ਲਾਜ਼ਮੀ ਕਰਾਰ ਦਿੱਤਾ। ਕਿਸਾਨਾਂ ਦੀ ਆਮਦਨ ਵਧਾਉਣ ਅਤੇ ਮੰਡੀਕਰਨ ਵਿੱਚ ਸੁਧਾਰ ਲਈ ਫਸਲਾਂ ਦੇ ਗੁਣਾਂ ਨੂੰ ਵਧਾਉਣ ਵਿੱਚ ਜੈਨੇਟਿਕ ਇੰਜੀਨੀਅਰਿੰਗ ਦੀ ਭੂਮਿਕਾ ਬਾਰੇ ਵੀ ਚਰਚਾ ਕੀਤੀ।
ਇਹ ਵੀ ਪੜੋ: ਖੇਤੀ ਵਿਗਿਆਨੀ Dr. Gurdev Singh Khush ਨੂੰ ਮਿਲਿਆ VinFuture Prize 2023
ਡਾ. ਬਰਾੜ ਦੀ ਕਿਤਾਬ ਪਰਾਲੀ ਸਾੜਨ ਦੇ ਮੁੱਦੇ 'ਤੇ ਗੰਭੀਰ ਚਰਚਾ ਛੇੜਦੀ ਹੈਇਸ ਕਿਤਾਬ ਵਿੱਚ ਭਾਰਤ ਦੀ ਖੁਰਾਕ ਸਥਿਤੀ ਵਿਚ ਪੰਜਾਬ ਦਾ ਯੋਗਦਾਨ, ਮੋਟੇ ਅਨਾਜਾਂ ਦੀ ਵਰਤੋਂ, ਨੈਨੋ ਖਾਦਾਂ, ਭੋਜਨ ਪ੍ਰੋਸੈਸਿੰਗ, ਜੀ ਐੱਮ ਫਸਲਾਂ, ਨਿੱਜੀ ਕੰਪਨੀਆਂ ਦਾ ਖੇਤੀ ਵਿਚ ਨਿਵੇਸ਼ ਆਦਿ ਮੁੱਦਿਆਂ ਤੇ ਲੇਖ ਸ਼ਾਮਿਲ ਹਨ ।
ਇਹ ਵੀ ਜ਼ਿਕਰਯੋਗ ਹੈ ਕਿ ਬਿਜ਼ਨਸ ਮੈਨੇਜਮੈਂਟ ਵਿੱਚ ਐਮਬੀਏ ਅਤੇ ਪੀਐਚਡੀ ਕਰਨ ਵਾਲੇ ਡਾ. ਬਰਾੜ 15 ਸਾਲਾਂ ਤੋਂ ਵੱਧ ਸਮੇਂ ਤੋਂ ਅਧਿਆਪਨ ਨਾਲ ਜੁੜੇ ਹੋਏ ਹਨ। ਉਹ ਲਗਾਤਾਰ ਸੋਸ਼ਲ ਅਤੇ ਪ੍ਰਿੰਟ ਮੀਡੀਆ ਮਾਧਿਅਮ ਉਪਰ ਖੇਤੀ ਬਾਰੇ ਲਿਖਦੇ ਹਨ। ਇਹ ਇਸ ਖੇਤਰ ਵਿਚ ਉਨ੍ਹਾਂ ਦੀ ਤੀਸਰੀ ਕਿਤਾਬ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਪੰਜਾਬ ਦੇ ਭਖਦੇ ਮਸਲੇ ਅਤੇ ਹੱਲ ਅਤੇ ਪੰਜਾਬ ਦੀ ਆਰਥਿਕਤਾ ਅਤੇ ਕਿਸਾਨੀ ਨਾਂ ਦੀਆਂ ਕਿਤਾਬਾਂ ਲਿਖੀਆਂ ਹਨ।
ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University)
Summary in English: PAU VC Unveils Dr. APS Brar’s Book, Urges Agricultural Restructuring