Horticultural Crop: ਪੀ.ਏ.ਯੂ. ਵਿੱਚ ਬਾਗਬਾਨੀ ਫ਼ਸਲਾਂ ਬਾਰੇ ਖੋਜ ਅਤੇ ਪਸਾਰ ਮਾਹਿਰਾਂ ਦੀ ਦੋ ਰੋਜ਼ਾ ਵਰਕਸ਼ਾਪ ਅੱਜ ਸੰਪੰਨ ਹੋ ਗਈ। ਸਮਾਪਤੀ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਪੀ.ਏ.ਯੂ. ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਨੇ ਪਸਾਰ ਮਾਹਿਰਾਂ ਨੂੰ ਨਵੀਆਂ ਬਾਗਬਾਨੀ ਤਕਨੀਕਾਂ ਕਿਸਾਨਾਂ ਤੱਕ ਪਸਾਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਕਣਕ ਝੋਨੇ ਦੇ ਫਸਲੀ ਚੱਕਰ ਨੂੰ ਖੇਤੀ ਵਿਭਿੰਨਤਾ ਦਾ ਵਿਹਾਰਕ ਬਦਲ ਦੇਣ ਲਈ ਫੁੱਲਾਂ ਦੀ ਖੇਤੀ, ਖੁੰਬਾਂ ਦੀ ਖੇਤੀ, ਭੋਜਨ ਪ੍ਰੋਸੈਸਿੰਗ, ਵਾਢੀ ਤੋਂ ਬਾਅਦ ਫ਼ਸਲਾਂ ਦੇ ਮੁੱਲ ਵਾਧੇ ਦੀਆਂ ਜੁਗਤਾਂ, ਬਾਗਬਾਨੀ ਲਈ ਖੇਤੀ ਮਸ਼ੀਨਰੀ ਅਤੇ ਮਿੱਟੀ ਰਹਿਤ ਪੌਸ਼ਟਿਕ ਸਬਜ਼ੀਆਂ ਦਾ ਛੱਤ ਮਾਡਲ ਕਿਸਾਨਾਂ ਤੱਕ ਪਹੁੰਚਾਉਣਾ ਅੱਜ ਦੇ ਸਮੇਂ ਦੀ ਲੋੜ ਹੈ।
ਉਨ੍ਹਾਂ ਖੇਤੀ ਵਿਭਿੰਨਤਾ ਦੇ ਪੱਖ ਤੋਂ ਬਾਗਬਾਨੀ ਫ਼ਸਲਾਂ ਦੀ ਕਾਸ਼ਤ ਅਤੇ ਉਤਪਾਦਨ ਤਕਨੀਕਾਂ ਸੰਬੰਧੀ ਨਵੀਆਂ ਖੋਜਾਂ ਨੂੰ ਕਿਸਾਨੀ ਲਈ ਲਾਹੇਵੰਦ ਕਿਹਾ। ਡਾ. ਭੁੱਲਰ ਨੇ ਕਿਸਾਨਾਂ ਦੀ ਰਾਵਾਂ ਨੂੰ ਖੇਤੀ ਖੋਜ ਦਾ ਆਧਾਰ ਕਿਹਾ ਅਤੇ ਪਸਾਰ ਮਾਹਿਰਾਂ ਨੂੰ ਕਿਸਾਨਾਂ ਦੇ ਮਸਲਿਆਂ ਨੂੰ ਨੇੜਿਓਂ ਜਾਨਣ ਲਈ ਤਤਪਰ ਰਹਿਣ ਦੀ ਅਪੀਲ ਕੀਤੀ ਤਾਂ ਜੋ ਭਵਿੱਖ ਵਿੱਚ ਉਨ੍ਹਾਂ ਦੀ ਮੰਗ ਅਨੁਸਾਰ ਖੇਤੀ ਖੋਜ ਦੀ ਦਿਸ਼ਾ ਨਿਰਧਾਰਿਤ ਕੀਤੀ ਜਾ ਸਕੇ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਆਪਣੀ ਘਰੇਲੂ ਲੋੜ ਲਈ ਬਾਗਬਾਨੀ ਫ਼ਸਲਾਂ ਦੀ ਕਾਸ਼ਤ ਨਾਲ ਜੁੜਨਾ ਚਾਹੀਦਾ ਹੈ।
ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਖੇਤੀ ਨੂੰ ਲਾਹੇਵੰਦ ਬਣਾਉਣ ਲਈ ਬਾਗਬਾਨੀ ਫਸਲਾਂ ਨੂੰ ਬਿਹਤਰੀਨ ਵਿਕਲਪ ਆਖਿਆ। ਉਨ੍ਹਾਂ ਨੇ ਸਬਜ਼ੀਆਂ, ਫਲਾਂ, ਫੁੱਲਾਂ ਦੀ ਖੇਤੀ ਅਤੇ ਖੇਤੀ ਜੰਗਲਾਤ ਬਾਰੇ ਪੀ ਏ ਯੂ ਦੀਆਂ ਸਿਫਾਰਿਸ਼ਾਂ ਸਾਂਝੀਆਂ ਕੀਤੀਆਂ ਅਤੇ ਇਨ੍ਹਾਂ ਬਾਰੇ ਵੱਧ ਤੋਂ ਵੱਧ ਚੇਤਨਾ ਕਿਸਾਨਾਂ ਤਕ ਪੁਚਾਉਣ ਲਈ ਪਸਾਰ ਮਾਹਿਰਾਂ ਨੂੰ ਆਖਿਆ। ਡਾ ਢੱਟ ਨੇ ਕਿਹਾ ਕਿ ਮੌਜੂਦਾ ਖੇਤੀ ਸਾਮ੍ਹਣੇ ਚੁਣੌਤੀਆਂ ਦੇ ਰੂਪ ਵਿਚ ਵਾਤਾਵਰਨ ਦੀ ਸੰਭਾਲ ਅਤੇ ਪੌਸ਼ਟਿਕ ਭੋਜਨ ਉਤਪਾਦਨ ਪ੍ਰਮੁੱਖ ਰੂਪ ਵਿਚ ਖੜ੍ਹੇ ਹਨ। ਫਲਾਂ ਅਤੇ ਸਬਜ਼ੀਆਂ ਦੀ ਵਿਗਿਆਨਕ ਕਾਸ਼ਤ ਸਮਾਜ ਨੂੰ ਇਸ ਦਿਸ਼ਾ ਵਿਚ ਹੋਣ ਵਾਲੇ ਖੇਤੀ ਵਿਕਾਸ ਵੱਲ ਤੋਰ ਸਕਦੀ ਹੈ।
ਸਮਾਪਤੀ ਸਮਾਰੋਹ ਦਾ ਸੰਚਾਲਨ ਅਪਰ ਨਿਰਦੇਸ਼ਕ ਸੰਚਾਰ ਡਾ ਤੇਜਿੰਦਰ ਸਿੰਘ ਰਿਆੜ ਨੇ ਕੀਤਾ ਅਤੇ ਅੰਤ ਵਿਚ ਧੰਨਵਾਦ ਦੇ ਸ਼ਬਦ ਅਪਰ ਨਿਰਦੇਸ਼ਕ ਪਸਾਰ ਸਿੱਖਿਆ ਡਾ ਜੀ ਪੀ ਐੱਸ ਸੋਢੀ ਨੇ ਕਹੇ। ਇਸ ਸੈਸ਼ਨ ਦੇ ਸਹਿ ਸੰਚਾਲਕ ਪੌਦਾ ਹਸਪਤਾਲ ਦੇ ਨਿਗਰਾਨ ਡਾ ਗੁਰਪ੍ਰੀਤ ਸਿੰਘ ਮੱਕੜ ਸਨ।
ਇਥੇ ਜ਼ਿਕਰਯੋਗ ਹੈ ਕਿ ਇਸ ਦੋ ਰੋਜ਼ਾ ਵਰਕਸ਼ਾਪ ਵਿੱਚ ਪੰਜਾਬ ਨੇ ਬਾਗਬਾਨੀ ਵਿਭਾਗ ਦੇ ਮਾਹਿਰ, ਬਾਗਬਾਨੀ ਵਿਕਾਸ ਅਧਿਕਾਰੀ, ਕ੍ਰਿਸ਼ੀ ਵਿਗਿਆਨ ਕੇਂਦਰਾਂ ਦੇ ਉਪ-ਨਿਰਦੇਸ਼ਕ, ਜ਼ਿਲ੍ਹਾ ਪਸਾਰ ਮਾਹਿਰ ਅਤੇ ਪੀ.ਏ.ਯੂ. ਦੇ ਵਿਗਿਆਨੀਆਂ ਨੇ ਹਿੱਸਾ ਲਿਆ। ਮਾਹਿਰਾਂ ਨੇ ਫ਼ਲਾਂ ਅਤੇ ਸਬਜ਼ੀਆਂ ਦੇ ਉਤਪਾਦਨ ਦੇ ਮੌਜੂਦਾ ਦ੍ਰਿਸ਼ ਬਾਰੇ ਵਿਸਥਾਰ ਵਿੱਚ ਦੋ ਦਿਨ ਤਕਨੀਕੀ ਸੈਸ਼ਨਾਂ ਦੌਰਾਨ ਚਰਚਾ ਕੀਤੀ।
ਇਸ ਤੋਂ ਇਲਾਵਾ ਆਲੂਆਂ ਦੀਆਂ ਦੋ ਨਵੀਆਂ ਕਿਸਮਾਂ ਪੰਜਾਬ ਪੋਟੈਟੋ 103 ਅਤੇ ਪੰਜਾਬ ਪੋਟੈਟੋ 104 , ਗੋਭੀ ਦੀ ਕਿਸਮ ਪੀ ਜੀ ਏ ਸੀ 25-17, ਗਾਜਰਾਂ ਦੀ ਕਿਸਮ ਪੀ ਸੀ ਓ 5, ਫਰਾਂਸ ਬੀਨ ਦੀਆਂ ਕਿਸਮਾਂ ਐੱਫ ਬੀ ਕੇ 1 ਅਤੇ ਐੱਫ ਬੀ ਕੇ 3 ਦੀ ਸਿਫ਼ਾਰਸ਼ ਪੀ.ਏ.ਯੂ. ਵੱਲੋਂ ਕੀਤੀ ਗਈ। ਨਾਲ ਹੀ ਫਲਾਂ ਦੀਆਂ ਕਿਸਮਾਂ ਵਿੱਚ ਪੰਜਾਬ ਰਸਭਰੀ 1 ਅਤੇ ਪੰਜਾਬ ਰਸਭਰੀ 2, ਗਰੇਫ਼ਰੂਟ ਦੀ ਕਿਸਮ ਫਲੇਮ ਨੂੰ ਵੀ ਨਵੀਆਂ ਖੋਜਾਂ ਵਜੋਂ ਦਰਸਾਇਆ ਗਿਆ।
ਇਹ ਵੀ ਪੜ੍ਹੋ: Horticultural Crops: ਪੀ.ਏ.ਯੂ. ਵਿੱਚ ਬਾਗਬਾਨੀ ਫਸਲਾਂ ਬਾਰੇ ਵਿਚਾਰ ਲਈ ਖੋਜ ਅਤੇ ਪਸਾਰ ਮਾਹਿਰਾਂ ਦੀ ਗੋਸ਼ਟੀ ਸ਼ੁਰੂ
ਫੁੱਲਾਂ ਦੇ ਖੇਤਰ ਵਿਚ ਗਲੈਡਿਓਲਸ ਦੀਆਂ ਦੋ ਕਿਸਮਾਂ ਪੀ ਜੀ 20-14 ਅਤੇ ਪੀ ਜੀ 19-1 ਦੇ ਨਾਲ ਗੁਲਦਾਊਦੀ ਦੀ ਕਿਸਮ ਪੰਜਾਬ ਅਨੁਰਾਧਾ ਅਤੇ ਪੰਜਾਬ ਗੁਲ ਏ ਸਾਹਿਰ ਨੂੰ ਵੀ ਪੇਸ਼ ਕੀਤਾ ਗਿਆ। ਰਾਜ ਪੱਧਰੀ ਕਿਸਮ ਪ੍ਰਵਾਨਗੀ ਕਮੇਟੀ ਦੀ ਪ੍ਰਵਾਨਗੀ ਤੋਂ ਬਾਅਦ ਇਨ੍ਹਾਂ ਕਿਸਮਾਂ ਨੂੰ ਬਿਜਾਈ ਲਈ ਸਿਫ਼ਾਰਸ਼ ਕਰ ਦਿੱਤਾ ਜਾਵੇਗਾ । ਇਸ ਤੋਂ ਇਲਾਵਾ ਪੀ.ਏ.ਯੂ. ਵੱਲੋਂ ਬਾਗਬਾਨੀ ਫਸਲਾਂ ਲਈ ਉਤਪਾਦਨ ਤਕਨੀਕਾਂ ਅਤੇ ਪੌਦ ਸੁਰੱਖਿਆ ਤਕਨੀਕਾਂ ਦੇ ਨਾਲ ਨਾਲ ਤੁੜਾਈ ਉਪਰੰਤ ਸੰਭਾਲ ਤਕਨੀਕਾਂ ਦੀਆਂ ਸਿਫਾਰਿਸ਼ਾਂ ਵੀ ਵਰਕਸ਼ਾਪ ਦੌਰਾਨ ਕੀਤੀਆਂ ਗਈਆਂ। ਮਾਹਿਰਾਂ ਨੇ ਸਬਜ਼ੀਆਂ, ਫਲਾਂ, ਫੁੱਲਾਂ ਅਤੇ ਖੇਤੀ ਜੰਗਲਾਤ ਬਾਰੇ ਹੋਏ ਤਕਨੀਕੀ ਸੈਸ਼ਨਾਂ ਦੌਰਾਨ ਨਿੱਠ ਕੇ ਮਸਲਿਆਂ ਬਾਰੇ ਵਿਚਾਰ ਵਟਾਂਦਰਾ ਕੀਤਾ।
ਵਰਕਸ਼ਾਪ ਵਿੱਚ ਭਾਗ ਲੈਣ ਵਾਲੇ ਪਸਾਰ ਅਤੇ ਖੋਜ ਮਾਹਿਰਾਂ ਨੂੰ ਫਲਾਂ ਦੇ ਬਾਗਾਂ, ਸਬਜ਼ੀਆਂ, ਫੁੱਲਾਂ ਦੀ ਖੇਤੀ, ਲੈਂਡਸਕੇਪਿੰਗ, ਖੇਤ ਮਸ਼ੀਨਰੀ ਅਤੇ ਪਾਵਰ ਇੰਜਨੀਅਰਿੰਗ ਦੀਆਂ ਪ੍ਰਦਰਸ਼ਨੀਆਂ ਲਈ ਖੇਤਾਂ ਦਾ ਦੌਰਾ ਕਰਵਾਇਆ ਗਿਆ। ਉਨ੍ਹਾਂ ਨੇ ਜੈਵਿਕ ਖੇਤੀ ਸਕੂਲ, ਪੰਜਾਬ ਪੋਸਟ ਹਾਰਵੈਸਟ ਸੈਂਟਰ ਅਤੇ ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦਾ ਦੌਰਾ ਵੀ ਕੀਤਾ।
Summary in English: PAU Workshop: Horticulture workshop concludes at PAU, experts call for abandoning wheat-paddy cycle