Good News: ਪੰਜਾਬ ਸਰਕਾਰ ਵੱਲੋਂ ਬੁਢਾਪਾ ਪੈਨਸ਼ਨ ਅਤੇ ਹੋਰ ਵਿੱਤੀ ਸਹਾਇਤਾ ਸਕੀਮਾਂ ਤਹਿਤ 1500 ਰੁਪਏ ਪ੍ਰਤੀ ਮਹੀਨਾ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ। ਪਠਾਨਕੋਟ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਇੱਥੇ 66620 ਲਾਭਪਾਤਰੀ ਬੁਢਾਪਾ ਪੈਨਸ਼ਨ ਅਤੇ ਹੋਰ ਵਿੱਤੀ ਸਹਾਇਤਾ ਸਕੀਮਾਂ ਦਾ ਲਾਭ ਲੈ ਰਹੇ ਹਨ। ਇਹ ਪ੍ਰਗਟਾਵਾ ਨਵੀਨ ਗਡਵਾਲ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਪਠਾਨਕੋਟ ਨੇ ਆਪ ਕੀਤਾ ਹੈ।
ਜਾਣਕਾਰੀ ਸਾਂਝੀ ਕਰਦਿਆਂ ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪਠਾਨਕੋਟ ਵਿੱਚ ਵੱਖ-ਵੱਖ ਸਕੀਮਾਂ ਤਹਿਤ ਅਪ੍ਰੈਲ 2023 ਮਹੀਨੇ ਦੌਰਾਨ 66620 ਲਾਭਪਾਤਰੀਆਂ ਨੂੰ 9 ਕਰੋੜ 91 ਲੱਖ 9000 ਰੁਪਏ ਦਾ ਲਾਭ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਸਮੇਂ ਜ਼ਿਲ੍ਹਾ ਪਠਾਨਕੋਟ ਵਿੱਚ 43079 ਵਿਅਕਤੀ ਬੁਢਾਪਾ ਪੈਨਸ਼ਨ, 12744 ਔਰਤਾਂ ਵਿਧਵਾ ਪੈਨਸ਼ਨ, 6156 ਅੰਗਹੀਣ ਅਤੇ 4641 ਆਸ਼ਰਿਤ ਬੱਚੇ ਹਨ, ਇਸ ਤਰ੍ਹਾਂ ਜ਼ਿਲ੍ਹਾ ਪਠਾਨਕੋਟ ਵਿੱਚ 66620 ਲਾਭਪਾਤਰੀ ਸਰਕਾਰੀ ਸਕੀਮਾਂ ਦਾ ਲਾਭ ਲੈ ਰਹੇ ਹਨ।
ਉਨ੍ਹਾਂ ਦੱਸਿਆ ਕਿ ਬੁਢਾਪਾ ਪੈਨਸ਼ਨ ਲਈ ਉਮਰ ਹੱਦ ਪੁਰਸ਼ਾਂ ਲਈ 65 ਸਾਲ ਜਾਂ ਇਸ ਤੋਂ ਵੱਧ ਅਤੇ ਔਰਤਾਂ ਲਈ 58 ਸਾਲ ਜਾਂ ਇਸ ਤੋਂ ਵੱਧ ਹੋਣੀ ਚਾਹੀਦੀ ਹੈ। ਬੁਢਾਪਾ ਪੈਨਸ਼ਨ ਪੇਂਡੂ ਖੇਤਰ ਲਈ ਜ਼ਮੀਨ ਦੀ ਸੀਮਾ ਪਤੀ-ਪਤਨੀ ਦੋਵਾਂ ਦੇ ਨਾਂ 'ਤੇ 2.5 ਏਕੜ ਕਨਾਲ/5 ਏਕੜ ਬਰਾਨੀ ਤੋਂ ਵੱਧ ਨਹੀਂ ਹੋਣੀ ਚਾਹੀਦੀ। ਉਨ੍ਹਾਂ ਕਿਹਾ ਕਿ ਬੁਢਾਪਾ ਪੈਨਸ਼ਨ ਸ਼ਹਿਰੀ ਖੇਤਰ ਲਈ ਰਿਹਾਇਸ਼ੀ ਮਕਾਨ 200 ਵਰਗ ਮੀਟਰ ਤੋਂ ਵੱਧ ਨਹੀਂ ਹੋਣਾ ਚਾਹੀਦਾ ਅਤੇ ਬੁਢਾਪਾ ਪੈਨਸ਼ਨ ਲਈ ਸਾਰੇ ਵਸੀਲਿਆ ਤੋਂ ਆਮਦਨ 60000/- ਸਾਲਾਨਾ ਤੋਂ ਵੱਧ ਨਹੀਂ ਹੋਣੀ ਚਾਹੀਦੀ।
ਇਹ ਵੀ ਪੜ੍ਹੋ : ਇਹ ਕੰਮ ਨਾ ਕੀਤਾ ਤਾਂ ਐਤਕੀਂ ਵੀ ਇਨ੍ਹਾਂ ਕਿਸਾਨਾਂ ਨੂੰ ਨਹੀਂ ਮਿਲੇਗੀ PM Kisan ਦੀ ਕਿਸ਼ਤ
ਅੱਗੇ ਉਨ੍ਹਾਂ ਦੱਸਿਆ ਕਿ ਵਿਧਵਾ ਪੈਨਸ਼ਨ ਲਈ ਉਮਰ ਹੱਦ 58 ਸਾਲ ਤੋਂ ਘੱਟ ਹੋਵੇ ਜਾਂ 58 ਸਾਲ ਤੋਂ ਘੱਟ ਉਮਰ ਦੀ ਕੋਈ ਵੀ ਔਰਤ ਜੋ ਆਪਣੇ ਪਤੀ ਦੇ ਘਰੋਂ ਲਗਾਤਾਰ ਗੈਰ-ਹਾਜ਼ਰੀ, ਪਤੀ ਦੀ ਸਰੀਰਕ ਜਾਂ ਮਾਨਸਿਕ ਅਪੰਗਤਾ ਜਾਂ ਕਿਸੇ ਹੋਰ ਕਾਰਨ ਆਪਣੇ ਪਤੀ ਦੇ ਸਹਾਰੇ ਤੋਂ ਬਿਨਾਂ ਹੋਵੇ ਅਤੇ 30 ਸਾਲ ਜਾਂ ਇਸ ਤੋਂ ਵੱਧ ਉਮਰ ਦੀਆਂ ਘੱਟ ਉਮਰ ਦੀਆਂ ਅਤੇ ਅਣਵਿਆਹੀਆਂ ਜਾਂ ਅਨਾਥ ਔਰਤਾਂ ਜੋ ਸਹਾਇਤਾ, ਦੇਖਭਾਲ ਤੋਂ ਵਾਂਝੀਆਂ ਹਨ, ਵਿੱਤੀ ਸਹਾਇਤਾ ਦੇ ਹੱਕਦਾਰ ਹਨ। ਉਸ ਔਰਤ ਦੀ ਆਪਣੀ ਆਮਦਨ 60 ਹਜ਼ਾਰ ਰੁਪਏ ਪ੍ਰਤੀ ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ।
ਉਨ੍ਹਾਂ ਕਿਹਾ ਕਿ 21 ਸਾਲ ਤੋਂ ਘੱਟ ਉਮਰ ਦਾ ਬੱਚਾ ਜੋ ਮਾਤਾ-ਪਿਤਾ ਦੀ ਮੌਤ ਜਾਂ ਮਾਤਾ-ਪਿਤਾ ਦੇ ਘਰ ਤੋਂ ਲਗਾਤਾਰ ਗੈਰ-ਹਾਜ਼ਰੀ ਜਾਂ ਸਰੀਰਕ ਜਾਂ ਮਾਨਸਿਕ ਅਸਮਰਥਤਾ ਦੇ ਕਾਰਨ ਮਾਤਾ-ਪਿਤਾ ਦੀ ਸਹਾਇਤਾ ਜਾਂ ਦੇਖਭਾਲ ਤੋਂ ਵਾਂਝਾ ਰਹਿ ਗਿਆ ਹੈ, ਇਸ ਸਕੀਮ ਅਧੀਨ ਵਿੱਤੀ ਸਹਾਇਤਾ ਦਾ ਹੱਕਦਾਰ ਹੋਵੇਗਾ। ਉਨ੍ਹਾਂ ਕਿਹਾ ਕਿ ਵਿੱਤੀ ਸਹਾਇਤਾ ਲਈ ਪੈਨਸ਼ਨ ਫਾਰਮ ਮਾਤਾ ਜਾਂ ਪਿਤਾ ਜਾਂ ਸਰਪ੍ਰਸਤ ਵੱਲੋਂ ਭਰਿਆ ਜਾਵੇਗਾ, ਇਸ ਲਈ ਮਾਤਾ-ਪਿਤਾ ਦੀ ਮਾਸਿਕ ਆਮਦਨ 60,000 ਰੁਪਏ ਪ੍ਰਤੀ ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ। ਮਾਪਿਆਂ ਦੀ ਮੌਤ ਕਾਰਨ ਅਨਾਥ ਹੋਏ ਬੱਚੇ ਵਿੱਤੀ ਸਹਾਇਤਾ ਦੇ ਹੱਕਦਾਰ ਹੋਣਗੇ। ਉਨ੍ਹਾਂ ਦੇ ਮਾਮਲੇ ਵਿੱਚ ਵਾਰਸ ਦੀ ਆਮਦਨ ਨੂੰ ਨਹੀਂ ਮੰਨਿਆ ਜਾਵੇਗਾ।
ਇਹ ਵੀ ਪੜ੍ਹੋ: West Bengal ਦੇ Governor ਮਹਾਮਹਿਮ Dr. CV Anand Bose ਨੇ Krishi Jagran `ਚ ਕੀਤੀ ਸ਼ਿਰਕਤ
ਨਵੀਨ ਗਡਵਾਲ ਡੀਐਸਐਸਓ ਪਠਾਨਕੋਟ ਨੇ ਦੱਸਿਆ ਕਿ 50 ਫੀਸਦੀ ਜਾਂ ਇਸ ਤੋਂ ਵੱਧ ਅਪੰਗ ਵਿਅਕਤੀ ਨੂੰ ਅਪੰਗ ਪੈਨਸ਼ਨ ਲਈ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਬਿਨੈਕਾਰ ਦੀ ਆਮਦਨ 60 ਹਜ਼ਾਰ ਰੁਪਏ ਸਾਲਾਨਾ ਤੋਂ ਵੱਧ ਨਹੀਂ ਹੋਣੀ ਚਾਹੀਦੀ। ਮਾਤਾ-ਪਿਤਾ/ਪਤੀ/ਪਤਨੀ ਦੀ ਮੌਤ ਹੋਣ ਦੀ ਸੂਰਤ ਵਿੱਚ, ਬੱਚੇ ਦੀ ਪੈਨਸ਼ਨ ਲਈ ਅਰਜ਼ੀ ਸਰਪ੍ਰਸਤ ਦੁਆਰਾ ਕੀਤੀ ਜਾਵੇਗੀ ਅਤੇ ਸਰਪ੍ਰਸਤ ਦੀ ਆਮਦਨ ਨੂੰ ਵਿਚਾਰਿਆ ਨਹੀਂ ਜਾਵੇਗਾ। ਅਪੰਗਤਾ ਪੈਨਸ਼ਨ ਲਈ 50 ਪ੍ਰਤੀਸ਼ਤ ਜਾਂ ਵੱਧ ਅਪੰਗਤਾ ਵਾਲੇ ਵਿਅਕਤੀ ਲਈ UDID ਕਾਰਡ ਲਾਜ਼ਮੀ ਹੈ।
ਅੱਗੇ ਉਨ੍ਹਾਂ ਦੱਸਿਆ ਕਿ ਦਿਮਾਗੀ ਤੌਰ 'ਤੇ ਕਮਜ਼ੋਰ ਜਾਂ ਮਾਨਸਿਕ ਤੌਰ 'ਤੇ ਅਪੰਗ ਜਾਂ ਬਿਮਾਰ ਵਿਅਕਤੀਆਂ ਜਾਂ 21 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਮਾਮਲੇ ਵਿੱਚ, ਸਰਪ੍ਰਸਤ/ਵਾਰਸ ਦੁਆਰਾ ਦਰਖਾਸਤ ਦਿੱਤੀ ਜਾਵੇਗੀ ਅਤੇ ਸਰਪ੍ਰਸਤ ਦੀ ਆਮਦਨ ਨੂੰ ਵਿਚਾਰਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਸਰਕਾਰ ਵੱਲੋਂ 60 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਬਜ਼ੁਰਗਾਂ ਨੂੰ ਸੀਨੀਅਰ ਸਿਟੀਜ਼ਨ ਕਾਰਡ ਦੀ ਸਹੂਲਤ ਮੁਹੱਈਆ ਕਰਵਾਈ ਜਾਂਦੀ ਹੈ।
ਇਸ ਦੇ ਨਾਲ-2 ਕੇਂਦਰ ਸਰਕਾਰ ਵੱਲੋ ਸਪਾਂਸਰ ਇੰਦਰਾਂ ਗਾਂਧੀ ਰਾਸ਼ਟਰੀ ਬੁਢਾਪਾ ਪੈਂਨਸ਼ਨ ਸਕੀਮ, ਇੰਦਰਾਂ ਸਕੀਮ ਵਿਧਵਾ ਅਤੇ ਦਿਵਿਆਂਗਜਨ ਪੈਂਨਸ਼ਨ ਸਕੀਮ ਤੋ ਇਲਾਵਾ ਰਾਸ਼ਟਰੀ ਪਰਿਵਾਰਿਕ ਲਾਭ ਸਕੀਮ ਅਤੇ ਪੰਜਾਬ ਸਰਕਾਰ ਵੱਲੋ ਵੱਖ-2 ਗੈਰ ਸਰਕਾਰੀ ਸੰਸਥਾਵਾ ਨੂੰ ਸਮਾਜਿਕ ਕੁਰੀਤੀਆਂ ਵਿਰੁੱਧ ਜਾਗਰੂਕਤਾ ਫੈਲਾਉਣ ਲਈ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ।
ਇਸ ਮੌਕੇ ਉਨ੍ਹਾਂ ਪਠਾਨਕੋਟ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਨ੍ਹਾਂ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਨੇੜੇ ਦੇ ਸੁਵਿਧਾ ਕੇਂਦਰ, ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਦੇ ਦਫ਼ਤਰ ਵਿਖੇ ਅਪਲਾਈ ਕਰ ਸਕਦੇ ਹਨ। ਪੰਜਾਬ ਸਰਕਾਰ ਵੱਲੋਂ ਵਿਭਾਗ ਰਾਹੀਂ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਸੇਵਾ ਕੇਂਦਰਾਂ, ਬਾਲ ਵਿਕਾਸ ਪ੍ਰੋਜੈਕਟ ਅਫ਼ਸਰਾਂ ਤੋਂ ਵੀ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਸਮਾਜਿਕ ਸੁਰੱਖਿਆ ਵਿਭਾਗ ਦੀਆਂ ਸਕੀਮਾਂ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਵੀ ਸੰਪਰਕ ਕੀਤਾ ਜਾ ਸਕਦਾ ਹੈ।
ਸਰੋਤ: ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਪਠਾਨਕੋਟ
Summary in English: Pension facility of Rs 1500 under old age pension and other financial assistance schemes