PAU Kisan Mela 2024: ਪੀਏਯੂ ਵੱਲੋਂ ਲਾਏ ਜਾ ਰਹੇ ਹਾੜ੍ਹੀ ਦੀਆਂ ਫ਼ਸਲਾਂ ਦੇ ਕਿਸਾਨ ਮੇਲੇ ਦੇ ਪਹਿਲੇ ਦਿਨ 13 ਸਤੰਬਰ ਨੂੰ ਪੰਜ ਅਗਾਂਹਵਧੂ ਕਿਸਾਨਾਂ ਅਤੇ ਇੱਕ ਕਿਸਾਨ ਬੀਬੀ ਦਾ ਸਨਮਾਨ ਕੀਤਾ ਜਾ ਰਿਹਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਨਿਰਦੇਸ਼ਕ ਪਸਾਰ ਸਿੱਖਿਆ ਡਾ ਮੱਖਣ ਸਿੰਘ ਭੁੱਲਰ ਨੇ ਕਿਹਾ ਕਿ ਖੇਤੀ ਵਿਚ ਅਗਾਂਹਵਧੂ ਤਕਨੀਕਾਂ ਅਪਣਾ ਕੇ ਇਸ ਕਿੱਤੇ ਨੂੰ ਲਾਹੇਵੰਦ ਬਣਾਉਣ ਦੀ ਰਾਹੇ ਤੁਰਨ ਵਾਲੇ ਇਨ੍ਹਾਂ ਖੇਤੀ ਕਾਰਿੰਦਿਆਂ ਨੂੰ ਹੋਰ ਕਿਸਾਨੀ ਸਮਾਜ ਅੱਗੇ ਪ੍ਰੇਰਨਾ ਵਾਂਗ ਪੇਸ਼ ਕਰਨ ਲਈ ਇਨ੍ਹਾਂ ਦਾ ਸਨਮਾਨ ਕੀਤਾ ਜਾਵੇਗਾ।
ਇਹ ਇਨਾਮ ਜੇਤੂ ਕਿਸਾਨ ਅਤੇ ਕਿਸਾਨ ਬੀਬੀ ਖੇਤ ਫ਼ਸਲਾਂ, ਸਬਜ਼ੀਆਂ, ਬਾਗਬਾਨੀ ਅਤੇ ਸਹਾਇਕ ਕਿੱਤਿਆਂ ਦੇ ਖੇਤਰ ਵਿਚ ਵਿਸ਼ੇਸ਼ ਸਫਲਤਾ ਹਾਸਿਲ ਕਰਨ ਵਾਲੇ ਹਨ।
ਇਨ੍ਹਾਂ ਵਿਚ ਹੱਥੀਂ ਖੇਤੀ ਕਰਨ ਵਾਲੇ ਛੋਟੇ ਕਿਸਾਨ ਕਰਨੈਲ ਸਿੰਘ ਪੁੱਤਰ ਗੁਰਮੀਤ ਸਿੰਘ ਅਤੇ ਪਿੰਡ ਬੱਸੀ ਗੁਲਾਮ ਹੁਸੈਨ, ਜ਼ਿਲ੍ਹਾ ਹੁਸ਼ਿਆਰਪੁਰ ਦੇ ਵਸਨੀਕ ਨੂੰ ਜੈਵਿਕ ਸਬਜ਼ੀਆਂ ਦੀ ਕਾਸ਼ਤ ਵਿੱਚ ਲਗਨ ਦਿਖਾਉਣ ਲਈ “ਸਰਦਾਰ ਸੁਰਜੀਤ ਸਿੰਘ ਢਿੱਲੋਂ ਐਵਾਰਡ” ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਕਿਸਾਨ ਨੇ ਮਿੱਟੀ ਦੀ ਸਿਹਤ ਸੰਭਾਲ ਲਈ ਵਰਮੀ-ਕੰਪੋਸਟ ਦੀ ਵਰਤੋਂ ਕੀਤੀ ਅਤੇ ਨਦੀਨਾਂ ਦੀ ਰੋਕਥਾਮ ਲਈ ਮਲਚਿੰਗ ਤਕਨੀਕ ਰਾਹੀਂ ਸਬਜ਼ੀਆਂ ਦੇ ਉਤਪਾਦਨ ਵਿੱਚ ਭਰਪੂਰ ਯੋਗਦਾਨ ਪਾਇਆ ਹੈ।
ਇਸੇ ਤਰ੍ਹਾਂ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਥਰਾਜਵਾਲਾ ਦੇ ਇੱਕ ਹੋਰ ਛੋਟੇ ਕਿਸਾਨ ਸ ਗੁਰਪ੍ਰੀਤ ਸਿੰਘ ਸਪੁੱਤਰ ਸ ਬਲਵਿੰਦਰ ਸਿੰਘ ਨੂੰ ਵੀ ਸਬਜ਼ੀਆਂ ਦੀ ਲਾਭਕਾਰੀ ਕਾਸ਼ਤ ਅਤੇ ਫ਼ਸਲੀ ਵਿਭਿੰਨਤਾ ਵਿਚ ਮੱਲਾਂ ਮਾਰਨ ਲਈ “ਸਰਦਾਰ ਸੁਰਜੀਤ ਸਿੰਘ ਢਿੱਲੋਂ ਐਵਾਰਡ” ਨਾਲ ਸਨਮਾਨਿਤ ਕੀਤਾ ਜਾਵੇਗਾ।ਮਾਹਿਰ ਸਬਜ਼ੀ ਉਤਪਾਦਕ ਵਜੋਂ ਸ ਗੁਰਪ੍ਰੀਤ ਸਿੰਘ ਪੀਏਯੂ ਦੀ ਵਿਗਿਆਨਕ ਮੁਹਾਰਤ ਅਪਣਾ ਕੇ ਪਨੀਰੀ ਉਤਪਾਦਨ, ਫੁਹਾਰਾ ਸਿੰਚਾਈ ਅਤੇ ਜ਼ਮੀਨਦੋਜ਼ ਪਾਈਪਾਂ ਦੀ ਵਰਤੋਂ ਕਰਕੇ ਪਾਣੀ ਦੀ ਸੰਭਾਲ, ਅਤੇ ਹਰੀ ਖਾਦ ਦੀ ਵਰਤੋਂ ਨਾਲ ਮਿੱਟੀ ਦੀ ਸਿਹਤ ਸੰਭਾਲ ਵਿੱਚ ਰੁੱਝਿਆ ਹੋਇਆ ਹੈ।
ਨਾਲ ਹੀ 50 ਸਾਲਾ ਅਗਾਂਹਵਧੂ ਕਿਸਾਨ ਬਾਲ ਕ੍ਰਿਸ਼ਨ ਪੁੱਤਰ ਜ਼ਿਲ੍ਹੇ ਸਿੰਘ, ਪਿੰਡ ਭੂਲਣ, ਜ਼ਿਲ੍ਹਾ ਸੰਗਰੂਰ ਦੇ ਵਸਨੀਕ ਨੂੰ 30 ਸਾਲਾਂ ਦੇ ਲੰਮੇ ਅਰਸੇ ਦੌਰਾਨ ਖੇਤੀਬਾੜੀ ਵਿੱਚ ਬੁਲੰਦੀਆਂ ਨੂੰ ਛੂਹਣ ਲਈ “ਸਰਦਾਰ ਦਲੀਪ ਸਿੰਘ ਧਾਲੀਵਾਲ ਯਾਦਗਾਰੀ ਪੁਰਸਕਾਰ” ਨਾਲ ਸਨਮਾਨਿਤ ਕੀਤਾ ਜਾਵੇਗਾ। 22 ਏਕੜ ਜੱਦੀ ਜ਼ਮੀਨ ਅਤੇ 30 ਏਕੜ ਠੇਕੇ 'ਤੇ ਲੈ ਕੇ ਖੇਤੀ ਕਰਨ ਵਾਲੇ ਬਾਲ ਕ੍ਰਿਸ਼ਨ ਨੇ 2013 ਤੋਂ ਬਾਅਦ ਕਦੇ ਵੀ ਪਰਾਲੀ ਨੂੰ ਅੱਗ ਨਹੀਂ ਲਗਾਈ, ਸਗੋਂ ਪਰਾਲੀ ਸਾੜਨ ਤੋਂ ਬਿਨਾਂ ਕਣਕ ਦੀ ਕਾਸ਼ਤ ਕੀਤੀ। ਇਸ ਤੋਂ ਇਲਾਵਾ, ਉਹ ਘਰੇਲੂ ਖਪਤ ਲਈ ਆਪਣੀ ਰਸੋਈ ਬਗੀਚੀ ਵਿਚ ਬਾਸਮਤੀ, ਹਰਾ ਚਾਰਾ, ਬਾਜਰਾ ਅਤੇ ਜਵਾਰ ਉਗਾਉਂਦਾ ਹੈ; ਅਤੇ ਖੁੰਬਾਂ ਦੀ ਕਾਸ਼ਤ, ਮਧੂ ਮੱਖੀ ਪਾਲਣ, ਪੋਲਟਰੀ ਫਾਰਮਿੰਗ, ਐਗਰੋ-ਪ੍ਰੋਸੈਸਿੰਗ ਨਾਲ ਜੁੜਿਆ ਹੋਇਆ ਹੈ।
ਇਹ ਵੀ ਪੜੋ: Veterinary University ਵੱਲੋਂ ਅਗਾਂਹਵਧੂ ਕਿਸਾਨਾਂ ਲਈ CM Award ਦੀ ਘੋਸ਼ਣਾ
ਜ਼ਿਲ੍ਹਾ ਲੁਧਿਆਣਾ ਦੀ ਤਹਿਸੀਲ ਸਮਰਾਲਾ ਦੇ ਪਿੰਡ ਹਯਾਤਪੁਰਾ ਨਾਲ ਸ ਮੋਹਨਦੀਪ ਸਿੰਘ ਨੂੰ 12 ਸਾਲਾਂ ਖੇਤੀ ਸਫ਼ਰ ਦੌਰਾਨ 35 ਏਕੜ ਦੇ ਕਰੀਬ ਰਕਬੇ ਵਿੱਚ ਸਬਜ਼ੀਆਂ ਦੀ ਪੈਦਾਵਾਰ ਲਈ “ਸਰਦਾਰ ਉਜਾਗਰ ਸਿੰਘ ਧਾਲੀਵਾਲ ਯਾਦਗਾਰੀ ਪੁਰਸਕਾਰ” ਨਾਲ ਸਨਮਾਨਿਤ ਕੀਤਾ ਜਾਵੇਗਾ। ਸਫਲ ਸਬਜ਼ੀ ਬੀਜ ਉਤਪਾਦਕ ਦੇ ਤੌਰ ਤੇ ਉਹ ਪੀਏਯੂ, ਲੁਧਿਆਣਾ ਅਤੇ ਦਿੱਲੀ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਸਥਿਤ ਸੰਸਥਾਵਾਂ ਦੀਆਂ ਸਿਫ਼ਾਰਸ਼ਾਂ ਦੀ ਪਾਲਣਾ ਕਰ ਰਿਹਾ ਹੈ ਅਤੇ ਨਾਲ ਹੀ ਲਗਭਗ 200 ਕਿਸਾਨਾਂ ਨੂੰ ਸਬਜ਼ੀਆਂ ਦਾ ਬੀਜ ਪ੍ਰਦਾਨ ਕਰ ਰਿਹਾ ਹੈ।
11 ਏਕੜ ਜੱਦੀ ਜ਼ਮੀਨ ਦੀ ਮਾਲਕੀਅਤ ਵਾਲੀ ਸ਼੍ਰੀਮਤੀ ਕੁਲਵਿੰਦਰ ਕੌਰ ਪਤਨੀ ਹਰਦੀਪ ਸਿੰਘ ਵਾਸੀ ਪਿੰਡ ਕਾਠ ਮੱਠੀ ਜ਼ਿਲ੍ਹਾ ਪਟਿਆਲਾ ਨੂੰ ਇੱਕ ਅਗਾਂਹਵਧੂ ਉੱਦਮੀ ਹੋਣ ਲਈ 'ਸਰਦਾਰਨੀ ਜਗਬੀਰ ਕੌਰ ਗਰੇਵਾਲ ਯਾਦਗਾਰੀ ਪੁਰਸਕਾਰ' ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਕਿਸਾਨ ਬੀਬੀ ਨੇ ਕੇਵੀਕੇ, ਪਟਿਆਲਾ ਤੋਂ ਦੁੱਧ ਉਤਪਾਦਨ, ਫੁਲਕਾਰੀ ਦੀ ਕਢਾਈ ਦੀ ਸਿਖਲਾਈ ਪ੍ਰਾਪਤ ਕੀਤੀ ਹੈ। ਉਹ ਪਿੰਡ ਵਿਚ ਡੇਅਰੀ ਅਤੇ ਦੁੱਧ ਦੀ ਸਥਾਨਕ ਵਿਕਰੀ ਰਾਹੀਂ ਆਪਣੇ ਪਰਿਵਾਰ ਦੇ ਆਰਥਿਕ ਵਾਧੇ ਵਿੱਚ ਯੋਗਦਾਨ ਪਾ ਰਹੀ ਹੈ।
ਪਿੰਡ ਰਾਮ ਟਟਵਾਲੀ, ਜ਼ਿਲ੍ਹਾ ਹੁਸ਼ਿਆਰਪੁਰ ਦੇ ਰਹਿਣ ਵਾਲੇ ਦਵਿੰਦਰ ਸਿੰਘ ਪੁੱਤਰ ਪ੍ਰੀਤਮ ਸਿੰਘ ਨੂੰ ਆਪਣੀ 35 ਸਾਲਾਂ ਦੇ ਸਫ਼ਰ ਦੌਰਾਨ 26 ਏਕੜ 'ਤੇ ਵਿਗਿਆਨਕ ਖੇਤੀ ਕਰਨ ਲਈ 'ਪਰਵਾਸੀ ਭਾਰਤੀ ਪੁਰਸਕਾਰ' ਨਾਲ ਸਨਮਾਨਿਤ ਕੀਤਾ ਜਾਵੇਗਾ। . ਉਸਨੇ ਮੂੰਗਫਲੀ ਦੀ ਕਾਸ਼ਤ ਦੁਆਰਾ ਖੇਤੀ ਵਿਭਿੰਨਤਾ ਵਿੱਚ ਇੱਕ ਬਹੁਤ ਵੱਡਾ ਯੋਗਦਾਨ ਪਾਇਆ ਹੈ।
ਡਾ. ਭੁੱਲਰ ਨੇ ਦੱਸਿਆ ਕਿ ਇਸਦੇ ਨਾਲ ਹੀ ਵਾਤਾਵਰਨ ਦੀ ਸੰਭਾਲ ਲਈ ਸਮੂਹਿਕ ਕੋਸ਼ਿਸ਼ਾਂ ਤੇਜ਼ ਕਰਨ ਵਾਸਤੇ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਦੁੱਬਲੀ ਦੀ ਸਾਂਭ ਸੰਭਾਲ ਲਈ ਧੰਨ ਧੰਨ ਬਾਬਾ ਸੰਤ ਖਾਲਸਾ ਸੇਵਾ ਸੁਸਾਇਟੀ ਨੂੰ ਭਾਈ ਬਾਬੂ ਸਿੰਘ ਬਰਾੜ ਸਰਵੋਤਮ ਛੱਪੜ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਇਹ ਸਾਰੇ ਐਵਾਰਡ ਕਿਸਾਨ ਮੇਲੇ ਦੇ ਆਰੰਭਿਕ ਸੈਸ਼ਨ ਦੌਰਾਨ ਪ੍ਰਧਾਨਗੀ ਮੰਡਲ ਵਲੋਂ ਦਿੱਤੇ ਜਾਣਗੇ।
ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University)
Summary in English: Progressive Farmers: Five farmers and one women farmer will be honored at the PAU Kisan Mela