Pulses: ਘਰੇਲੂ ਪੱਧਰ ਅਤੇ ਪ੍ਰਚੂਨ ਦੁਕਾਨ 'ਤੇ ਦਾਲਾਂ ਨੂੰ ਕੀੜਿਆਂ ਤੋਂ ਬਚਾਉਣ ਲਈ ਪੀ.ਏ.ਯੂ. ਵਿਗਿਆਨੀਆਂ ਨੇ ਇੱਕ ਸਰਲ, ਵਰਤੋਂ ਵਿੱਚ ਆਸਾਨ ਅਤੇ ਜੈਵਿਕ ਹੱਲ ਲੱਭ ਲਿਆ ਹੈ। ਦਰਅਸਲ, ਪੀਏਯੂ ਵਿਗਿਆਨੀਆਂ ਡਾ.ਮਨਪ੍ਰੀਤ ਕੌਰ ਸੈਣੀ, ਡਾ. ਐਮਐਸ ਆਲਮ, ਡਾ. ਸੁਰੇਖਾ ਭਾਟੀਆ ਅਤੇ ਡਾ. ਅੰਜਲੀ ਸਿੱਧੂ ਨੇ ਸਾਂਝੇ ਤੌਰ 'ਤੇ ਦਾਲਾਂ ਦੀ ਸੁਰੱਖਿਆ ਲਈ ਪੀ.ਏ.ਯੂ. ਸੰਭਾਲ ਕਿੱਟ ਤਿਆਰ ਕੀਤੀ ਹੈ।
ਦੱਸ ਦੇਈਏ ਕਿ ਇਹ ਕਿੱਟ ਇੱਕ ਜੈਵਿਕ ਢੰਗ ਹੈ ਜਿਸ ਦੀ ਵਰਤੋਂ ਕਰਕੇ ਸੌਖੇ ਤਰੀਕੇ ਨਾਲ ਘਰਾਂ ਅਤੇ ਛੋੋਟੇ ਦੁਕਾਨਦਾਰਾਂ ਦੀਆਂ ਦਾਲਾਂ ਨੂੰ ਕੀੜਿਆਂ ਤੋਂ ਬਚਾਇਆ ਜਾ ਸਕਦਾ ਹੈ। ਆਓ ਜਾਣਦੇ PAU PROTECTION KIT ਦੀ ਖ਼ਾਸੀਅਤ ਬਾਰੇ ਵਿਸਥਾਰ ਨਾਲ...
ਆਮ ਤੌਰ 'ਤੇ ਦਾਲਾਂ ਦੀ ਸਟੋਰੇਜ ਦੌਰਾਨ ਕੀੜਿਆਂ ਕਾਰਨ ਬਹੁਤ ਨੁਕਸਾਨ ਦੇਖਿਆ ਜਾਂਦਾ ਹੈ। ਇਨ੍ਹਾਂ ਵਿੱਚੋਂ ਦਾਲਾਂ ਦੇ ਮੱਕੜੇ, ਅਨਾਜ ਦਾ ਕੀੜਾ, ਮਿਆਰ ਅਤੇ ਮਿਕਦਾਰ ਪੱਖੋਂ ਦਾਲਾਂ ਦਾ ਬਹੁਤ ਨੁਕਸਾਨ ਕਰਦੇ ਹਨ। ਇਨ੍ਹਾਂ ਦੀ ਰੋਕਥਾਮ ਲਈ ਕੀੜੇ-ਮਕੌੜਿਆਂ ਨੂੰ ਭਜਾਉਣ ਵਾਲੇ ਰਸਾਇਣਾਂ ਦੀ ਵਰਤੋਂ ਕਰਨ ਦਾ ਦੁਨੀਆ ਭਰ ਵਿੱਚ ਇੱਕ ਰੁਝਾਨ ਹੈ। ਹਾਲਾਂਕਿ, ਇਨ੍ਹਾਂ ਰਸਾਇਣਾਂ ਦੀ ਵਰਤਮਾਨ ਰੂਪ ਵਿੱਚ ਵਰਤੋਂ ਵੀ ਨੁਕਸਾਨਦੇਹ ਹੋ ਸਕਦੀ ਹੈ। ਪੀਏਯੂ ਮੁਹਾਰਤ ਨਾਲ ਵਿਕਸਤ ਕਿੱਟਾਂ ਇਨ੍ਹਾਂ ਚੁਣੌਤੀਆਂ ਦਾ ਮੁਕਾਬਲਤਨ ਸੁਰੱਖਿਅਤ ਹੱਲ ਪ੍ਰਦਾਨ ਕਰਦੀਆਂ ਹਨ।
ਪ੍ਰੋਸੈਸਿੰਗ ਅਤੇ ਫੂਡ ਇੰਜਨੀਅਰਿੰਗ ਵਿਭਾਗ ਵੱਲੋਂ ਤਿਆਰ ਕੀਤੀ ਗਈ ਇਹ ਕਿੱਟ ਬਹੁਤ ਹੀ ਸਸਤੀ, ਵਾਤਾਵਰਨ ਪੱਖੀ ਅਤੇ ਸਿਹਤ ਪੱਖੀ ਹੈ, ਜਿਸ ਨਾਲ ਦਾਲਾਂ ਦੇ ਕੀੜਿਆਂ ਤੋਂ ਹੋਣ ਵਾਲੇ ਨੁਕਸਾਨ ਨੂੰ ਘੱਟ ਕੀਤਾ ਜਾ ਸਕਦਾ ਹੈ। ਹਰੇਕ ਕਿੱਟ ਦੀ ਕੀਮਤ 5 ਰੁਪਏ ਰੱਖੀ ਗਈ ਹੈ ਤਾਂ ਜੋ ਆਮ ਲੋਕ ਇਸ ਦੀ ਵਰਤੋਂ ਕਰ ਸਕਣ।
ਐਨਵਾਇਰਮੈਂਟਲ ਪ੍ਰੋਟੈਕਸ਼ਨ ਏਜੰਸੀ (ਈਪੀਏ) ਨੇ ਵੀ ਇਸ ਕਿੱਟ ਵਿੱਚ ਵਰਤੇ ਗਏ ਜੈਵਿਕ ਮਿਸ਼ਰਣ ਨੂੰ ਸੁਰੱਖਿਅਤ ਪਾਇਆ ਹੈ। ਇਸ ਸਬੰਧ ਵਿੱਚ, ਇਹ ਕਿੱਟ ਮਨੁੱਖੀ ਸਿਹਤ ਲਈ ਬਹੁਤ ਸੁਰੱਖਿਅਤ ਹੈ ਅਤੇ ਕੀਟਨਾਸ਼ਕਾਂ ਦੀ ਰਹਿੰਦ-ਖੂੰਹਦ ਦੇ ਜੋਖਮ ਤੋਂ ਮੁਕਤ ਹੈ। ਇਸ ਕਿੱਟ ਨੂੰ 6 ਮਹੀਨੇ ਤੋਂ ਇੱਕ ਸਾਲ ਦੇ ਅੰਤਰਾਲ 'ਤੇ ਦਾਲਾਂ ਵਿੱਚ ਵਰਤਿਆ ਜਾ ਸਕਦਾ ਹੈ। ਇਸ ਨਾਲ ਕਿਸੇ ਹੋਰ ਢੰਗ ਤਰੀਕੇ ਨੂੰ ਅਪਨਾਉਣ ਦੀ ਲੋੜ ਵੀ ਨਹੀਂ ਹੁੰਦੀ।
ਇਹ ਵੀ ਪੜੋ: Patiala ਦੇ Krishi Vigyan Kendra ਵਿਖੇ ਹੋਈ ਵਿਗਿਆਨਕ ਸਲਾਹਕਾਰ ਕਮੇਟੀ ਦੀ ਮੀਟਿੰਗ
ਪੀਏਯੂ ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਅਤੇ ਐਸੋਸੀਏਟ ਡਾਇਰੈਕਟਰ ਟੈਕਨਾਲੋਜੀ ਕਮਰਸ਼ੀਅਲਾਈਜੇਸ਼ਨ ਸੈੱਲ ਡਾ. ਖੁਸ਼ਦੀਪ ਧਾਰਨੀ ਨੇ ਮਾਹਿਰਾਂ ਦੀ ਇਸ ਟੀਮ ਨੂੰ ਸਮਾਜ ਦੀ ਬਿਹਤਰੀ ਲਈ ਇਸ ਤਕਨੀਕ ਨੂੰ ਵਿਕਸਤ ਕਰਨ ਲਈ ਵਧਾਈ ਦਿੱਤੀ।
Summary in English: Punjab Agricultural University develops cost-effective and user-friendly protection kits for stored pulses