Punjab Agricultural University: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਨੂੰ ਨਵੀਂ ਦਿੱਲੀ ਵਿਖੇ ਆਯੋਜਿਤ ਇੱਕ ਸਮਾਗਮ ਦੌਰਾਨ ਸਿੱਖਿਆ ਮੰਤਰਾਲੇ ਵੱਲੋਂ ਜਾਰੀ ਐੱਨ ਆਈ ਆਰ ਐੱਫ -2024 ਰੈਂਕਿੰਗ ਵਿੱਚ ਭਾਰਤ ਦੀਆਂ 75 ਖੇਤੀਬਾੜੀ ਯੂਨੀਵਰਸਿਟੀਆਂ ਵਿੱਚੋਂ ਸਿਖਰ ਦੀ ਰੈਂਕਿੰਗ ਦਿੱਤੀ ਗਈ। ਇਹ ਰੈਂਕਿੰਗ ਹਾਸਲ ਕਰਕੇ ਪੀ ਏ ਯੂ ਨੇ ਇੱਕ ਵਾਰ ਫਿਰ ਆਪਣੀ ਅਕਾਦਮਿਕ ਉੱਤਮਤਾ ਦਾ ਪ੍ਰਦਰਸ਼ਨ ਕੀਤਾ ਹੈ।
ਜ਼ਿਕਰਯੋਗ ਹੈ ਕਿ ਲਗਾਤਾਰ ਦੂਜੇ ਸਾਲ ਪੀਏਯੂ ਨੂੰ ਇਸ ਸਨਮਾਨ ਨਾਲ ਨਿਵਾਜ਼ਿਆ ਗਿਆ ਹੈ। ਖੇਤੀ ਸਹਾਇਕ ਖੇਤਰਾਂ ਦੇ ਅਧਾਰ ਤੇ ਖੇਤੀਬਾੜੀ ਸੰਸਥਾਵਾਂ ਦੇ ਵਰਗ ਦੀ ਰੈਂਕਿੰਗ ਵਿੱਚ ਪੀ ਏ ਯੂ ਤੀਜੇ ਸਥਾਨ 'ਤੇ ਹੈ। ਪਹਿਲੇ ਸਥਾਨ ਤੇ ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ, ਨਵੀਂ ਦਿੱਲੀ, ਅਤੇ ਦੂਜੇ ਸਥਾਨ ਦੀ ਰੈਂਕਿੰਗ ਰਾਸ਼ਟਰੀ ਡੇਅਰੀ ਖੋਜ ਸੰਸਥਾ, ਕਰਨਾਲ ਨੂੰ ਦਿੱਤੀ ਗਈ।
ਪੀਏਯੂ ਦੇ ਵਾਈਸ-ਚਾਂਸਲਰ ਸਤਿਬੀਰ ਸਿੰਘ ਗੋਸਲ ਨੇ ਲਗਾਤਾਰ ਦੂਜੇ ਸਾਲ ਸਿਖਰਲੀ ਖੇਤੀਬਾੜੀ ਯੂਨੀਵਰਸਿਟੀ ਵਜੋਂ ਯੂਨੀਵਰਸਿਟੀ ਦੇ ਚੁਣੇ ਜਾਣ 'ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਪ੍ਰਾਪਤੀ ਪੀਏਯੂ ਦੀ ਖੇਤੀ ਖੋਜ ਅਤੇ ਸਿੱਖਿਆ ਵਿੱਚ ਵਿਸ਼ਵ ਪੱਧਰ ਦੇ ਮਿਆਰ ਦੇ ਦਾਅਵੇ ਨੂੰ ਹੋਰ ਮਜ਼ਬੂਤ ਕਰਦੀ ਹੈ। ਡਾ. ਗੋਸਲ ਨੇ ਇਸ ਸਫਲਤਾ ਦਾ ਸਿਹਰਾ ਫੈਕਲਟੀ ਦੇ ਸਮਰਪਣ, ਵਿਦਿਆਰਥੀਆਂ ਦੀ ਸਖ਼ਤ ਮਿਹਨਤ, ਸਟਾਫ਼ ਦੇ ਵਡਮੁੱਲੇ ਯੋਗਦਾਨ ਅਤੇ ਸਾਬਕਾ ਵਿਦਿਆਰਥੀਆਂ ਦੇ ਅਟੁੱਟ ਸਹਿਯੋਗ ਨੂੰ ਦਿੰਦੇ ਹੋਏ ਪੀਏਯੂ ਭਾਈਚਾਰੇ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਕਿਸਾਨ ਭਾਈਚਾਰੇ ਅਤੇ ਦੇਸ਼ ਦੋਵਾਂ ਦੀ ਸੇਵਾ ਕਰਨ ਦੀ ਵਚਨਬੱਧਤਾ ਪ੍ਰਗਟ ਕਰਦਿਆਂ ਭਰੋਸਾ ਦਿਵਾਇਆ ਕਿ ਪੀਏਯੂ ਕੌਮੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਕਿਸਾਨੀ ਅਤੇ ਮਨੁੱਖੀ ਭਲਾਈ ਲਈ ਯਤਨਸ਼ੀਲ ਰਹੇਗੀ।
ਡਾ. ਮਾਨਵ ਇੰਦਰ ਸਿੰਘ ਗਿੱਲ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਨੇ ਯੂਨੀਵਰਸਿਟੀ ਵੱਲੋਂ ਸਰਟੀਫਿਕੇਟ ਅਤੇ ਟਰਾਫੀ ਪ੍ਰਾਪਤ ਕੀਤੀ। ਉਨ੍ਹਾਂ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਇਹ ਮਾਨਤਾ ਪੀਏਯੂ ਦੀ ਉੱਚ ਪੱਧਰੀ ਸਿੱਖਿਆ, ਮੋਹਰੀ ਖੋਜ ਅਤੇ ਮਿਆਰੀ ਵਿਸਤਾਰ ਬੁਨਿਆਦੀ ਢਾਂਚਾ ਪ੍ਰਦਾਨ ਕਰਨ ਦੀ ਵਚਨਬੱਧਤਾ ਦਾ ਪ੍ਰਮਾਣ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਪ੍ਰਾਪਤੀ ਖੇਤੀਬਾੜੀ ਅਤੇ ਦੇਸ਼ ਦੀ ਤਰੱਕੀ ਵਿੱਚ ਸਾਰਥਕ ਯੋਗਦਾਨ ਪਾਉਣ ਲਈ ਉਤਸ਼ਾਹ ਅਤੇ ਹਿੰਮਤ ਪ੍ਰਦਾਨ ਕਰੇਗੀ। ਇਸ ਨਾਲ ਪੀਏਯੂ ਦੇ ਵਿਗਿਆਨੀ, ਕਰਮਚਾਰੀ ਅਤੇ ਵਿਦਿਆਰਥੀ ਆਪਣੇ ਕੰਮ ਪ੍ਰਤੀ ਹੋਰ ਸਮਰਪਣ ਦਿਖਾਉਣ ਦੇ ਯੋਗ ਹੋਣਗੇ।
ਇਹ ਵੀ ਪੜੋ: Madhya Pradesh ਦੇ ਸਤਨਾ ਵਿੱਚ MFOI Samridh Kisan Utsav ਦਾ ਆਯੋਜਨ, ਕਿਸਾਨਾਂ ਨੂੰ ਝੋਨੇ ਦੀ ਫਸਲ ਵਿੱਚ ਬਿਮਾਰੀਆਂ ਅਤੇ ਕੀੜਿਆਂ ਦੇ ਪ੍ਰਬੰਧਨ ਬਾਰੇ ਮਿਲੀ ਅਹਿਮ ਜਾਣਕਾਰੀ
ਜ਼ਿਕਰਯੋਗ ਹੈ ਕਿ NIRF ਅਧਿਆਪਨ, ਸਿੱਖਿਆ, ਖੋਜ, ਗ੍ਰੈਜੂਏਸ਼ਨ ਦੇ ਨਤੀਜੇ, ਪਸਾਰ ਕਾਰਜਾਂ, ਸਹਿਯੋਗ ਆਦਿ ਵਿਭਿੰਨ ਮਾਪਦੰਡਾਂ ਦੀ ਵਰਤੋਂ ਕਰਦੇ ਹੋਏ ਭਾਰਤ ਦੇ ਉੱਚ ਸਿੱਖਿਆ ਸੰਸਥਾਵਾਂ ਦੀ ਰੈਂਕਿੰਗ ਕਰਨ ਵਾਲੀ ਏਜੰਸੀ ਹੈ। ਇਸ ਰੈਂਕਿੰਗ ਪ੍ਰਬੰਧ ਨੂੰ ਅੱਗੇ ਵੱਖ-ਵੱਖ ਸ਼੍ਰੇਣੀਆਂ ਵਿੱਚ 16 ਤੋਂ 18 ਉਪ-ਵਰਗਾਂ ਵਿੱਚ ਵੰਡਿਆ ਗਿਆ ਹੈ। ਇਸ ਸਾਲ, 10,000 ਤੋਂ ਵੱਧ ਅਰਜ਼ੀਆਂ ਉੱਚ ਸਿੱਖਿਆ ਦੇ ਅਦਾਰਿਆਂ ਵਲੋਂ ਦਿੱਤੀਆਂ ਗਈਆਂ ਸਨ ਜਿਸ ਤੋਂ ਇਸ ਰੈਂਕਿੰਗ ਦੀ ਉੱਚਤਾ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ। ਇਹ ਮੁਲਾਂਕਣ ਯਕੀਨੀ ਬਣਾਉਂਦੇ ਹਨ ਕਿ ਪੀਏਯੂ ਵਰਗੇ ਚੋਟੀ ਦੇ ਅਦਾਰੇ ਹੀ ਇਸ ਸਨਮਾਨ ਨੂੰ ਪ੍ਰਾਪਤ ਕਰਦੇ ਹਨ।
Summary in English: Punjab Agricultural University, the leading among the 75 agricultural universities of India, once again got the honor of being the best agricultural university in the country