ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਸਾਲ 2023-24 ਲਈ ਬਜਟ ਪੇਸ਼ ਕਰ ਦਿੱਤਾ ਹੈ। ਪਿਛਲੇ ਸਾਲ ਅੱਜ ਦੇ ਹੀ ਦਿਨ ਪੰਜਾਬ ਦੇ ਲੋਕਾਂ ਦਾ ਫ਼ਤਵਾ ਚੋਣ ਨਤੀਜਿਆਂ ਦੇ ਰੂਪ 'ਚ ਆਪ ਸਰਕਾਰ ਨੂੰ ਮਿਲਿਆ ਸੀ ਤੇ ਅੱਜ ਹੀ ਸੂਬਾ ਸਰਕਾਰ ਨੇ ਆਪਣਾ ਪਹਿਲਾ ਪੂਰਨ ਬਜਟ ਪੇਸ਼ ਕੀਤਾ। ਇਸ ਬਜਟ 'ਚ ਲੋਕਾਂ 'ਤੇ ਕੋਈ ਵੀ ਨਵਾਂ ਟੈਕਸ ਨਹੀਂ ਲਗਾਇਆ ਗਿਆ ਹੈ ਤੇ ਹਰ ਵਰਗ ਸਮੇਤ ਸਿਹਤ, ਸਿੱਖਿਆ,ਖੇਤੀਬਾੜੀ, ਰੁਜ਼ਗਾਰ ਤੇ ਵਪਾਰ ਦੇ ਬਜਟ `ਤੇ ਖਾਸ ਧਿਆਨ ਦਿੱਤਾ ਗਿਆ ਹੈ।
ਮੰਤਰੀ ਹਰਪਾਲ ਸਿੰਘ ਚੀਮਾ ਨੇ ਰੁਜ਼ਗਾਰ ਸਿਰਜਣ, ਚੰਗੇ ਵਿੱਤੀ ਸਾਲ 2023-24 ਲਈ 1.96 ਲੱਖ ਕਰੋੜ ਰੁਪਏ ਤੋਂ ਵੱਧ ਦਾ ਬਜਟ ਪ੍ਰਸਤਾਵਿਤ ਕੀਤਾ ਹੈ, ਜੋ ਕਿ ਪਿੱਛਲੇ ਸਾਲ ਦੇ ਬਜਟ ਨਾਲੋਂ 26 ਫ਼ੀਸਦੀ ਵੱਧ ਹੈ।। ਵਿੱਤੀ ਸਾਲ 2023-24 ਲਈ ਪੰਜਾਬ ਦਾ ਕੁੱਲ ਰਾਜ ਘਰੇਲੂ ਉਤਪਾਦ (Gross State Domestic Product) 6,98,635 ਕਰੋੜ ਰੁਪਏ ਹੋਵੇਗਾ। ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਜਲਦੀ ਹੀ ਨਵੀਂ ਖੇਤੀ ਨੀਤੀ ਲਿਆਵੇਗੀ, ਜਿਸ ਲਈ ਮਾਹਿਰਾਂ ਦੀ ਕਮੇਟੀ ਬਣਾਈ ਗਈ ਹੈ।
ਪੰਜਾਬ ਸਰਕਾਰ ਵੱਲੋਂ ਫਸਲੀ ਵਿਭਿੰਨਤਾ ਲਈ 1000 ਕਰੋੜ ਰੁਪਏ ਦੀ ਅਲਾਟਮੈਂਟ ਦੀ ਤਜਵੀਜ਼ `ਤੇ ਫਸਲ ਬੀਮਾ ਯੋਜਨਾ ਜਲਦੀ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਘਰੇਲੂ ਖਪਤਕਾਰਾਂ ਨੂੰ ਮੁਫਤ 300 ਯੂਨਿਟ ਬਿਜਲੀ ਦੇਣ ਅਤੇ ਮੂੰਗੀ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਕੇ ਖੇਤੀ ਵਿਭਿੰਨਤਾ ਨੂੰ ਹੁਲਾਰਾ ਦੇਣ ਦੇ ਕਦਮਾਂ ਬਾਰੇ ਵੀ ਚਾਨਣਾ ਪਾਇਆ।
ਪੰਜਾਬ ਸਰਕਾਰ ਦੇ ਬਜਟ ਦੀਆਂ ਕੁਝ ਮੁੱਖ ਝਲਕੀਆਂ:
ਖੇਤੀਬਾੜੀ:
● ਖੇਤੀ ਤੇ ਕਿਸਾਨ ਭਲਾਈ ਲਈ 13,888 ਕਰੋੜ ਰੁਪਏ ਰਾਖਵੇਂ ਰੱਖੇ ਗਏ।
● ਖੇਤੀ ਵਿਭਿੰਨਤਾ ਲਈ 1000 ਕਰੋੜ ਰੁਪਏ ਦੀ ਅਲਾਟਮੈਂਟ ਦੀ ਤਜਵੀਜ਼ `ਤੇ ਫਸਲ ਬੀਮਾ ਯੋਜਨਾ ਜਲਦੀ ਸ਼ੁਰੂ ਕੀਤੀ ਜਾਵੇਗੀ।
● ਬਿਜਲੀ ਸਬਸਿਡੀ ਲਈ 9331 ਕਰੋੜ ਰੁਪਏ ਰਾਖ਼ਵੇਂ ਰੱਖੇ ਗਏ।
● ਕਿਸਾਨਾਂ ਲਈ ਮੁਫ਼ਤ ਬਿਜਲੀ ਜਾਰੀ ਰਹੇਗੀ।
● ਝੋਨੇ ਦੀ ਬਿਜਾਈ ਤੇ ਮੂੰਗੀ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਲਈ ਮੂੰਗੀ ਦੀ ਸਿੱਧੀ ਖ਼ਰੀਦ ਲਈ 125 ਕਰੋੜ ਰੁਪਏ।
● ਪਰਾਲੀ ਪ੍ਰਬੰਧਨ ਲਈ 350 ਕਰੋੜ ਰੁਪਏ।
● ਬਾਗਵਾਨੀ ਵਿਭਾਗ ਲਈ 253 ਕਰੋੜ ਰੁਪਏ।
ਸਿੱਖਿਆ:
● ਸਕੂਲ ਤੇ ਉੱਚ ਸਿੱਖਿਆ ਲਈ 17,072 ਕਰੋੜ ਰੁਪਏ ਦੀ ਤਜਵੀਜ਼, ਪਿਛਲੇ ਸਾਲ ਨਾਲੋਂ 12% ਵੱਧ।
● ਤਕਨੀਕੀ ਸਿੱਖਿਆ ਸੰਸਥਾਵਾਂ ਦੇ ਸੁਧਾਰ ਲਈ 615 ਕਰੋੜ ਰੁਪਏ ਦਾ ਉਪਬੰਧ ਪ੍ਰਸਤਾਵਿਤ, ਪਿਛਲੇ ਸਾਲ ਨਾਲੋਂ ਲਗਭਗ 6 ਫ਼ੀਸਦੀ ਵੱਧ।
ਇਹ ਵੀ ਪੜ੍ਹੋ : Budget 2023: ਇਸ ਬਜਟ ਤੋਂ ਖੇਤੀਬਾੜੀ ਸੈਕਟਰ ਨੂੰ ਉਮੀਦਾਂ
ਖੇਡਾਂ:
● ਖ਼ੇਡਾਂ ਦੀ ਬੁਨਿਆਦੀ ਢਾਂਚੇ ਲਈ 258 ਕਰੋੜ ਰੁਪਏ ਦਾ ਬਜਟ।
● ਖ਼ੇਡਾਂ ਦਾ ਸਮਾਨ ਖ਼ਰੀਦਣ ਲਈ 3 ਕਰੋੜ ਰੁਪਏ ਦੀ ਤਜਵੀਜ਼।
● ਖ਼ੇਡ ਬਜਟ ਵਿਚ ਪਿਛਲੇ ਸਾਲ ਨਾਲੋਂ 55 ਫ਼ੀਸਦੀ ਦਾ ਵਾਧਾ।
ਸਿਹਤ:
● 4781 ਕਰੋੜ ਰੁਪਏ ਸਿਹਤ ਖੇਤਰ ਲਈ ਰਾਖਵੇਂ।
● ਹੁਸ਼ਿਆਰਪੁਰ ਤੇ ਕਪੂਰਥਲਾ ਵਿਚ ਦੋ ਨਵੇਂ ਮੈਡੀਕਲ ਕਾਲਜ ਖੁੱਲਣਗੇ, ਦੋਵਾਂ ਕਾਲਜਾਂ ਵਿਚ 100-100 ਐਮ.ਬੀ.ਬੀ.ਐਸ. ਸਰਕਾਰੀ ਸੀਟਾਂ ਹੋਣਗੀਆਂ। ਦੋਵਾਂ ਮੈਡੀਕਲ ਕਾਲਜਾਂ ਲਈ ਕ੍ਰਮਵਾਰ 422 ਤੇ 412 ਕਰੋੜ ਰੁਪਏ ਰਾਖ਼ਵੇਂ।
● ਫ਼ਾਜ਼ਿਲਕਾ ਵਿਚ ਕੈਂਸਰ ਕੇਅਰ ਯੂਨਿਟ ਜਲਦ ਸ਼ੁਰੂ ਹੋਵੇਗਾ।
● ਮੈਡੀਕਲ ਸਿੱਖਿਆ ਤੇ ਖ਼ੋਜ ਲਈ 1015 ਕਰੋੜ ਰੁਪਏ ਰਾਖ਼ਵੇਂ।
● ਸਿਹਤ ਕੇਂਦਰਾਂ ਦੀ ਮਜ਼ਬੂਤੀ ਲਈ 39 ਕਰੋੜ ਰੁਪਏ।
● ਹੋਮੀ ਭਾਭਾ ਕੈਂਸਰ ਸੈਂਟਰ ਲਈ 17 ਕਰੋੜ ਰੁਪਏ।
ਕਾਨੂੰਨ ਵਿਵਸਥਾ:
● ਪੰਜਾਬ ਦੀ ਕਾਨੂੰਨ ਵਿਵਸਥਾ ਲਈ 10523 ਕਰੋੜ ਰੁਪਏ ਦਾ ਬਜਟ, ਪਿਛਲੇ ਸਾਲ ਨਾਲੋਂ 11 ਫ਼ੀਸਦੀ ਦਾ ਵਾਧਾ।
● ਪੁਲੀਸ ਦੇ ਨਵੇਂ ਉਪਕਰਣਾਂ ਅਤੇ ਬੁਨਿਆਦੀ ਢਾਂਚੇ ਲਈ 40 ਕਰੋੜ ਰੁਪਏ।
● ਪੁਲੀਸ ਦੇ ਆਧੁਨਿਕੀਕਰਨ ਲਈ 64 ਕਰੋੜ ਰੁਪਏ।
● ਸਰਹੱਦ ਦੇ ਨੇੜਲੇ ਪਿੰਡਾਂ ਵਿਚ ਸੀਸੀਟੀਵੀ ਕੈਮਰੇ ਲੱਗਣਗੇ।
● ਸਾਈਬਰ ਕ੍ਰਾਈਮ ਨਾਲ ਨਜਿੱਠਣ ਲਈ 30 ਕਰੋੜ ਰੁਪਏ ਦੀ ਤਜਵੀਜ਼।
Summary in English: Punjab Finance Minister Harpal Singh Cheema presented the budget for the year 2023-24