ਪੰਜਾਬ ਵਿੱਚ ਪਿਛਲੇ ਕੁਝ ਸਾਲਾਂ ਨਾਲੋਂ ਇਸ ਵਾਰ ਨਰਮੇ ਦੇ ਉਤਪਾਦਨ ਵਿੱਚ ਬੰਪਰ ਵਾਧਾ, ਪੀਏਯੂ ਦੇ ਬਠਿੰਡਾ ਖੇਤਰੀ ਖੋਜ ਸਟੇਸ਼ਨ ਦੀ ਸ਼ਲਾਘਾ
Cotton Production: ਕਪਾਹ ਉਤਪਾਦਕਤਾ ਵਿੱਚ ਪੰਜਾਬ ਨੇ ਇਸ ਵਾਰ ਸ਼ਾਨਦਾਰ ਸਫਲਤਾ ਹਾਸਲ ਕੀਤੀ ਹੈ। ਦੱਸ ਦੇਈਏ ਕਿ ਪੰਜਾਬ ਨੇ ਪਿਛਲੇ ਕੁਝ ਸਾਲਾਂ ਦੇ ਮੁਕਾਬਲੇ ਇਸ ਵਾਰ ਨਰਮੇ ਦੇ ਉਤਪਾਦਨ ਵਿੱਚ ਬੰਪਰ ਵਾਧਾ ਦਰਜ ਕਰਵਾ ਕੇ ਮਾਅਰਕਾ ਮਾਰਿਆ ਹੈ। ਇਸਦਾ ਸਾਰਾ ਸਿਹਰਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਖੇਤਰੀ ਖੋਜ ਸਟੇਸ਼ਨ, ਬਠਿੰਡਾ ਨੂੰ ਜਾਂਦਾ ਹੈ, ਜੋ ਕਿ ਪੂਰੇ ਪੰਜਾਬ ਵਿੱਚ ਨਰਮੇ ਦੇ ਖੋਜ ਸਟੇਸ਼ਨ ਵਜੋਂ ਆਪਣੀ ਪਛਾਣ ਕਾਇਮ ਕਰ ਚੁੱਕਾ ਹੈ।
ਨਰਮੇ ਦੇ ਉਤਪਾਦਨ ਵਿੱਚ ਪੰਜਾਬ ਨੇ ਸਾਲ 2019-20 (651 ਕਿੱਲੋ/ਹੈਕਟੇਅਰ), 2020-21 (690 ਕਿੱਲੋ/ਹੈਕਟੇਅਰ) ਅਤੇ 2021-22 ਦੌਰਾਨ (652 ਕਿੱਲੋ/ਹੈਕਟੇਅਰ) ਬੰਪਰ ਵਾਧਾ ਦਰਜ ਕਰਵਾ ਕੇ ਮਾਅਰਕੇ ਦੀ ਸਫਲਤਾ ਹਾਸਲ ਕੀਤੀ ਹੈ। ਨਰਮੇ ਦੇ ਉਤਪਾਦਨ ਵਿੱਚ ਇਹ ਵਾਧਾ ਕੀੜਿਆਂ-ਮਕੌੜਿਆਂ ਦੇ ਹਮਲਿਆਂ ਅਤੇ ਹੋਰ ਚੁਣੌਤੀਆਂ ਦੇ ਬਾਵਜੂਦ ਵੀ ਲਗਾਤਾਰ ਕਾਇਮ ਰਿਹਾ ਅਤੇ ਇਸਦਾ ਸਾਰਾ ਸਿਹਰਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਖੇਤਰੀ ਖੋਜ ਸਟੇਸ਼ਨ, ਬਠਿੰਡਾ ਨੂੰ ਜਾਂਦਾ ਹੈ, ਜੋ ਕਿ ਪੂਰੇ ਪੰਜਾਬ ਵਿੱਚ ਨਰਮੇ ਦੇ ਖੋਜ ਸਟੇਸ਼ਨ ਵਜੋਂ ਆਪਣੀ ਪਛਾਣ ਕਾਇਮ ਕਰ ਚੁੱਕਾ ਹੈ।
ਇਸ ਖੇਤਰੀ ਖੋਜ ਸਟੇਸ਼ਨ ਤੇ ਆਪਣੇ ਵਿਸ਼ੇਸ਼ ਦੌਰੇ ਦੌਰਾਨ ਡਾ. ਸਤਿਬੀਰ ਸਿੰਘ ਗੋਸਲ, ਵਾਈਸ ਚਾਂਸਲਰ, ਪੀ.ਏ.ਯੂ. ਨੇ ਦੱਸਿਆ ਕਿ ਇਸ ਖੋਜ ਸਟੇਸ਼ਨ ਵੱਲੋਂ ਹੁਣ ਤੱਕ ਨਰਮੇ ਦੀਆਂ 57 ਕਿਸਮਾਂ ਵਿਕਸਿਤ ਕੀਤੀਆਂ ਜਾ ਚੁੱਕੀਆਂ ਹਨ, ਜਿਨ੍ਹਾਂ ਵਿੱਚੋਂ 17 ਕਿਸਮਾਂ ਅਮਰੀਕਨ ਨਰਮੇ ਦੀਆਂ ਅਤੇ 5 ਕਿਸਮਾਂ ਦੇਸੀ ਨਰਮੇ ਦੀਆਂ ਹਨ।
ਉਨ੍ਹਾਂ ਦੱਸਿਆ ਕਿ ਇਸ ਖੋਜ ਸਟੇਸ਼ਨ ਉੱਤੇ ਸਿਰਫ਼ ਨਰਮੇ ਨਾਲ ਸੰਬੰਧਤ ਖੋਜ ਹੀ ਨਹੀਂ ਕੀਤੀ ਜਾਂਦੀ ਸਗੋਂ ਇੱਥੋਂ ਦੇ ਖੇਤੀ ਵਿਗਿਆਨੀਆਂ ਵੱਲੋਂ ਕਣਕ, ਜਵਾਹਰ, ਰਾਇਆ, ਤੋਰੀਆ, ਮੂੰਗਬੀਨ, ਟੀਂਡਾ, ਪਿਆਜ਼, ਲੈਟਸ, ਅੰਗੂਰ, ਬਾਰਾਮਾਸੀ ਨਿੰਬੂ, ਅਨਾਰ, ਪਾਪਲਰ ਅਤੇ ਡੇਕ ਦੀਆਂ ਕਿਸਮਾਂ ਵਿਕਸਿਤ ਕਰਨ ਤੇ ਵੀ ਖੋਜ ਕੀਤੀ ਜਾਂਦੀ ਹੈ। ਸਟੇਸ਼ਨ ਵੱਲੋਂ ਕੀਤੇ ਜਾ ਰਹੇ ਖੋਜ ਕਾਰਜਾਂ ਤੇ ਤਸੱਲੀ ਪ੍ਰਗਟ ਕਰਦਿਆਂ ਉਨ੍ਹਾਂ ਦੱਸਿਆ ਕਿ ਇੱਥੋ ਦੇ ਵਿਗਿਆਨੀਆਂ ਵੱਲੋਂ 43 ਉਤਪਾਦਨ ਤਕਨੀਕਾਂ ਅਤੇ 36 ਪੌਦ ਸੁਰੱਖਿਆ ਤਕਨੀਕਾਂ ਵਿਕਸਿਤ ਕੀਤੀਆਂ ਜਾ ਚੁੱਕੀਆਂ ਹਨ।
ਡਾ. ਅਜਮੇਰ ਸਿੰਘ ਢੱਟ, ਨਿਰਦੇਸ਼ਕ ਖੋਜ, ਪੀ.ਏ.ਯੂ. ਨੇ ਖੇਤਰੀ ਖੋਜ ਸਟੇਸ਼ਨ, ਬਠਿੰਡਾ ਵੱਲੋਂ ਬੀਜ/ਨਰਸਰੀ ਉਤਪਾਦਨ ਦੇ ਸਲਾਨਾ ਵੇਰਵੇ ਦਿੰਦਿਆਂ ਦੱਸਿਆ ਕਿ ਇੱਥੋਂ ਦੀ ਪੂਰਨ ਤੌਰ 'ਤੇ ਸਥਾਪਿਤ ਨਰਸਰੀ ਵੱਲੋਂ 20,000 ਤੋਂ ਵੱਧ ਕਿੰਨੋ, ਅਮਰੂਦ, ਬੇਰ ਆਦਿ ਫਲਾਂ ਦੇ ਲਗਭਗ 10,000 ਪਾਪਲਰ ਦੇ ਬੂਟੇ ਅਤੇ ਵੱਖ ਵੱਖ ਸਬਜ਼ੀਆਂ ਦੀ ਲਗਭਗ 70,000 ਪਨੀਰੀ ਮੁਹਈਆ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਸ ਸਟੇਸ਼ਨ ਵੱਲੋਂ ਹਾੜੀ ਅਤੇ ਸਾਉਣੀ ਦੀਆਂ ਵੱਖੋ-ਵੱਖ ਫਸਲਾਂ ਦੇ 2000 ਕੁਇੰਟਲ ਤੋਂ ਵੱਧ ਉੱਤਮ ਕਿਸਮ ਦੇ ਬੀਜ ਪੈਦਾ ਕਰਨ ਦੇ ਨਾਲ-ਨਾਲ 2500 ਤੋਂ ਵੱਧ ਮਿੱਟੀ ਅਤੇ ਪਾਣੀ ਦੇ ਨਮੂਨਿਆਂ ਦੀ ਹਰ ਸਾਲ ਪਰਖ ਵੀ ਕੀਤੀ ਜਾਂਦੀ ਹੈ।
ਇਹ ਵੀ ਪੜ੍ਹੋ: ਪੀਏਯੂ ਵੱਲੋਂ ਕਿਸਾਨਾਂ ਨੂੰ ਸਲਾਹ, ਸਰਦੀਆਂ ਦੇ ਸੀਜ਼ਨ 'ਚ ਕਪਾਹ ਨੂੰ ਗੁਲਾਬੀ ਸੁੰਡੀ 'ਤੋਂ ਬਚਾਓ
ਡਾ. ਢੱਟ ਨੇ ਇੱਥੋਂ ਦੇ ਫੂਡ ਪ੍ਰੋਸੈਸਿੰਗ ਟ੍ਰੇਨਿੰਗ-ਕਮ-ਬਿਜ਼ਨੈੱਸ ਇੰਕੁਬੇਸ਼ਨ ਸੈਂਟਰ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਲ 2015 ਵਿੱਚ ਭੋਜਨ ਪ੍ਰੋਸੈਸਿੰਗ ਉਦਯੋਗ ਮੰਤਰਾਲਾ, ਭਾਰਤ ਸਰਕਾਰ ਦੇ ਸਹਿਯੋਗ ਨਾਲ ਸਥਾਪਿਤ ਇਸ ਕੇਂਦਰ ਵੱਲੋਂ ਉਤਪਾਦਕਾਂ, ਕਿਸਾਨ ਬੀਬੀਆਂ, ਸੈਲਫ ਹੈਲਪ ਗਰੁੱਪ ਮੈਂਬਰਾਂ, ਬੇਰੁਜ਼ਗਾਰ ਪੇਂਡੂ ਨੌਜਵਾਨਾਂ, ਨਵੇਂ ਅਤੇ ਤਜ਼ਰਬੇਕਾਰ ਉੱਦਮੀਆਂ ਨੂੰ ਹੁਨਰ ਅਤੇ ਉੱਦਮਸ਼ੀਲਤਾ ਦੇ ਵਿਕਾਸ ਸੰਬੰਧੀ ਸਿਖਲਾਈਆਂ ਦਿੱਤੀਆਂ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਕੇਂਦਰ ਵਲੋਂ ਲਾਭਪਾਤਰੀਆਂ ਲਈ ਉੱਤਮ ਭੋਜਨ ਉਤਪਾਦਾਂ ਦੇ ਪਾਇਲਟ ਸਕੇਲ ਉਤਪਾਦਨ ਲਈ ਫੂਡ ਪ੍ਰੋਸੈਸਿੰਗ ਬਿਜ਼ਨੈੱਸ ਇੰਕੁਬੇਸ਼ਨ ਸੇਵਾਵਾਂ ਵੀ ਮੁਹਈਆਂ ਕੀਤੀਆਂ ਜਾਂਦੀਆਂ ਹਨ।
ਖੇਤਰੀ ਖੋਜ ਸਟੇਸ਼ਨ ਵਲੋਂ ਭਵਿੱਖ ਵਿੱਚ ਪਹਿਲ ਦੇ ਅਧਾਰ ਤੇ ਕੀਤੇ ਜਾਣ ਵਾਲੇ ਖੋਜ ਕਾਰਜਾਂ ਬਾਰੇ ਜਾਣਕਾਰੀ ਦਿੰਦਿਆ ਡਾ. ਜਗਦੀਸ਼ ਗਰੋਵਰ, ਨਿਰਦੇਸ਼ਕ ਆਰ ਆਰ ਐੱਸ, ਬਠਿੰਡਾ ਨੇ ਦੱਸਿਆ ਕਿ ਸਾਡੇ ਖੇਤੀ ਵਿਗਿਆਨੀ ਵੱਧ ਸੰਘਣੀ ਬਿਜਾਈ ਪ੍ਰਣਾਲੀ (ਐੱਚ ਡੀ ਪੀ ਐੱਸ) ਅਤੇ ਮਸ਼ੀਨੀ ਚੁਗਾਈ ਲਈ ਸੁਯੋਗ ਬੀਟੀ ਨਰਮੇ ਦੀ ਕਿਸਮ ਵਿਕਸਿਤ ਕਰਨ ਲਈ ਖੋਜ ਕਾਰਜ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਸਟੇਸ਼ਨ ਵਲੋਂ ਨਰਮੇ ਦੇ ਵੱਖੋ ਵੱਖ ਕੀੜਿਆਂ-ਮਕੌੜਿਆਂ, ਪਿੰਕ ਬਾਲ ਵਾਰਮ, ਵਿਸ਼ਾਣੂੰ ਅਤੇ ਫਫੂੰਦੀ ਦੀ ਲਾਗ ਵਾਲੇ ਰੋਗਾਂ ਦੀ ਪਛਾਣ ਅਤੇ ਉਨ੍ਹਾਂ ਦੀ ਰੋਕਥਾਮ ਕਰਨ ਦੇ ਨਾਲ-ਨਾਲ ਸਮੇਂ ਸਿਰ, ਪਿਛੇਤੀਆਂ ਅਤੇ ਐਂਡ ਡੀ ਪੀ ਐੱਸ ਹਾਲਤਾਂ ਅਧੀਨ ਬੀਜੀਆਂ ਬੀਟੀ ਨਰਮੇ ਦੀਆਂ ਹਾਈਬਿ੍ਡਜ਼/ ਕਿਸਮਾਂ/ਜਰਮਪਲਾਜ਼ਮ ਦੀ ਸੀ ਐੱਲ ਸੀ ਯੂ ਡੀ ਲਈ ਸਕਰੀਨਿੰਗ ਕਰਨ ਲਈ ਖੋਜ ਕਾਰਜ ਕੀਤੇ ਜਾ ਰਹੇ ਹਨ।
ਇਹ ਵੀ ਪੜ੍ਹੋ: ਵਧੇਰੇ ਝਾੜ ਲਈ ਨਰਮੇ-ਕਪਾਹ ਦੀਆਂ ਪ੍ਰਮਾਣਿਤ ਕਿਸਮਾਂ ਅਤੇ ਕਾਸਤਕਾਰੀ ਤਕਨੀਕਾਂ ਅਪਣਾਓ
ਬਠਿੰਡੇ ਦੇ ਪੌਣਪਾਣੀ ਦਾ ਇੱਥੇ ਵਿਸ਼ੇਸ਼ ਤੌਰ 'ਤੇ ਵਰਣਨ ਹੈ ਕਿ ਇੱਥੇ ਘੱਟ ਬਾਰਸ਼ (ਲਗਭਗ 400 ਮਿ.ਮੀ:/ਸਾਲ) ਹੁੰਦੀ ਹੈ ਅਤੇ ਇੱਥੋ ਦਾ ਧਰਤੀ ਹੇਠਲਾ ਪਾਣੀ ਖਾਰ੍ਹਾ ਹੈ, ਜ਼ਮੀਨ ਰੇਤਲੀ ਅਤੇ ਘੱਟ ਜੈਵਿਕ ਮਾਦੇ ਵਾਲੀ ਜਿਸ ਵਿੱਚ ਪਾਣੀ ਨੂੰ ਰੋਕ ਕੇ ਰੱਖਣ ਦੀ ਸਮਰਥਾ ਵੀ ਘੱਟ ਹੈ, ਗਰਮੀਆਂ ਵਿੱਚ ਤਾਪਮਾਨ ਵੱਧ ਅਤੇ ਤੇਜ਼ ਹਵਾਵਾਂ ਚਲਦੀਆਂ ਹਨ। ਇੱਥੋਂ ਦਾ ਸਾਲ 1972 ਵਿੱਚ ਸਥਾਪਿਤ ਹੋਇਆ ਫਲ ਖੋਜ ਸਟੇਸ਼ਨ ਸਾਲ 1987 ਵਿੱਚ ਖੇਤਰੀ ਖੋਜ ਸਟੇਸ਼ਨ ਵਜੋਂ ਵਿਕਾਸ ਕਰ ਗਿਆ।
ਨਰਮੇ ਉੱਤੇ ਸਰਵ-ਭਾਰਤੀ ਕੋਆਰਡੀਨੇਟਿਡ ਖੋਜ ਪ੍ਰੋਜੈਕਟ ਸਾਲ 2012 ਵਿੱਚ ਬਠਿੰਡਾ ਵਿਖੇ ਤਬਦੀਲ ਹੋ ਗਿਆ। ਦੱਖਣ-ਪੱਛਮੀ ਪੰਜਾਬ ਵਿੱਚ ਫਲਾਂ ਅਤੇ ਸਬਜ਼ੀਆਂ ਦੀ ਕਾਸ਼ਤ ਲਈ ਖਾਰੇ ਪਾਣੀ ਦੀ ਵਰਤੋਂ ਦਾ ਇੰਡੋ-ਇਜ਼ਰਾਈਲ ਸੈਂਟਰ ਆਫ ਐਕਸੀਲੈਂਸ ਸਾਲ 2012 ਵਿੱਚ ਸ਼ੁਰੂ ਕੀਤਾ ਗਿਆ। ਇਥੋਂ ਦੇ ਇਲਾਕੇ ਦੇ ਵਿਦਿਆਰਥੀਆਂ ਲਈ ਬੀ ਐੱਸ ਸੀ ਐਗ੍ਰੀਕਲਚਰ (ਆਨਰਜ਼) 6 ਸਾਲ ਪ੍ਰੋਗਰਾਮ ਚਲਾਉਣ ਹਿਤ ਇੰਸਟੀਚਿਊਟ ਆਫ ਐਗਰੀਕਲਚਰ ਸਾਲ 2014 ਵਿੱਚ ਸ਼ੁਰੂ ਕੀਤਾ ਗਿਆ। ਖੇਤਰੀ ਖੋਜ ਸਟੇਸ਼ਨ ਤੇ ਫਸਲ ਸੁਧਾਰ, ਪਾਣੀ ਪ੍ਰਬੰਧਣ, ਖੇਤ ਫਸਲਾਂ ਦੀਆਂ ਉਤਪਾਦਨ ਅਤੇ ਸੁਰੱਖਿਆ ਤਕਨੀਕਾਂ, ਫਲਾਂ ਦੇ ਬੂਟਿਆਂ, ਸਬਜ਼ੀਆਂ ਦੀਆਂ ਫਸਲਾਂ ਅਤੇ ਵਣ-ਖੇਤੀ ਤੇ ਖੋਜ ਕਾਰਜ ਕਰਨ ਵਾਲੇ ਖੇਤੀ ਵਿਗਿਆਨੀਆਂ ਦੀ ਬਹੁ-ਅਨੁਸ਼ਾਸਨੀ ਟੀਮ ਹੈ।
Summary in English: Punjab makes leaps in cotton productivity, lauds PAU's Bathinda Regional Research Station