ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਤੇ ਪੰਜਾਬ ਦੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਇੱਕ ਸਮਾਗਮ ਦੌਰਾਨ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ 60 ਕਿਸਾਨਾਂ ਨੂੰ ਸਨਮਾਨਿਤ ਕੀਤਾ ਗਿਆ। ਇਨ੍ਹਾਂ ਕਿਸਾਨਾਂ ਨੂੰ ਮੁਖ ਤੌਰ `ਤੇ ਵਾਤਾਵਰਨ ਅਤੇ ਕੀਟਨਾਸ਼ਕ ਮੁਕਤ ਖੇਤੀ ਵਿੱਚ ਯੋਗਦਾਨ ਪਾਉਣ ਲਈ ਸਨਮਾਨਿਤ ਕੀਤਾ ਗਿਆ ਹੈ। ਇਹ ਸਮਾਗਮ ਖੇਤ ਵਿਰਾਸਤ ਮਿਸ਼ਨ (Khet Virasat Mission) ਦੁਆਰਾ ਆਯੋਜਿਤ ਕੀਤਾ ਗਿਆ ਸੀ। ਖੇਤ ਵਿਰਾਸਤ ਮਿਸ਼ਨ ਇੱਕ ਸੰਸਥਾ ਹੈ ਜੋ ਕਿ ਸੂਬੇ `ਚ ਜੈਵਿਕ ਖੇਤੀ (Organic Farming) ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਬਣਾਈ ਗਈ ਹੈ।
ਇਨ੍ਹਾਂ ਸਨਮਾਨਿਤ ਕੀਤੇ ਗਏ ਕਿਸਾਨਾਂ `ਚ ਲੁਧਿਆਣਾ ਸਥਿਤ ਕਮਿਊਨਿਟੀ ਫਾਰਮ (Community Farm) - 'ਮਾਈ ਫੈਮਿਲੀ ਫਾਰਮਰ' (My Family Farmer) ਵੀ ਸ਼ਾਮਲ ਹੈ। ਦੱਸ ਦੇਈਏ ਕਿ ਸਮਾਗਮ ਵਿੱਚ ਕਮਿਊਨਿਟੀ ਫਾਰਮ ਦੇ ਮਨੀਤ ਦੀਵਾਨ ਨੂੰ ਉਨ੍ਹਾਂ ਦੀ ਖੇਤੀ `ਚ ਹਾਸਲ ਕੀਤੀਆਂ ਪ੍ਰਾਪਤੀਆਂ ਕਾਰਨ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਕਮਿਊਨਿਟੀ ਫਾਰਮ ਨੂੰ ਆਪਣੇ ਸ਼ੁਰੂਆਤੀ ਪੜਾਅ ਵਿੱਚ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਸੀ। ਹੌਲੀ-ਹੌਲੀ ਇਹ ਫਾਰਮ ਵਧਦਾ ਗਿਆ ਤੇ ਹੁਣ ਇਸ ਕਮਿਊਨਿਟੀ ਫਾਰਮ ਕੋਲ 55 ਪਰਿਵਾਰ ਹਨ ਜੋ ਸਿਹਤਮੰਦ ਜੈਵਿਕ ਸਬਜ਼ੀਆਂ ਦਾ ਆਨੰਦ ਮਾਣ ਰਹੇ ਹਨ। ਹੁਣ ਇਨ੍ਹਾਂ ਵੱਲੋਂ 4 ਏਕੜ ਰਕਬੇ `ਚ ਸਬਜ਼ੀਆਂ ਉਗਾਈਆਂ ਜਾਂਦੀਆਂ ਹਨ। ਫਾਰਮ ਦੇ ਮੈਂਬਰ ਕਿਸਾਨਾਂ ਤੋਂ ਜੈਵਿਕ ਕਰਿਆਨੇ ਦਾ ਸਰੋਤ ਵੀ ਲੈਂਦੇ ਹਨ। ਇਨ੍ਹਾਂ ਹੀ ਨਹੀਂ ਸਗੋਂ ਇਨ੍ਹਾਂ ਨੂੰ ਪੰਜਾਬ ਵਿੱਚ ਜੈਵਿਕ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਆਪਣੇ ਤਜ਼ਰਬੇ ਸਾਂਝੇ ਕਰਨ ਅਤੇ ਸਰਕਾਰ ਨੂੰ ਸੁਝਾਅ ਦੇਣ ਲਈ ਸੱਦਾ ਵੀ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ: ਦੇਸ਼ ਵਿਚ ਇਨ੍ਹਾਂ ਕਿਸਾਨਾਂ ਨੂੰ ਮਿਲਿਆ ਪਦਮ ਸ਼੍ਰੀ, ਗਣਤੰਤਰ ਦਿਵਸ ਤੋਂ ਪਹਿਲਾਂ ਹੋਏ ਸਨਮਾਨਿਤ
ਇਸ ਸਮਾਗਮ `ਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵੱਖਰੀਆਂ ਸ਼੍ਰੇਣੀਆਂ ਦੇ ਕਿਸਾਨਾਂ ਨੂੰ ਸਨਮਾਨਿਤ ਕੀਤਾ ਗਿਆ। ਇਨ੍ਹਾਂ `ਚੋਂ ਮੁਖ ਸ਼੍ਰੇਣੀਆਂ ਕਮਿਊਨਿਟੀ ਫਾਰਮਿੰਗ (Community Farming), ਕਿਚਨ ਗਾਰਡਨਿੰਗ (Kitchen Gardening), ਬਾਜਰੇ ਤੇ ਪਰਾਲੀ ਨਾ ਸਾੜਨ ਵਾਲੇ ਕਿਸਾਨ ਸ਼ਾਮਲ ਸਨ। ਇਨ੍ਹਾਂ ਕਿਸਾਨਾਂ ਨੂੰ ਇਨ੍ਹਾਂ ਦੀਆਂ ਪ੍ਰਾਪਤੀਆਂ ਅਨੁਸਾਰ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ।
ਸਮਾਗਮ ਦੌਰਾਨ ਖੇਤੀਬਾੜੀ ਮੰਤਰੀ ਨੇ ਦੱਸਿਆ ਕਿ ਇੱਕ ਨਵੀਂ ਖੇਤੀਬਾੜੀ ਨੀਤੀ ਅਤੇ ਜੈਵਿਕ ਖੇਤੀ ਨੀਤੀ ਜਾਰੀ ਕੀਤੀ ਜਾਵੇਗੀ। ਇਹ ਬਜਟ ਵਿੱਚ ਵਿਸ਼ੇਸ਼ ਵਿਵਸਥਾਵਾਂ ਦੇ ਨਾਲ ਮਾਰਚ 2023 ਤੱਕ ਐਲਾਨ ਕੀਤੀ ਜਾਵੇਗੀ। ਸੂਬਾ ਸਰਕਾਰ ਇਨ੍ਹਾਂ ਨੀਤੀਆਂ ਰਾਹੀਂ ਪੰਜਾਬ ਨੂੰ ਖੇਤੀਬਾੜੀ ਦੇ ਮੂਲ ਪੜਾਅ 'ਤੇ ਵਾਪਸ ਲਿਆਉਣਾ ਚਾਹੁੰਦੀ ਹੈ ਤੇ ਸੂਬੇ `ਚ ਬਹੁ-ਫਸਲੀ ਪ੍ਰਣਾਲੀ, ਜੈਵ ਵਿਭਿੰਨਤਾ ਤੇ ਬਾਜਰੇ ਤੇ ਦਾਲਾਂ ਨੂੰ ਉਤਸ਼ਾਹਿਤ ਕਰਨਾ ਚਾਹੁੰਦੀ ਹੈ।
Summary in English: Punjab Vidhan Sabha Speaker Sandhawan honors community farm