AGRI-SKILLS: ਪੀ.ਏ.ਯੂ. ਦੇ ਸਕਿੱਲ ਡਿਵੈਲਪਮੈਂਟ ਸੈਂਟਰ ਵੱਲੋਂ ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਦੀ ਯੋਗ ਰਹਿਨੁਮਾਈ ਹੇਠ ਸੀਨਜੈਂਟਾ ਫਾਂਊਡੇਸ਼ਨ ਇੰਡੀਆ, ਪੂਨੇ, ਮਹਾਂਰਾਸ਼ਟਰ ਵੱਲੋਂ ਪ੍ਰਾਯੋਜਿਤ ਪੇਂਡੂ ਨੌਜਵਾਨਾਂ ਲਈ ਖੇਤੀ ਹੁਨਰ ਦਾ 22 ਦਿਨਾ ਸਿਖਲਾਈ ਕੋਰਸ ਸ਼ੁਰੂ ਹੋਇਆ। ਇਹ ਸਿਖਲਾਈ ਪ੍ਰੋਗਰਾਮ ਮਿਤੀ ਜੁਲਾਈ 01, 2024 ਨੂੰ ਸ਼ੁਰੂ ਹੋਇਆ ਜੋ ਕਿ ਮਿਤੀ ਜੁਲਾਈ 30, 2024 ਤੱਕ ਚੱਲੇਗਾ ਅਤੇ ਇਸ ਸਿਖਲਾਈ ਪ੍ਰੋਗਰਾਮ ਵਿੱਚ 35 ਸਿਖਿਆਰਥੀ ਭਾਗ ਲੈ ਰਹੇ ਹਨ।
ਇਸ ਸਿਖਲਾਈ ਪ੍ਰੋਗਰਾਮ ਦੇ ਰਸਮੀ ਉਦਘਾਟਨ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਉਚੇਚੇ ਤੌਰ ਤੇ ਸ਼ਾਮਿਲ ਹੋਏ। ਇਸ ਤੋਂ ਬਿਨਾਂ ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਅਤੇ ਸੀਨਜੈਂਟਾ ਫਾਂਊਡੇਸ਼ਨ ਇੰਡੀਆ ਦੇ ਉੱਚ ਅਧਿਕਾਰੀ ਸ਼੍ਰੀ ਕਰਨਵੀਰ ਨਾਗਪਾਲ ਵੀ ਉਦਘਾਟਨੀ ਸਮਾਰੋਹ ਵਿਚ ਮੌਜੂਦ ਰਹੇ।
ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਇਸ ਮੌਕੇ ਤੇ ਸਿਖਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਖੇਤੀ ਦੀਆਂ ਮੌਜੂਦਾ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਜਿੱਥੇ ਉੱਚ ਯੋਗਤਾ ਹਾਸਲ ਮਾਹਿਰਾਂ ਦੀ ਜ਼ਰੂਰਤ ਹੈ ਉਥੇ ਬੇਹੱਦ ਜਾਗਰੂਕ ਕਿਸਾਨ ਵੀ ਲੋੜੀਂਦੇ ਹਨ। ਨਵੀਆਂ ਤਕਨਾਲੋਜੀਆਂ ਨੂੰ ਆਪਣੇ ਖੇਤਾਂ ਵਿਚ ਲਾਗੂ ਕਰਕੇ ਵਾਤਾਵਰਨ ਪੱਖੀ ਅਤੇ ਸਥਿਰ ਖੇਤੀ ਉਤਪਾਦਨ ਲਈ ਅਜੋਕੇ ਕਿਸਾਨ ਨੂੰ ਸਿੱਖਿਅਤ ਤੇ ਹੁਨਰਮੰਦ ਹੋਣਾ ਜ਼ਰੂਰੀ ਹੈ। ਡਾ. ਗੋਸਲ ਨੇ ਸਿਖਲਾਈ ਕੋਰਸ ਵਿਚ ਭਾਗ ਲੈ ਰਹੇ ਨੌਜਵਾਨ ਸਿਖਿਆਰਥੀਆਂ ਨੂੰ ਨਵੇਂ ਖੇਤੀ ਢੰਗ ਅਪਨਾਉਣ ਲਈ ਪ੍ਰੇਰਿਤ ਕੀਤਾ। ਉਹਨਾਂ ਕਿਹਾ ਕਿ ਉਹ ਪੀ.ਏ.ਯੂ, ਲੁਧਿਆਣਾ ਵੱਲੋਂ ਕਿਸਾਨਾਂ ਲਈ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਦਾ ਵੱਧ ਤੋਂ ਵੱਧ ਲਾਹਾ ਲੈਣ।
ਡਾ. ਮੱਖਣ ਸਿੰਘ ਭੁੱਲਰ, ਨਿਰਦੇਸ਼ਕ ਪਸਾਰ ਸਿੱਖਿਆ ਨੇ ਸਿਖਿਆਰਥੀਆਂ ਨੂੰ ਆਪਣਾ ਹੁਨਰ ਨਿਖਾਰਣ ਦੀ ਸਲਾਹ ਦਿੱਤੀ। ਉਹਨਾਂ ਇਸ ਕਾਰਜ ਲਈ ਪੀ.ਏ.ਯੂ. ਵੱਲੋਂ ਹਰ ਸੰਭਵ ਅਗਵਾਈ ਦੇਣ ਦਾ ਭਰੋਸਾ ਦਿੱਤਾ ਅਤੇ ਨਾਲ ਹੀ ਖੇਤੀ ਸੰਬੰਧੀ ਜ਼ਰੂਰੀ ਪਸਾਰ ਸੇਵਾਵਾਂ ਲਈ ਪੀ.ਏ.ਯੂ. ਦੇ ਸ਼ੋਸ਼ਲ ਮੀਡੀਆ ਪਲੇਟਫਾਰਮਾਂ ਨਾਲ ਜੁੜਨ ਦੀ ਅਪੀਲ ਕੀਤੀ।
ਸ਼੍ਰੀ ਕਰਨਵੀਰ ਨਾਗਪਾਲ ਨੇ ਸੀਨਜੈਂਟਾ ਫਾਂਊਡੇਸ਼ਨ ਇੰਡੀਆ ਵੱਲੋਂ ਪ੍ਰਦਾਨ ਕੀਤੀਆਂ ਜਾਂਦੀਆਂ ਸੇਵਾਵਾਂ ਬਾਰੇ ਚਾਨਣਾ ਪਾਇਆ। ਇਸ ਉਦਘਾਟਨੀ ਸਮਾਰੋਹ ਵਿੱਚ ਸੀਨਜੈਂਟਾ ਫਾਂਊਡੇਸ਼ਨ ਇੰਡੀਆ ਦੇ ਸੀਨੀਅਰ ਅਧਿਕਾਰੀ, ਸ਼੍ਰੀ ਰਾਜੇਂਦਰ ਜੋਗ, ਸ਼੍ਰੀ ਵਿਕਰਮ ਬੋਰਾਡੇ ਅਤੇ ਸ਼੍ਰੀ ਰਾਜੇਂਦਰ ਦੇਸ਼ਮੁੱਖ ਨੇ ਆਨਲਾਈਨ ਜੁੜ ਕੇ ਸਿਖਿਆਰਥੀਆਂ ਨੂੰ ਉਤਸ਼ਾਹਿਤ ਕੀਤਾ।
ਇਹ ਵੀ ਪੜ੍ਹੋ : ਰੁੱਖਾਂ ਤੋਂ ਬਗੈਰ ਮਨੁੱਖ ਦਾ ਭਵਿੱਖ ਅਸੰਭਵ: Vice Chancellor Dr. Satbir Singh Gosal
ਸਵਾਗਤੀ ਸ਼ਬਦ ਸਹਿਯੋਗੀ ਨਿਰਦੇਸ਼ਕ ਸਕਿੱਲ ਡਿਵੈਲਪਮੈਂਟ ਡਾ. ਰੁਪਿੰਦਰ ਕੌਰ ਨੇ ਕਹੇ ਅਤੇ ਡਾ. ਲਵਲੀਸ਼ ਗਰਗ ਨੇ ਮੰਚ ਸੰਚਾਲਨ ਬਾਖੂਬੀ ਕੀਤਾ। ਡਾ. ਮਾਲਵਿੰਦਰ ਸਿੰਘ ਮੱਲੀ, ਸੀਨਜੈਂਟਾ ਫਾਂਊਡੇਸ਼ਨ ਇੰਡੀਆ ਦੇ ਅਧਿਕਾਰੀ ਸ਼੍ਰੀ ਪੰਕਜ ਚੁੱਘ, ਸ਼੍ਰੀ ਵਿਨੋਦ ਸਿੰਘ, ਡਾ. ਦਿਵੇਸ਼ ਤਿਵਾੜੀ, ਸ਼੍ਰੀ ਰਾਜਾ ਰਾਮ ਸਹਾਰਨ, ਸਕਿੱਲ ਡਿਵੈਲਪਮੈਂਟ ਸੈਂਟਰ ਤੋਂ ਡਾ. ਪ੍ਰੀਤਇੰਦਰ ਕੌਰ, ਡਾ. ਦਿਲਪ੍ਰੀਤ ਤਲਵਾਰ, ਸ਼੍ਰੀਮਤੀ ਕੁਲਦੀਪ ਕੌਰ ਅਤੇ ਸ਼੍ਰੀਮਤੀ ਕੰਵਲਜੀਤ ਕੌਰ ਹਾਜਰ ਸਨ। ਅੰਤ ਵਿੱਚ ਡਾ. ਪ੍ਰੇਰਨਾ ਕਪਿਲਾ ਨੇ ਸਾਰਿਆਂ ਦਾ ਧੰਨਵਾਦ ਕੀਤਾ।
ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University)
Summary in English: PUNJAB YOUTH EMPOWERMENT: 22-day training course on agricultural skills for rural youth of Punjab started