ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਰੁ. 4.23 ਕਰੋੜ ਦੀ ਰਾਸ਼ੀ ਨਾਲ ਪੰਜਾਬ ਦਾ ਪਹਿਲਾ ਡੇਅਰੀ ਅਧਾਰਿਤ ਪ੍ਰਫੁੱਲਤਾ ਕੇਂਦਰ ਨਿਰਮਾਣ ਕਰੇਗੀ। ਯੂਨੀਵਰਸਿਟੀ ਨੂੰ ਇਹ ਵਿਤੀ ਮਦਦ ਸਾਇੰਸ ਅਤੇ ਤਕਨਾਲੋਜੀ ਵਿਭਾਗ ਵੱਲੋਂ ਮੁਹੱਈਆ ਕਰਵਾਈ ਜਾਵੇਗੀ।
ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਦੱਸਿਆ ਕਿ ਸੂਬੇ ਦਾ ਅਜਿਹਾ ਪਹਿਲਾ ਕੇਂਦਰ ਹੋਣ ਦਾ ਮਾਣ ਹਾਸਿਲ ਕਰਨ ਦੇ ਨਾਲ ਇਹ ਕੇਂਦਰ ਪਸ਼ੂਧਨ ਖੇਤਰ ਵਿਚ ਉਦਮੀਪਨ ਅਤੇ ਸਵੈ ਰੁਜ਼ਗਾਰ ਦੇ ਨਵੇਂ ਰਸਤੇ ਖੋਲੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਡੇਅਰੀ ਖੇਤਰ ਨੂੰ ਤਕਨਾਲੋਜੀ ਪੱਖੋਂ ਅਤੇ ਟਿਕਾਊਪਨ ਵਿਚ ਸੁਦ੍ਰਿੜ ਕਰਨਾ ਇਸ ਖੇਤਰ ਦਾ ਮੁੱਖ ਮੰਤਵ ਹੋਵੇਗਾ। ਖੇਤੀਬਾੜੀ ਖੇਤਰ ਵਿਚ ਇਸ ਕੇਂਦਰ ਦੀ ਸਥਾਪਨਾ, ਤਕਨੀਕ ਅਧਾਰਿਤ ਡੇਅਰੀ ਭਵਿੱਖ ਨੂੰ ਇਕ ਨਵਾਂ ਹੁਲਾਰਾ ਦੇਵੇਗੀ। ਸਾਇੰਸ ਅਤੇ ਤਕਨਾਲੋਜੀ ਵਿਭਾਗ ਦੇ ਵਿਤੀ ਸਹਿਯੋਗ ਅਤੇ ਯੂਨੀਵਰਸਿਟੀ ਦੀ ਸਿਰਮੌਰ ਰਹਿਨੁਮਾਈ ਹੇਠ ਇਹ ਕੇਂਦਰ ਡੇਅਰੀ ਉਦਯੋਗਿਕ ਤਕਨਾਲੋਜੀ ਕ੍ਰਾਂਤੀ ਦਾ ਧੁਰਾ ਬਣੇਗਾ।
ਡਾ. ਰਾਮ ਸਰਨ ਸੇਠੀ, ਵਧੀਕ ਨਿਰਦੇਸ਼ਕ ਖੋਜ ਅਤੇ ਮੁੱਖ ਨਿਰੀਖਕ ਨੇ ਦੱਸਿਆ ਕਿ ਸਾਇੰਸ ਅਤੇ ਤਕਨਾਲੋਜੀ ਵਿਭਾਗ ਵੱਲੋਂ ਤਿੰਨ ਵਰ੍ਹੇ ਸਹਿਯੋਗ ਪ੍ਰਾਪਤ ਇਸ ਕੇਂਦਰ ਵਿਚ ਨਵੇਂ ਵਿਚਾਰ, ਨਿਵੇਕਲੇਪਨ ਅਤੇ ਉਦਮੀਪਨ ਨੂੰ ਉਤਸਾਹਿਤ ਕਰਦਿਆਂ ਨਵੇਂ ਰੁਜ਼ਗਾਰਾਂ ਦੀ ਸਿਰਜਣਾ ਵੀ ਕੀਤੀ ਜਾਵੇਗੀ। ਇਸ ਕੇਂਦਰ ਵਿਚ ਉਦਮੀਆਂ ਨੂੰ ਆਪਣੀਆਂ ਵਸਤਾਂ ਤਿਆਰ ਕਰਨ, ਕਾਨਫਰੰਸ ਕਰਨ ਅਤੇ ਹੋਰ ਸਹੂਲਤਾਂ ਦਾ ਸਥਾਨ ਮੁਹੱਈਆ ਕੀਤਾ ਜਾਵੇਗਾ। ਵਿਅਕਤੀਗਤ ਪੱਧਰ ’ਤੇ ਪੇਸ਼ੇਵਰ ਕਿੱਤਾਕਾਰਾਂ ਨੂੰ ਵਿਭਾਗ ਦੇ ਨਿਯਮਾਂ ਮੁਤਾਬਿਕ ਕਿੱਤਾ ਕਰਨ ਲਈ ਵਿਤੀ ਰਾਸ਼ੀ ਵੀ ਮੁਹੱਈਆ ਕੀਤੀ ਜਾਵੇਗੀ।
ਇਹ ਵੀ ਪੜ੍ਹੋ: Mahindra Tractors ਤੋਂ ਬਾਅਦ FMC Corporation ਦੀ MFOI 2023 ਵਿੱਚ ਐਂਟਰੀ
ਡਾ. ਜਤਿੰਦਰ ਪਾਲ ਸਿੰਘ ਗਿੱਲ, ਨਿਰਦੇਸ਼ਕ ਖੋਜ ਨੇ ਡਾ. ਸੇਠੀ ਅਤੇ ਟੀਮ ਨੂੰ ਵਧਾਈ ਦਿੱਤੀ ਕਿ ਉਨ੍ਹਾਂ ਦੇ ਇਸ ਉਪਰਾਲੇ ਨਾਲ ਜਿਥੇ ਉਭਰਦੇ ਉਦਮੀ ਫਾਇਦਾ ਪ੍ਰਾਪਤ ਕਰਨਗੇ ਉਥੇ ਯੂਨੀਵਰਸਿਟੀ ਵੀ ਪਸ਼ੂਧਨ ਖੇਤਰ ਦੇ ਵਿਕਾਸ ਅਤੇ ਵਾਧੇ ਵਾਸਤੇ ਵਿਸ਼ੇਸ਼ ਯੋਗਦਾਨ ਪਾਏਗੀ।
ਸਰੋਤ: ਇਹ ਜਾਣਕਾਰੀ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ ਯੂਨੀਵਰਸਿਟੀ (GADVASU) ਤੋਂ ਮਿਲੀ ਹੈ।
Summary in English: Punjab's first dairy breeding center will become the hub of dairy industrial technology revolution