Research Project: ਖੇਤਰੀ ਖੋਜ ਕੇਂਦਰ ਬੱਲੋਵਾਲ ਸੌਂਖੜੀ ਨੇ ਸਾਇੰਸ ਅਤੇ ਇੰਜਨੀਅਰਿੰਗ ਰਿਸਰਚ ਬੋਰਡ-ਸਟੇਟ ਯੂਨੀਵਰਸਿਟੀ ਰਿਸਰਚ ਐਕਸੀਲੈਂਸ (SERB-SURE) ਤੋਂ “ਪੰਜਾਬ ਦੇ ਕੰਢੀ ਖੇਤਰ ਵਿੱਚ ਭੂ-ਸਥਾਨਕ ਤਕਨੀਕਾਂ ਦੀ ਵਰਤੋਂ ਕਰਦੇ ਹੋਏ ਮੀਂਹ ਦੇ ਪਾਣੀ ਨੂੰ ਇਕੱਠਾ ਕਰਨ ਦੀ ਸਮਰੱਥਾ ਰੱਖਣ ਵਾਲੇ ਸਥਾਨਾਂ ਦੀ ਪਛਾਣ” ਸਿਰਲੇਖ ਅਧੀਨ ਖੋਜ ਪ੍ਰੋਜੈਕਟ ਹਾਸਲ ਕੀਤਾ ਹੈ।
ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਇਸ ਪ੍ਰੋਜੈਕਟ ਟੀਮ ਵਿੱਚ ਤਿੰਨ ਵਿਗਿਆਨੀ, ਡਾ. ਅਬਰਾਰ ਯੂਸਫ਼ (ਪੀ.ਆਈ.), ਡਾ. ਮਨਮੋਹਨਜੀਤ ਸਿੰਘ (ਕੋ-ਪੀ.ਆਈ.) ਅਤੇ ਡਾ. ਮੁਹੰਮਦ ਅਮੀਨ ਭੱਟ (ਕੋ-ਪੀ.ਆਈ.) ਸ਼ਾਮਲ ਹਨ।
ਇਸ ਪ੍ਰੋਜੈਕਟ ਦਾ ਉਦੇਸ਼ ਪੰਜਾਬ ਦੇ ਕੰਢੀ ਖੇਤਰ ਵਿੱਚ ਸੰਭਾਵੀ ਬਰਸਾਤੀ ਪਾਣੀ ਦੀ ਸੰਭਾਲ ਵਾਲੇ ਖੇਤਰਾਂ ਦੀ ਪਛਾਣ ਕਰਨਾ ਹੈ। ਇਕੱਠੇ ਕੀਤੇ ਮੀਂਹ ਦੇ ਪਾਣੀ ਨੂੰ ਸਿੰਚਾਈ ਸਮੇਤ ਵਿਭਿੰਨ ਕੰਮਾਂ ਲਈ ਵਰਤਿਆ ਜਾ ਸਕਦਾ ਹੈ ਜੋ ਇਸ ਖੇਤਰ ਵਿੱਚ ਟਿਕਾਊ ਖੇਤੀ ਨੂੰ ਵਿਕਸਤ ਕਰਨ ਅਤੇ ਕਿਸਾਨਾਂ ਦੀ ਰੋਜ਼ੀ-ਰੋਟੀ ਨੂੰ ਵਧਾਉਣ ਵਿੱਚ ਮਦਦਗਾਰ ਸਾਬਿਤ ਹੋ ਸਕਦਾ ਹੈ।
ਇਹ ਵੀ ਪੜ੍ਹੋ: ਕਿਸਾਨਾਂ ਨੂੰ ਸੁਨੇਹਾ, ਕਣਕ ਦੇ ਨਾੜ ਨੂੰ ਅੱਗ ਲਾਉਣ ਦੀ ਬਜਾਏ ਖੇਤ ਵਿੱਚ ਸੰਭਾਲੋ, ਅਪਣਾਓ ਇਹ ਤਰੀਕੇ
ਵੱਖ-ਵੱਖ ਢਾਂਚਿਆਂ ਵਿੱਚ ਇਕੱਠਾ ਕੀਤਾ ਗਿਆ ਮੀਂਹ ਦਾ ਪਾਣੀ ਸਿੰਚਾਈ ਲਈ ਧਰਤੀ ਹੇਠਲੇ ਪਾਣੀ ਦਾ ਵਧੀਆ ਬਦਲ ਹੋ ਸਕਦਾ ਹੈ ਅਤੇ ਇਨ੍ਹਾਂ ਖੇਤਰਾਂ ਵਿੱਚ ਧਰਤੀ ਹੇਠੋਂ ਪਾਣੀ ਕੱਢਣ ਨੂੰ ਘਟਾ ਸਕਦਾ ਹੈ। ਇਹ ਪ੍ਰੋਜੈਕਟ ਪੰਜਾਬ ਦੇ ਕੰਢੀ ਖੇਤਰ ਦੇ ਛੋਟੇ ਅਤੇ ਸੀਮਾਂਤ ਕਿਸਾਨਾਂ ਦੇ ਜੀਵਨ ਪੱਧਰ ਨੂੰ ਬਿਹਤਰ ਬਣਾਉਣ 'ਤੇ ਕੇਂਦਰਿਤ ਹੋਵੇਗਾ।
ਇਹ ਵੀ ਪੜ੍ਹੋ: ਕਿਸਾਨ ਵੀਰੋ ਅਗਲੇ ਸਾਲ ਲਈ ਕਣਕ ਦਾ ਕਰਨਾਲ ਬੰਟ ਰਹਿਤ ਬੀਜ ਸੰਭਾਲੋ: PAU
ਡਾ. ਸਤਿਬੀਰ ਸਿੰਘ ਗੋਸਲ, ਮਾਣਯੋਗ ਵਾਈਸ ਚਾਂਸਲਰ, ਡਾ. ਅਜਮੇਰ ਸਿੰਘ ਢੱਟ, ਨਿਰਦੇਸ਼ਕ ਖੋਜ ਅਤੇ ਡਾ. ਕੰਵਰ ਬਰਜਿੰਦਰ ਸਿੰਘ, ਨਿਰਦੇਸ਼ਕ, ਖੇਤਰੀ ਖੋਜ ਕੇਂਦਰ ਬੱਲੋਵਾਲ ਸੌਂਖੜੀ ਨੇ ਸਮੁੱਚੀ ਟੀਮ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ ਅਤੇ ਆਸ ਪ੍ਰਗਟਾਈ ਕਿ ਇਹ ਪ੍ਰੋਜੈਕਟ ਕਿਸਾਨਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਵਿੱਚ ਸਹਾਈ ਹੋਵੇਗਾ।
ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU)
Summary in English: Regional Research Center Ballowal Sonkhari received research project from SERB