PAU Republic Day: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿਖੇ ਅੱਜ 74ਵਾਂ ਗਣਤੰਤਰ ਦਿਵਸ ਜੋਸ਼ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਮੌਕੇ ਉਨ੍ਹਾਂ ਨੇ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ।
ਇਸ ਤੋਂ ਬਾਅਦ ਆਪਣੇ ਸੰਦੇਸ਼ ਵਿਚ ਗਣਤੰਤਰ ਦਿਵਸ ਦੀ ਮਹੱਤਤਾ ਅਤੇ ਸੰਵਿਧਾਨਕ ਮੁੱਲਾਂ ਦੀ ਸਥਾਪਤੀ ਬਾਰੇ ਬੋਲਦਿਆਂ ਉਹਨਾਂ ਸਭ ਨੂੰ ਇਸ ਦਿਹਾੜੇ ਦੀ ਵਧਾਈ ਦਿੱਤੀ। ਡਾ ਗੋਸਲ ਨੇ ਨੌਜਵਾਨਾਂ ਨੂੰ ਅਜ਼ਾਦੀ ਤੇ ਗਣਤੰਤਰ ਦੀ ਮਹੱਤਤਾ ਨੂੰ ਸਮਝਣ ਤੇ ਇਸ ਦੀ ਬਿਹਤਰੀ ਲਈ ਲਗਾਤਾਰ ਯਤਨਸ਼ੀਲ ਰਹਿਣ ਲਈ ਪ੍ਰੇਰਿਆ।
ਉਨ੍ਹਾਂ ਕਿਹਾ ਕਿ ਪੀਏਯੂ (PAU) ਨੇ ਦੇਸ਼ ਨੂੰ ਭੁੱਖਮਰੀ ਵਿੱਚੋਂ ਬਾਹਰ ਕਢਣ ਲਈ ਪੰਜਾਬ ਦੇ ਕਿਸਾਨਾਂ ਨਾਲ ਮਿਲ ਕੇ ਬੇਮਿਸਾਲ ਕਾਰਜ ਕੀਤਾ ਹੈ। ਸਾਡੇ ਵਿਦਿਆਰਥੀ ਵੀ ਖੇਤੀ ਗਿਆਨ ਦੇ ਨਾਲ ਨਾਲ ਖੇਡਾਂ, ਸਭਿਆਚਾਰਕ ਸਰਗਰਮੀਆਂ ਅਤੇ ਕਲਾ ਦੇ ਖੇਤਰ ਵਿਚ ਅਗਾਂਹਵਧੂ ਰਹੇ ਹਨ। ਪਰ ਮੌਜੂਦਾ ਸਮੇਂ ਸਾਡੇ ਲਈ ਨਵੀਆਂ ਚੁਣੌਤੀਆਂ ਦਰਪੇਸ਼ ਹਨ। ਖੇਤੀ ਨਾਲ ਸੰਬੰਧਿਤ ਸਾਰੀਆਂ ਧਿਰਾਂ ਅਤੇ ਸਮਾਜ ਨੂੰ ਵੀ ਸਿੱਖਿਅਤ ਕਰਨ ਦੀ ਲੋੜ ਹੈ।
ਇਹ ਵੀ ਪੜ੍ਹੋ : GADVASU ਵਿਖੇ ਹੁਲਾਸ ਤੇ ਖੇੜੇ ਨਾਲ ਮਨਾਇਆ ਗਿਆ 74th Republic Day
ਉਨ੍ਹਾਂ ਨੇ ਕਿਹਾ ਕਿ ਵਰਤਮਾਨ ਸਮੇਂ ਕੁਦਰਤੀ ਸਰੋਤਾਂ ਦੀ ਸੰਭਾਲ ਅਤੇ ਮੌਸਮੀ ਬਦਲਾਅ ਫ਼ਿਕਰਮੰਦੀ ਦੇ ਸਭ ਤੋਂ ਅਹਿਮ ਵਿਸ਼ੇ ਹਨ। ਇਸ ਲਈ ਮੌਜੂਦਾ ਦੌਰ ਵਿੱਚ ਖੇਤੀ ਵਿਭਿੰਨਤਾ, ਕੁਦਰਤੀ ਸਰੋਤਾਂ ਵੱਲ ਧਿਆਨ, ਵਾਤਾਵਰਨ ਦੀ ਸੰਭਾਲ ਅਤੇ ਕਿਸਾਨੀ ਆਮਦਨ ਵਿੱਚ ਵਾਧੇ ਦੇ ਨਾਲ-ਨਾਲ ਘੱਟ ਪਾਣੀ ਖਪਤ ਕਰਨ ਵਾਲੀਆਂ ਵਾਤਾਵਰਨ ਪੱਖੀ ਕਿਸਮਾਂ ਦਾ ਵਿਕਾਸ, ਫ਼ਸਲੀ ਰਹਿੰਦ ਖੂੰਹਦ ਦੀ ਸੁਚੱਜੀ ਸੰਭਾਲ ਅਤੇ ਸਹਾਇਕ ਧੰਦਿਆਂ ਉੱਪਰ ਜ਼ੋਰ ਦਿੱਤਾ ਜਾ ਰਿਹਾ ਹੈ।
ਇਸਦੇ ਨਾਲ ਹੀ ਖੇਤੀ ਪ੍ਰੋਸੈਸਿੰਗ ਅਤੇ ਮੁੱਲ ਵਾਧਾ, ਸ਼ਹਿਦ ਮੱਖੀ ਪਾਲਣ, ਖੁੰਬਾਂ ਦੀ ਕਾਸ਼ਤ, ਮੁਰਗੀ ਪਾਲਣ, ਮੱਛੀ ਪਾਲਣ ਅਤੇ ਪਸ਼ੂ ਪਾਲਣ ਵੀ ਖੇਤੀ ਦੇ ਅਹਿਮ ਪਸਾਰ ਬਣੇ ਹਨ। ਉਨ੍ਹਾਂ ਨੇ ਆਉਂਦੇ ਸਾਉਣੀ ਸੀਜ਼ਨ ਲਈ ਪਾਣੀ ਦੀ ਸੰਭਾਲ ਕਰਨ ਲਈ ਸਮੂਹ ਕਿਸਾਨਾਂ ਨੂੰ ਪ੍ਰੇਰਿਤ ਕਰਦਿਆਂ ਪੀਏਯੂ ਦੀਆਂ ਕਿਸਮਾਂ ਅਪਣਾਉਣ ਲਈ ਪ੍ਰੇਰਿਤ ਕੀਤਾ।
ਡਾ. ਗੋਸਲ ਨੇ ਕਿਹਾ ਕਿ ਮਾਹਿਰਾਂ ਦੀਆਂ ਖੋਜਾਂ, ਸਰਕਾਰ ਦੀਆਂ ਯੋਜਨਾਵਾਂ ਅਤੇ ਕਿਸਾਨਾਂ ਦੀ ਪਹਿਲਕਦਮੀ ਨਾਲ ਪਰਾਲੀ ਸੰਭਾਲ ਦੀ ਮੁਹਿੰਮ ਅਸਰਦਾਇਕ ਹੋਈ ਹੈ। ਵਾਈਸ ਚਾਂਸਲਰ ਨੇ ਅੰਤ ਵਿਚ ਸਭ ਦੀ ਚੜ੍ਹਦੀ ਕਲਾ ਲਈ ਸ਼ੁਭਕਾਮਨਾਵਾਂ ਦਿੱਤੀਆਂ। ਵਾਈਸ ਚਾਂਸਲਰ ਨੇ ਰਾਸ਼ਟਰੀ ਝੰਡਾ ਚੜ੍ਹਾਇਆ ਤੇ ਮਾਰਚ ਪਾਸਟ ਤੋਂ ਸਲਾਮੀ ਵੀ ਲਈ।
ਇਹ ਵੀ ਪੜ੍ਹੋ : 74th Republic Day Parade: ਰਾਸ਼ਟਰਪਤੀ ਮੁਰਮੂ, ਪੀਐਮ ਮੋਦੀ ਅਤੇ ਮਿਸਰ ਦੇ ਰਾਸ਼ਟਰਪਤੀ ਪਰੇਡ 'ਚ ਸ਼ਾਮਲ
ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਮਨੁੱਖੀ ਜੀਵਨ ਵਿੱਚ ਅਨੁਸ਼ਾਸ਼ਨ ਦੀ ਲੋੜ ਹੈ। ਨਾਲ ਹੀ ਉਹਨਾਂ ਕਿਹਾ ਕਿ ਵਿਦਿਆਰਥੀਆਂ ਨੂੰ ਗਣਤੰਤਰ ਦੇ ਤੌਰ ਤੇ ਭਾਰਤ ਦੀ ਮਜ਼ਬੂਤੀ ਲਈ ਯਤਨ ਕਰਨੇ ਚਾਹੀਦੇ ਹਨ ਅਤੇ ਸਮਾਜ ਨੂੰ ਇੱਕ ਮਜ਼ਬੂਤ ਇਕਾਈ ਵਿੱਚ ਬੰਨ ਕੇ ਰੱਖਣਾ ਸਮੇਂ ਦੀ ਲੋੜ ਹੈ ।
ਅੰਤ ਵਿੱਚ ਸਭਿਆਚਾਰਕ ਗਤੀਵਿਧੀਆਂ ਡਾ. ਜਸਵਿੰਦਰ ਕੌਰ ਬਰਾੜ ਨੇ ਸਭ ਦਾ ਧਨਵਾਦ ਕੀਤਾ। ਇਸ ਮੌਕੇ ਪੀ.ਏ.ਯੂ. ਦੇ ਰਜਿਸਟਰਾਰ ਡਾ ਸ਼ੰੰਮੀ ਕਪੂਰ, ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਨਿਰਦੇਸ਼ਕ ਪਸਾਰ ਸਿੱਖਿਆ ਡਾ. ਅਸ਼ੋਕ ਕੁਮਾਰ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਸੰਦੀਪ ਬੈਂਸ, ਅਪਰ ਨਿਰਦੇਸ਼ਕ ਸੰਚਾਰ ਡਾ ਤੇਜਿੰਦਰ ਸਿੰਘ ਰਿਆੜ ਸਮੂਹ ਡੀਨ ਡਾਇਰੈਕਟਰ ਅਤੇ ਹੋਰ ਅਧਿਕਾਰੀ, ਅਧਿਆਪਕ, ਕਰਮਚਾਰੀ ਅਤੇ ਵਿਦਿਆਰਥੀ ਮੌਜੂਦ ਸਨ।
Summary in English: Republic Day 2023: Vice Chancellor of PAU hoisted the flag on Republic Day