ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਐਮ ਵੀ ਐਸ ਸੀ ਖੋਜਾਰਥੀ, ਡਾ. ਪ੍ਰਭਜਿੰਦਰ ਸਿੰਘ ਨੂੰ ਪਸ਼ੂ ਖੁਰਾਕ ’ਤੇ ਖੋਜ ਕਰਨ ਸੰਬੰਧੀ ਡਾ. ਪ੍ਰਤਾਪ ਵੀ ਰੈਡੀ ਵਿਸ਼ੇਸ਼ ਮਾਸਟਰ ਖੋਜ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।ਇਹ ਸਨਮਾਨ ਉਨ੍ਹਾਂ ਨੂੰ ਸ੍ਰੀ ਵੈਂਕਟੇਸ਼ਵਰਾ ਵੈਟਨਰੀ ਯੂਨੀਵਰਸਿਟੀ, ਤਿਰੁਪਤੀ ਦੀ ਕਨਵੋਕੇਸ਼ਨ ਵਿਚ ਵੈਂਕਟੇਸ਼ਵਰਾ ਵੈਟਨਰੀ ਯੂਨੀਵਰਸਿਟੀ ਦੇ ਉਪ-ਕੁਲਪਤੀ, ਪ੍ਰੋ. ਵੀ ਪਦਮਨਾਭਾ ਰੈਡੀ ਅਤੇ ਖੇਤੀਬਾੜੀ ਵਿਗਿਆਨੀ ਭਰਤੀ ਬੋਰਡ, ਨਵੀਂ ਦਿੱਲੀ ਦੇ ਮੈਂਬਰ ਡਾ. ਏ ਕੇ ਸ੍ਰੀਵਾਸਤਵਾ ਨੇ ਪ੍ਰਦਾਨ ਕੀਤਾ।
ਇਸ ਖੋਜਾਰਥੀ ਦੇ ਮੁੱਖ ਨਿਗਰਾਨ ਡਾ. ਜਸਪਾਲ ਸਿੰਘ ਹੁੰਦਲ, ਪਸ਼ੂ ਆਹਾਰ ਵਿਭਾਗ, ਵੈਟਨਰੀ ਯੂਨੀਵਰਸਿਟੀ, ਲੁਧਿਆਣਾ ਨੇ ਦੱਸਿਆ ਕਿ ਇਹ ਸਨਮਾਨਿਤ ਖੋਜ ਕਾਰਜ ’ਐਲੋਵੀਰਾ ਰਹਿੰਦ-ਖੂੰਹਦ ਦੀ ਪਸ਼ੂ ਖੁਰਾਕ ਵਿਚ ਵਰਤੋਂ ਕਰਕੇ ਦੁੱਧ ਉਤਪਾਦਨ ਵਧਾਉਣ ਅਤੇ ਗਰੀਨ ਹਾਊਸ ਗੈਸਾਂ ਦਾ ਪ੍ਰਭਾਵ ਘਟਾਉਣ’ ਸੰਬੰਧੀ ਸੀ।ਇਸ ਖੋਜਾਰਥੀ ਦੇ ਖੋਜ ਵੇਰਵੇ ਇਹ ਦੱਸਦੇ ਹਨ ਕਿ ਪਸ਼ੂ ਦੇ ਸੁੱਕੇ ਰਾਸ਼ਨ ਵਿਚ ਪ੍ਰਤੀ ਕਿਲੋਗ੍ਰਾਮ ਪਿੱਛੇ 20 ਗ੍ਰਾਮ ਐਲੋਵੀਰਾ ਰਹਿੰਦ-ਖੂੰਹਦ ਖੁਰਾਕ ਵਿਚ ਦੇਣ ਨਾਲ ਦੁੱਧ ਵਿਚ 7 ਪ੍ਰਤੀਸ਼ਤ ਦਾ ਵਾਧਾ ਹੁੰਦਾ ਹੈ ਅਤੇ ਮਿਥੇਨ ਗੈਸ 16 ਪ੍ਰਤੀਸ਼ਤ ਘਟ ਉਪਜਦੀ ਹੈ।ਇਸ ਦਾ ਪਸ਼ੂ ਸਿਹਤ ’ਤੇ ਵੀ ਕੋਈ ਮਾੜਾ ਪ੍ਰਭਾਵ ਨਹੀਂ ਆਉਂਦਾ।ਡਾ. ਜਤਿੰਦਰਪਾਲ ਸਿੰਘ ਗਿੱਲ, ਨਿਰਦੇਸ਼ਕ ਖੋਜ ਨੇ ਇਸ ਖੋਜ ਕਾਰਜ ਲਈ ਸਾਰੀ ਟੀਮ ਨੂੰ ਵਧਾਈ ਦਿੱਤੀ ਅਤੇ ਇਹ ਵੀ ਦੱਸਿਆ ਕਿ ਐਲੋਵੀਰਾ ਨੂੰ ਪਸ਼ੂ ਖੁਰਾਕ ਵਿਚ ਵਰਤਣ ਸੰਬੰਧੀ ਇਹ ਪਹਿਲਾ ਅਧਿਐਨ ਹੈ।ਉਨ੍ਹਾਂ ਕਿਹਾ ਕਿ ਇਸ ਨਾਲ ਵਾਤਾਵਰਣ ਉਤੇ ਵੀ ਗੈਸਾਂ ਦਾ ਪ੍ਰਭਾਵ ਘਟੇਗਾ ਅਤੇ ਬਿਹਤਰ ਅਤੇ ਵਧੇਰੇ ਦੁੱਧ ਦਾ ਉਤਪਾਦਨ ਹੋਵੇਗਾ।
ਇਥੇ ਇਹ ਦੱਸਣਾ ਵੀ ਵਰਨਣਯੋਗ ਹੈ ਕਿ ਇਸ ਅਧਿਐਨ ਸੰਬੰਧੀ ਇਕ ਖੋਜ ਪੱਤਰ ਵਿਸ਼ਵ ਦੇ ਬਹੁਤ ਨਾਮੀ ਖੋਜ ਰਸਾਲੇ ’ਜਰਨਲ ਆਫ ਕਲੀਨਰ ਪ੍ਰੋਡਕਸ਼ਨ’ ਵਿਚ ਪ੍ਰਕਾਸ਼ਿਤ ਹੋ ਚੁੱਕਾ ਹੈ।
ਪਸ਼ੂ ਆਹਾਰ ਵਿਭਾਗ ਦੇ ਮੁਖੀ, ਡਾ. ਉਦੈਬੀਰ ਸਿੰਘ ਨੇ ਦੱਸਿਆ ਕਿ ਇਹ ਵਿਭਾਗ ਪਸ਼ੂ ਦੇ ਮਿਹਦੇ ਵਿਚ ਉਪਜਦੀ ਮਿਥੇਨ ਗੈਸ ਉਤਪਾਦਨ ਨੂੰ ਘਟਾਉਣ ਸੰਬੰਧੀ ਕਈ ਪਸ਼ੂ ਆਹਾਰ ਨੀਤੀਆਂ ’ਤੇ ਕਈ ਵਰ੍ਹਿਆਂ ਤੋਂ ਕੰਮ ਕਰ ਰਿਹਾ ਹੈ ਜਿਸ ਨਾਲ ਕਿ ਵਾਤਾਵਰਣ ਸਾਫ ਸੁਥਰਾ ਰੱਖਿਆ ਜਾ ਸਕੇ।ਇਹ ਖੋਜ ਕਾਰਜ ਵੀ ਉਸੇ ਲੜੀ ਵਿਚ ਇਕ ਜ਼ਿਕਰਯੋਗ ਪ੍ਰਾਪਤੀ ਹੈ।
ਲੋਕ ਸੰਪਰਕ ਦਫਤਰ
ਨਿਰਦੇਸ਼ਾਲਾ ਵਿਦਿਆਰਥੀ ਭਲਾਈ ਅਤੇ ਮਿਲਖ ਅਫਸਰ
ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ
Summary in English: Researchers from the University of Veterinary Medicine found the animal feed research