ਸੀਮਾ ਸੁਰੱਖਿਆ ਬਲ ਗੁਰਦਾਸਪੁਰ ਵਿਖੇ ਤਾਇਨਾਤ ਚਾਰ ਸਾਲ ਦੇ ਲੈਬਰਾਡੌਰ ਰਿਟਰੀਵਰ ਕੁੱਤੇ ’ਟਾਇਸਨ’ ਦਾ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਿਖੇ ਡਾਇਲਸਿਸ ਕਰਕੇ ਨਵਾਂ ਜੀਵਨ ਦਿੱਤਾ ਗਿਆ।ਟਾਇਸਨ ਪਹਿਲਾਂ ਸੀਮਾ ਸੁਰੱਖਿਆ ਬਲ ਦੀ 170ਵੀਂ ਬਟਾਲੀਅਨ ਵਿਚ ਸਰਹੱਦ ’ਤੇ ਡਿਊਟੀ ਨਿਭਾਉਂਦਾ ਸੀ ਅਤੇ ਦਸੰਬਰ 2019 ਤੋਂ ਉਹ 58ਵੀਂ ਬਟਾਲੀਅਨ ਨਾਲ ਗਸ਼ਤ ਅਤੇ ਸਰਹੱਦੀ ਵਾੜ ਦੀ ਸੁਰੱਖਿਆ ਸੰਬੰਧੀ ਡਿਊਟੀ ਦੇ ਰਿਹਾ ਹੈ।
ਬਟਾਲੀਅਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਟਾਇਸਨ ਭਾਰਤ-ਪਾਕ ਸਰਹੱਦ ਉਤੇ ਗਸ਼ਤ ਡਿਊਟੀ ਦਿੰਦਿਆਂ ਕੁਝ ਮਹੀਨੇ ਪਹਿਲਾਂ ਘੁਸਪੈਠੀਆਂ ਨੂੰ ਗਿ੍ਰਫਤਾਰ ਕਰਨ ਵਿਚ ਬਹੁਤ ਵੱਡੀ ਮਦਦ ਕਰ ਚੁੱਕਾ ਹੈ।
ਡਾ. ਰਣਧੀਰ ਸਿੰਘ, ਸਹਾਇਕ ਪ੍ਰੋਫੈਸਰ ਨੇ ਜਾਣਕਾਰੀ ਦਿੱਤੀ ਕਿ ਟਾਇਸਨ ਨੂੰ ਬਹੁਤ ਗੰਭੀਰ ਅਵਸਥਾ ਵਿਚ ਯੂਨੀਵਰਸਿਟੀ ਦੇ ਪਸ਼ੂ ਹਸਪਤਾਲ ਵਿਖੇ ਲਿਆਂਦਾ ਗਿਆ ਸੀ।ਉਸ ਦੀ ਨਾਜ਼ੁਕ ਹਾਲਤ ਨੂੰ ਧਿਆਨ ਵਿਚ ਰੱਖਦੇ ਹੋਏ ਉਸ ਦਾ ਡਾਇਲਸਿਸ ਆਰੰਭ ਕੀਤਾ ਗਿਆ ਕਿਉਂਕਿ ਨਿਰੀਖਣ ਦੌਰਾਨ ਉਸ ਦਾ ਕਰੇਟਾਨਾਈਨ ਅਤੇ ਫਾਸਫੋਰਸ ਪੱਧਰ ਬਹੁਤ ਅਸੰਤੁਲਨ ਵਿਚ ਸਨ।ਉਸ ਦੇ ਸਰੀਰ ਵਿਚ ਯੂਰੀਆ ਦਾ ਪੱਧਰ ਵਧਣ ਕਾਰਨ ਅਜਿਹੀ ਸਮੱਸਿਆਵਾਂ ਆਈਆਂ ਸਨ।ਬੜੇ ਸੁਚੱਜੇ ਤਰੀਕੇ ਨਾਲ ਉਸ ਦਾ ਡਾਇਲਸਿਸ ਕਰਨ ਨਾਲ ਉਹ ਇਸ ਗੰਭੀਰ ਅਵਸਥਾ ’ਚੋਂ ਬਾਹਰ ਆ ਗਿਆ ਜਿਸ ਵਿਚ ਉਸ ਦੀ ਮੌਤ ਵੀ ਹੋ ਸਕਦੀ ਸੀ।
ਪਸ਼ੂ ਹਸਪਤਾਲ ਦੇ ਨਿਰਦੇਸ਼ਕ, ਡਾ. ਸਵਰਨ ਸਿੰਘ ਰੰਧਾਵਾ ਨੇ ਕਿਹਾ ਕਿ ਜਾਨਵਰਾਂ ਦੇ ਡਾਇਲਸਿਸ ਦੀ ਸਹੂਲਤ ਉਤਰੀ ਭਾਰਤ ਵਿਚ ਸਿਰਫ ਸਾਡੇ ਹਸਪਤਾਲ ਵਿਚ ਹੈ ਜਦਕਿ ਪੂਰੇ ਭਾਰਤ ਵਿਚ ਸਿਰਫ ਦੋ ਹੋਰ ਵੈਟਨਰੀ ਕਾਲਜਾਂ ਵਿਖੇ ਇਹ ਸਹੂਲਤ ਮੁਹੱਈਆ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਅਤੇ ਨਾਲ ਲਗਦੇ ਸੂਬਿਆਂ ਦੇ ਅਣਗਿਣਤ ਕੁੱਤਿਆਂ ਦਾ ਇਸ ਡਾਇਲਸਿਸ ਇਕਾਈ ਰਾਹੀਂ ਇਲਾਜ ਕਰਕੇ ਨਵਾਂ ਜੀਵਨ ਦਿੱਤਾ ਗਿਆ ਹੈ।ਵੈਟਨਰੀ ਕਾਲਜ ਦੇ ਡੀਨ, ਡਾ. ਸਰਵਪ੍ਰੀਤ ਸਿੰਘ ਘੁੰਮਣ ਨੇ ਮਾਹਿਰਾਂ ਦੀ ਸਾਰੀ ਟੀਮ ਦੀ ਸ਼ਲਾਘਾ ਕੀਤੀ ਅਤੇ ਵਧਾਈ ਦਿੱਤੀ ਕਿ ਉਹ ਭਾਰਤ ਵਿਚ ਵੈਟਨਰੀ ਇਲਾਜ ਸੰਬੰਧੀ ਨਵੀਆਂ ਸਿਖਰਾਂ ਛੁਹ ਰਹੇ ਹਨ।
ਲੋਕ ਸੰਪਰਕ ਦਫਤਰ
ਨਿਰਦੇਸ਼ਾਲਾ ਵਿਦਿਆਰਥੀ ਭਲਾਈ ਅਤੇ ਮਿਲਖ ਅਫਸਰ
ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ
Summary in English: Respected BSF guard dog gets new life at Veterinary University