International Mother Language Day: ਪੀਏਯੂ (PAU) ਵਿੱਚ ਅੱਜ ਕੌਮਾਂਤਰੀ ਮਾਤ ਭਾਸ਼ਾ ਦਿਵਸ (International Mother Language Day) ਤੇ ਵਿਸ਼ੇਸ਼ ਸਮਾਗਮ ਹੋਇਆ। ਇਸ ਵਿੱਚ ਮੁੱਖ ਮਹਿਮਾਨ ਵਜੋਂ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਸ਼ਾਮਿਲ ਹੋਏ। ਸਮਾਗਮ ਦੀ ਪ੍ਰਧਾਨਗੀ ਪੀਏਯੂ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕੀਤੀ।
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਸਮਾਗਮ 'ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ. ਐੱਸ ਪੀ ਸਿੰਘ ਵਿਸ਼ੇਸ਼ ਵਕਤਾ ਸਨ। ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਇੰਦਰਜੀਤ ਸਿੰਘ ਵੀ ਵਿਸ਼ੇਸ਼ ਤੌਰ ਤੇ ਇਸ ਮੌਕੇ ਹਾਜ਼ਿਰ ਰਹੇ।
ਸ਼ੁਰੂਆਤੀ ਸ਼ਬਦ ਬੋਲਦਿਆਂ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਪੀਏਯੂ ਦੀਆਂ 150 ਪ੍ਰਕਾਸ਼ਨਾਵਾਂ ਦਾ ਜ਼ਿਕਰ ਕੀਤਾ ਜੋ ਆਮ ਲੋਕਾਂ ਦੀ ਭਾਸ਼ਾ ਵਿੱਚ ਪ੍ਰਕਾਸ਼ਿਤ ਕੀਤੇ ਗਏ ਹਨ। ਡਾ. ਗੋਸਲ ਨੇ ਪੰਜਾਬੀ ਸਾਹਿਤ ਦੇ ਖੇਤਰ ਵਿਚ ਪੀਏਯੂ ਦੇ ਯੋਗਦਾਨ ਦਾ ਜ਼ਿਕਰ ਕਰਦਿਆਂ ਸਾਹਿਤ ਅਕੈਡਮੀ ਐਵਾਰਡ ਜੇਤੂ ਲੇਖਕਾਂ ਦਾ ਨਾਮ ਲਿਆ ਜੋ ਯੂਨੀਵਰਸਿਟੀ ਦਾ ਹਿੱਸਾ ਰਹੇ ਹਨ। ਉਨ੍ਹਾਂ ਕਿਹਾ ਕਿ ਪੀਏਯੂ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਪ੍ਰਚਾਰ ਪ੍ਰਸਾਰ ਲਈ ਸਦਾ ਯਤਨਸ਼ੀਲ ਰਹੇਗੀ।
ਮੁੱਖ ਮਹਿਮਾਨ ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਮਾਂ ਬੋਲੀ ਦਿਵਸ ਦਾ ਪੀਏਯੂ ਵਿੱਚ ਮਨਾਇਆ ਜਾਣਾ ਬੜਾ ਸ਼ੁਭ ਹੈ। ਉਨ੍ਹਾਂ ਕਿਹਾ ਕਿ ਮਾਂ, ਮਾਤ ਭੂਮੀ ਤੇ ਮਾਤ ਬੋਲੀ ਮਨੁੱਖ ਨੂੰ ਖੁਸ਼ਹਾਲ ਬਣਾਉਣ ਵਾਲੇ ਤੱਤ ਹਨ। ਮਨੁੱਖ ਦੇ ਵਿਕਾਸ ਵਿਚ ਇਨ੍ਹਾਂ ਦਾ ਯੋਗਦਾਨ ਹੈ। ਮਾਂ ਬੋਲੀ ਦਾ ਵਿਕਾਸ ਨੈਤਿਕ ਜ਼ਿੰਮੇਵਾਰੀ ਹੈ ਪਰ ਹੋਰ ਭਾਸ਼ਾਵਾਂ ਦਾ ਗਿਆਨ ਵੀ ਜ਼ਰੂਰੀ ਹੈ।
ਬਾਹਰਲੇ ਸੂਬਿਆਂ ਤੋਂ ਆਉਣ ਵਾਲੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਪੰਜਾਬੀ ਦੇ ਮਹੱਤਵ ਤੋਂ ਜਾਣੂੰ ਕਰਾਉਣ ਲਈ ਵੀ ਅਜਿਹੇ ਸਮਾਗਮ ਬਹੁਤ ਜ਼ਰੂਰੀ ਹਨ। ਸ਼੍ਰੀ ਸਿੱਧੂ ਨੇ ਸਭ ਨੂੰ ਆਪਣੀ ਮਾਂ ਬੋਲੀ ਨਾਲ ਜੁੜਨ ਤੇ ਇਸਦੇ ਵਿਕਾਸ ਲਈ ਤੱਤਪਰ ਰਹਿਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਵਿਦਿਅਕ ਸੰਸਥਾ ਵਿੱਚ ਮਾਂ ਬੋਲੀ ਦੀ ਗੱਲ ਹੋਣੀ ਬਹੁਤ ਦੂਰ ਤਕ ਜਾਣ ਵਾਲਾ ਸੰਦੇਸ਼ ਹੈ।
ਇਹ ਵੀ ਪੜ੍ਹੋ: Food Supply Chain 'ਤੇ Workshop ਦਾ ਪ੍ਰਬੰਧ, ਪੈਨਲ ਚਰਚਾ ਨਾਲ ਤਕਨੀਕੀ ਪੇਸ਼ਕਾਰੀਆਂ
ਲੁਧਿਆਣਾ ਦੇ ਡਿਪਟੀ ਕਮਿਸ਼ਨਰ ਕੁਮਾਰੀ ਸੁਰਭੀ ਮਲਿਕ ਨੇ ਇਸ ਮੌਕੇ ਬੋਲਦਿਆਂ ਮਾਤ ਭਾਸ਼ਾ ਨੂੰ ਮਨੁੱਖੀ ਜਜ਼ਬਿਆਂ ਦੇ ਪ੍ਰਗਟਾਵੇ ਦਾ ਸ਼ਕਤੀਸ਼ਾਲੀ ਮਾਧਿਅਮ ਕਿਹਾ। ਉਨ੍ਹਾਂ ਪੰਜਾਬੀ ਨਾਲ ਆਪਣੀ ਪਰਿਵਾਰਕ ਨੇੜਤਾ ਦੀ ਗੱਲ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਮਾਤ ਭਾਸ਼ਾ ਦੇ ਮਹੱਤਵ ਤੋਂ ਜਾਣੂੰ ਕਰਾਉਣ ਲਈ ਐਸੇ ਸਮਾਗਮ ਹੋਣੇ ਬੇਹੱਦ ਜ਼ਰੂਰੀ ਹਨ
ਡਾ. ਐੱਸ ਪੀ ਸਿੰਘ ਨੇ ਆਪਣੇ ਵਿਸ਼ੇਸ਼ ਭਾਸ਼ਣ ਵਿਚ ਪੰਜਾਬੀ ਭਾਸ਼ਾ ਦੇ ਇਤਿਹਾਸ ਤੇ ਮੌਜੂਦਾ ਹਲਾਤ ਬਾਰੇ ਵਿਸਥਾਰ ਨਾਲ ਦੱਸਿਆ। ਉਨ੍ਹਾਂ ਕਿਹਾ ਕਿ ਪੰਜਾਬੀ ਅੱਜ ਪੂਰੀ ਦੁਨੀਆਂ ਵਿੱਚ ਬੋਲੀ ਜਾ ਰਹੀ ਹੈ ਤੇ ਪੰਜਾਬੀ ਭਾਸ਼ਾ ਨੂੰ ਕਿਸੇ ਖਤਰੇ ਹੋਣ ਦੀਆਂ ਗੱਲਾਂ ਨਿਰਮੂਲ ਹਨ।
ਇਹ ਵੀ ਪੜ੍ਹੋ: Good News: PAU ਦੇ ਲੋੜਵੰਦ ਵਿਦਿਆਰਥੀਆਂ ਲਈ ਵਿੱਤੀ ਸਹਾਇਤਾ 'ਚ ਵਾਧਾ
ਡਾ. ਸਿੰਘ ਨੇ ਦੱਸਿਆ ਕਿ ਅਮਰੀਕਾ, ਕਨੇਡਾ ਤੇ ਬਰਤਾਨੀਆਂ ਤੋਂ ਬਿਨਾਂ ਆਸਟ੍ਰੇਲੀਆ ਵਿਚ ਪੰਜਾਬੀ ਸਾਹਿਤ ਤੇ ਸਭਿਆਚਾਰ ਦੇ ਨਾਲ ਨਾਲ ਭਾਸ਼ਾ ਲਈ ਭਰਪੂਰ ਕਾਰਜ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਭਾਸ਼ਾ ਨੂੰ ਸਿੱਖਿਆ ਅਤੇ ਰੁਜ਼ਗਾਰ ਨਾਲ ਜੋੜ ਕੇ ਹੋਰ ਵੀ ਪ੍ਰਫੁੱਲਿਤ ਕੀਤਾ ਜਾ ਸਕੇਗਾ। ਇਸ ਲਈ ਸਰਕਾਰਾਂ ਵਲੋਂ ਕੀਤੇ ਜਾ ਰਹੇ ਕਾਰਜਾਂ ਦੇ ਨਾਲ ਨਾਲ ਆਮ ਲੋਕਾਂ ਨੂੰ ਵੀ ਚੇਤੰਨ ਹੋਣ ਦੀ ਲੋੜ ਹੈ।
ਹਰਪ੍ਰੀਤ ਸਿੰਘ ਸੰਧੂ ਨੇ ਇਸ ਮੌਕੇ ਕਿਹਾ ਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਪੰਜਾਬੀ ਨੂੰ ਪ੍ਰਸਾਰਿਤ ਕਰਨ ਲਈ ਇਸ ਦਿਹਾੜੇ ਨੂੰ ਮਨਾਉਣਾ ਜ਼ਰੂਰੀ ਹੈ। ਅੰਤ ਵਿੱਚ ਧਨਵਾਦ ਦੇ ਸ਼ਬਦ ਬੋਲਦਿਆਂ ਅਪਰ ਨਿਰਦੇਸ਼ਕ ਸੰਚਾਰ ਡਾ ਤੇਜਿੰਦਰ ਸਿੰਘ ਰਿਆੜ ਨੇ ਕਿਹਾ ਕਿ ਮਾਂ, ਮਾਂ ਭੂਮੀ ਤੇ ਮਾਤ ਭਾਸ਼ਾ ਨੂੰ ਯਾਦ ਰੱਖਣ ਵਾਲਿਆਂ ਨੇ ਹੀ ਤਰੱਕੀਆਂ ਕੀਤੀਆਂ ਹਨ। ਉਨ੍ਹਾਂ ਐਸੇ ਹੋਰ ਸਮਾਗਮ ਕਰਾਉਣ ਦੀ ਵਚਨਬੱਧਤਾ ਨੂੰ ਦੁਹਰਾਇਆ।
ਇਸ ਸਮਾਗਮ ਦੌਰਾਨ ਮਨਦੀਪ ਸਿੰਘ ਸਿੱਧੂ, ਕੁਮਾਰੀ ਸੁਰਭੀ ਮਲਿਕ, ਡਾ. ਸਤਿਬੀਰ ਸਿੰਘ ਗੋਸਲ, ਡਾ. ਇੰਦਰਜੀਤ ਸਿੰਘ, ਡਾ. ਐੱਸ ਪੀ ਸਿੰਘ ਅਤੇ ਹੋਰ ਅਧਿਕਾਰੀਆਂ ਨੂੰ ਪੰਜਾਬੀ ਦੀਆਂ ਨਾਂ - ਤਖਤੀਆਂ ਦਿੱਤੀਆਂ ਗਈਆਂ। ਯੂਨੀਵਰਸਿਟੀ ਨੇ ਕਮਿਸ਼ਨਰ ਪੁਲਿਸ, ਡਿਪਟੀ ਕਮਿਸ਼ਨਰ ਅਤੇ ਡਾ. ਐੱਸ ਪੀ ਸਿੰਘ ਦਾ ਸ਼ਾਲ ਦੇ ਕੇ ਸਨਮਾਨ ਕੀਤਾ।
Summary in English: Special event on International Mother Language Day in PAU