ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਅਮਰੀਕਾ ਦੇ ਸੈਨ ਫਰਾਂਸਿਸਕੋ (San Francisco) ਵਿੱਚ ਗੂਗਲ (Google) ਅਤੇ ਅਲਫਾਬੇਟ (Alphabet) ਦੇ ਸੀਈਓ (CEO) ਸੁੰਦਰ ਪਿਚਾਈ ਨੂੰ ਪਦਮ ਭੂਸ਼ਣ (Padma Bhushan) ਨਾਲ ਸਨਮਾਨਿਤ ਕੀਤਾ। 73ਵੇਂ ਗਣਤੰਤਰ ਦਿਵਸ ਦੀ ਪੂਰਵ ਸੰਧਿਆ 'ਤੇ ਗ੍ਰਹਿ ਮੰਤਰਾਲੇ ਨੇ ਸੁੰਦਰ ਪਿਚਾਈ ਨੂੰ ਪਦਮ ਭੂਸ਼ਣ ਨਾਲ ਸਨਮਾਨਿਤ ਕਰਨ ਲਈ ਨਿਰਦੇਸ਼ ਦਿੱਤਾ ਸੀ। ਦੱਸ ਦੇਈਏ ਕਿ ਪਦਮ ਭੂਸ਼ਣ ਦੇਸ਼ ਦੇ ਸਰਵਉੱਚ ਨਾਗਰਿਕ ਪੁਰਸਕਾਰਾਂ ਵਿੱਚੋਂ ਇੱਕ ਹੈ।
ਤਰਨਜੀਤ ਸਿੰਘ ਸੰਧੂ ਨੇ ਆਪਣੇ ਟਵਿੱਟਰ ਹੈਂਡਲ (Twitter Handle) ਰਾਹੀਂ ਲੋਕਾਂ ਨਾਲ ਇਹ ਗੱਲ ਸਾਂਝਾ ਕੀਤੀ। ਉਨ੍ਹਾਂ ਕਿਹਾ ਕਿ ਸਾਨ ਫਰਾਂਸਿਸਕੋ 'ਚ ਗੂਗਲ ਅਤੇ ਅਲਫਾਬੇਟ ਦੇ ਸੀਈਓ ਸੁੰਦਰ ਪਿਚਾਈ ਨੂੰ ਪਦਮ ਭੂਸ਼ਣ ਸੌਂਪਣਾ ਖੁਸ਼ੀ ਦੀ ਗੱਲ ਹੈ। ਸੁੰਦਰ ਦੀ ਮਦੁਰਾਈ ਤੋਂ ਮਾਊਂਟੇਨ ਵਿਊ (Mountain View) ਤੱਕ ਦੀ ਪ੍ਰੇਰਣਾਦਾਇਕ ਯਾਤਰਾ ਭਾਰਤ-ਅਮਰੀਕਾ ਦੇ ਆਰਥਿਕ ਅਤੇ ਤਕਨੀਕੀ ਸਬੰਧਾਂ ਨੂੰ ਮਜ਼ਬੂਤ ਕਰਦੀ ਹੈ ਅਤੇ ਭਾਰਤੀ ਪ੍ਰਤਿਭਾ ਦੀ ਪੁਸ਼ਟੀ ਕਰਦੀ ਹੈ।
ਰਾਜਦੂਤ ਤਰਨਜੀਤ ਸਿੰਘ ਸੰਧੂ ਦੇ ਟਵੀਟ (Tweet) ਦਾ ਜਵਾਬ ਦਿੰਦਿਆਂ ਸੁੰਦਰ ਪਿਚਾਈ ਨੇ ਉਨ੍ਹਾਂ ਦਾ ਧਨਵਾਦ ਕੀਤਾ ਤੇ ਕਿਹਾ ਕਿ ਪਦਮ ਭੂਸ਼ਣ ਪ੍ਰਾਪਤ ਕਰਨਾ ਅਤੇ ਮੇਰੇ ਨਾਲ ਮੇਰੇ ਪਰਿਵਾਰ ਦਾ ਉੱਥੇ ਹੋਣਾ ਮੇਰੇ ਲਈ ਬਹੁਤ ਸਨਮਾਨ ਦੀ ਗੱਲ ਹੈ। ਮੈਂ ਭਾਰਤ ਸਰਕਾਰ ਅਤੇ ਭਾਰਤ ਦੇ ਲੋਕਾਂ ਦਾ ਬਹੁਤ ਧੰਨਵਾਦੀ ਹਾਂ। ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਉਨ੍ਹਾਂ ਦਾ ਹਿੱਸਾ ਹੈ। ਉਹ ਜਿੱਥੇ ਵੀ ਜਾਂਦੇ ਹਨ, ਇਸਨੂੰ ਆਪਣੇ ਨਾਲ ਲੈ ਕੇ ਜਾਂਦੇ ਹਨ।
ਆਪਣੇ ਇੱਕ ਬਲੌਗ (Blog) `ਚ ਸੁੰਦਰ ਪਿਚਾਈ ਨੇ ਕਿਹਾ ਕਿ ਉਹ ਇੱਕ ਅਜਿਹੇ ਪਰਿਵਾਰ ਵਿੱਚ ਵੱਡੇ ਹੋਏ ਹਨ ,ਜਿਥੇ ਉਨ੍ਹਾਂ ਨੂੰ ਚੰਗੀ ਸਿੱਖਿਆ ਤੇ ਗਿਆਨ ਪ੍ਰਾਪਤ ਹੋਇਆ ਹੈ। ਉਨ੍ਹਾਂ ਦੇ ਮਾਤਾ-ਪਿਤਾ ਨੇ ਇਹ ਯਕੀਨੀ ਬਣਾਉਣ ਲਈ ਬਹੁਤ ਕੁਰਬਾਨੀਆਂ ਦਿੱਤੀਆਂ ਹਨ ਕਿ ਸੁੰਦਰ ਨੂੰ ਆਪਣੀਆਂ ਰੁਚੀਆਂ ਦੀ ਖੋਜ ਕਰਨ ਦੇ ਮੌਕੇ ਮਿਲ ਸਕਣ।
ਇਹ ਵੀ ਪੜ੍ਹੋ : ਦੇਸ਼ ਵਿਚ ਇਨ੍ਹਾਂ ਕਿਸਾਨਾਂ ਨੂੰ ਮਿਲਿਆ ਪਦਮ ਸ਼੍ਰੀ, ਗਣਤੰਤਰ ਦਿਵਸ ਤੋਂ ਪਹਿਲਾਂ ਹੋਏ ਸਨਮਾਨਿਤ
ਸੁੰਦਰ ਪਿਚਾਈ ਨੇ ਪ੍ਰਧਾਨ ਮੰਤਰੀ ਮੋਦੀ ਦੀ ਤਾਰੀਫ਼ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਡਿਜੀਟਲ ਇੰਡੀਆ (Digital India) ਦਾ ਦ੍ਰਿਸ਼ਟੀਕੋਣ ਤਰੱਕੀ ਵਿੱਚ ਇੱਕ ਮੀਲ ਦਾ ਪੱਥਰ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਗੂਗਲ ਨੇ ਭਾਰਤ ਨੂੰ ਬਿਹਤਰ ਬਣਾਉਣ ਲਈ ਦੋ ਪਰਿਵਰਤਨਸ਼ੀਲ ਦਹਾਕਿਆਂ ਤੋਂ ਸਰਕਾਰਾਂ, ਕਾਰੋਬਾਰਾਂ ਅਤੇ ਭਾਈਚਾਰਿਆਂ ਨਾਲ ਸਾਂਝੇਦਾਰੀ ਕੀਤੀ ਹੈ ਅਤੇ ਇਸ ਵਿੱਚ ਨਿਵੇਸ਼ ਕਰਨਾ ਜਾਰੀ ਰੱਖਿਆ ਹੈ।
ਭਾਰਤ ਬਾਰੇ ਗੱਲ ਕਰਦੇ ਸੁੰਦਰ ਪਿਚਾਈ ਨੇ ਕਿਹਾ ਕਿ ਭਾਰਤ ਵਿੱਚ ਡਿਜੀਟਲ ਪੇਮੈਂਟ (Digital Payment) ਤੋਂ ਲੈ ਕੇ ਵਾਇਸ ਟੈਕਨਾਲੋਜੀ (Voice Technology) ਵਿੱਚ ਕੀਤੇ ਗਏ ਬਦਲਾਅ ਦਾ ਦੁਨੀਆ ਭਰ ਦੇ ਲੋਕਾਂ ਨੂੰ ਬਹੁਤ ਫਾਇਦਾ ਹੋ ਰਿਹਾ ਹੈ। ਉਹ ਗੂਗਲ ਅਤੇ ਭਾਰਤ ਵਿਚਕਾਰ ਮਹਾਨ ਸਾਂਝੇਦਾਰੀ ਨੂੰ ਜਾਰੀ ਰੱਖਣਾ ਚਾਹੁੰਦੇ ਹਨ ਤੇ ਤਕਨਾਲੋਜੀ ਦੇ ਲਾਭਾਂ ਨੂੰ ਹੋਰ ਲੋਕਾਂ ਤੱਕ ਪਹੁੰਚਾਉਣ ਲਈ ਇਕੱਠੇ ਕੰਮ ਕਰਨ ਦੀ ਉਮੀਦ ਕਰਦੇ ਹਨ।
Summary in English: Sundar Pichai honored with Padma Bhushan in San Francisco, USA