ਪੂਰੇ ਦੇਸ਼ `ਚ ਡੇਂਗੂ ਦਾ ਕਹਿਰ ਵਧਦਾ ਹੀ ਜਾ ਰਿਹਾ ਹੈ। ਇਸ ਸਾਲ ਦੀ ਸ਼ੁਰੂਆਤ ਤੋਂ ਹੁਣ ਤੱਕ ਭਾਰਤ ਦੇ 12 ਸੂਬੇ ਡੇਂਗੂ ਦੀ ਲਪੇਟ `ਚ ਆ ਚੁੱਕੇ ਹਨ। ਡੇਂਗੂ ਤੇ ਮਲੇਰੀਆ ਦੇ ਮਾਮਲੇ ਆਮ ਤੌਰ ’ਤੇ ਜੁਲਾਈ ਤੇ ਨਵੰਬਰ ਦੇ ਵਿਚਕਾਰ ਰਿਪੋਰਟ ਕੀਤੇ ਜਾਂਦੇ ਹਨ। ਜਦੋਂ ਰਾਤ ਦਾ ਤਾਪਮਾਨ ਲਗਾਤਾਰ 15 ਡਿਗਰੀ ਸੈਲਸੀਅਸ ਤੋਂ ਹੇਠਾਂ ਰਹੇਗਾ ਤਾਂ ਨਵੰਬਰ ਦੇ ਅੱਧ ਤੋਂ ਬਾਅਦ ਕੇਸਾਂ `ਚ ਕਮੀ ਆਉਣੀ ਸ਼ੁਰੂ ਹੋ ਜਾਵੇਗੀ ਕਿਉਂਕਿ ਠੰਡਾ ਤਾਪਮਾਨ ਮੱਛਰਾਂ ਲਈ ਅਨੁਕੂਲ ਨਹੀਂ ਹੁੰਦਾ।
ਪੱਛਮੀ ਬੰਗਾਲ ਨੇ ਪੰਜ ਸਾਲਾਂ `ਚ ਆਪਣਾ ਸਭ ਤੋਂ ਭਿਆਨਕ ਡੇਂਗੂ ਪ੍ਰਕੋਪ ਦਰਜ ਕੀਤਾ। ਅਕਤੂਬਰ ਦੇ ਅੰਤ ਤੱਕ ਕੇਸਾਂ ਦੀ ਗਿਣਤੀ 42,000 ਤੱਕ ਪਹੁੰਚ ਗਈ। ਓਡੀਸ਼ਾ `ਚ ਲਗਭਗ 5,500 ਮਾਮਲੇ ਦਰਜ ਕੀਤੇ ਗਏ, ਜਿਸ `ਚ ਇਕੱਲੇ ਭੁਵਨੇਸ਼ਵਰ `ਚ 2,000 ਤੋਂ ਵੱਧ ਕੇਸਿਸ ਸੀਗੇ। ਤਾਮਿਲਨਾਡੂ `ਚ ਅਜੇ ਤੱਕ ਡੇਂਗੂ ਦੇ 4,900 ਤੋਂ ਵੱਧ ਮਾਮਲੇ ਦਰਜ ਕੀਤੇ ਗਏ ਹਨ। ਰਿਪੋਰਟ ਅਨੁਸਾਰ ਅਕਤੂਬਰ `ਚ ਦਰਜ ਕੀਤੇ ਗਏ ਨਵੇਂ ਕੇਸਾਂ ਦੀ ਗਿਣਤੀ ਸਤੰਬਰ ਦੇ ਮੁਕਾਬਲੇ 10 ਫੀਸਦੀ ਵੱਧ ਸੀ।
ਪੰਜਾਬ `ਚ ਡੇਂਗੂ ਦਾ ਕਹਿਰ:
ਸੂਬੇ `ਚ ਹੁਣ ਤੱਕ ਡੇਂਗੂ ਲਈ 36,874 ਲੋਕਾਂ ਦੀ ਜਾਂਚ ਕੀਤੀ ਗਈ ਹੈ, ਜਿਸ `ਚੋ ਕੁੱਲ 8,500 ਮਾਮਲਿਆਂ ਦੀ ਪੁਸ਼ਟੀ ਹੋਈ ਹੈ ਤੇ 9 ਮੌਤਾਂ ਹੋ ਚੁੱਕੀਆਂ ਹਨ। ਸਿਹਤ ਅਧਿਕਾਰੀਆਂ ਮੁਤਾਬਕ ਇਨ੍ਹੀਂ ਦਿਨੀਂ ਡੇਂਗੂ ਦੇ ਔਸਤਨ 200 ਨਵੇਂ ਮਾਮਲੇ ਸਾਹਮਣੇ ਆ ਰਹੇ ਹਨ।
ਲੁਧਿਆਣਾ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸ਼ਹਿਰ `ਚ ਡੇਂਗੂ ਦੇ ਸਭ ਤੋਂ ਵੱਧ ਮਰੀਜ਼ ਸਾਹਮਣੇ ਆਏ ਹਨ। ਜਾਣਕਾਰੀ ਅਨੁਸਾਰ ਹੁਣ ਜ਼ਿਲ੍ਹੇ `ਚ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ 496 ਹੋ ਗਈ ਹੈ। ਇਸਦੇ ਚਲਦਿਆਂ ਸਿਹਤ ਵਿਭਾਗ ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਚਿੰਤਾ ਦਿਨੋ ਦਿਨ ਵੱਧ ਰਹੀ ਹੈ।
ਇਹ ਵੀ ਪੜ੍ਹੋ : ਪਪੀਤੇ ਦਾ ਜੂਸ ਡੇਂਗੂ ਬੁਖਾਰ ਵਰਗੀਆਂ ਬਿਮਾਰੀਆਂ ਨੂੰ ਕਰਦਾ ਹੈ ਦੂਰ
ਦਿੱਲੀ `ਚ ਡੇਂਗੂ ਦਾ ਹਾਲ:
ਰਾਜਧਾਨੀ `ਚ ਨਵੰਬਰ ਦੇ ਪਹਿਲੇ ਚਾਰ ਦਿਨਾਂ `ਚ ਲਗਭਗ 300 ਮਾਮਲੇ ਸਾਹਮਣੇ ਆਏ ਹਨ। ਜਿਸਦੇ ਚਲਦਿਆਂ ਇਸ ਸਾਲ ਮਰੀਜ਼ਾਂ ਦੀ ਗਿਣਤੀ ਵੱਧ ਕੇ 2,400 ਤੋਂ ਪਾਰ ਪੁੱਜ ਗਈ ਹੈ। ਅਕਤੂਬਰ `ਚ ਕੁੱਲ 1,238 ਮਾਮਲੇ ਦਰਜ ਕੀਤੇ ਗਏ ਹਨ। ਸ਼ਹਿਰ `ਚ ਇਸ ਸਾਲ ਡੇਂਗੂ ਦੇ ਨਾਲ ਨਾਲ ਮਲੇਰੀਆ ਦੇ 207 ਤੇ ਚਿਕਨਗੁਨੀਆ ਦੇ 41 ਮਾਮਲੇ ਵੀ ਦਰਜ ਕੀਤੇ ਗਏ ਹਨ। ਦਿੱਲੀ `ਚ 2015 `ਚ ਇੱਕ ਵੱਡੇ ਡੇਂਗੂ ਦਾ ਪ੍ਰਕੋਪ ਦੇਖਿਆ ਗਿਆ ਸੀ। ਉਂਜ ਤਾਂ ਇਸ ਸਾਲ ਦਿੱਲੀ `ਚ ਹੁਣ ਤੱਕ ਇਸ ਬਿਮਾਰੀ ਕਾਰਨ ਕੋਈ ਮੌਤ ਨਹੀਂ ਹੋਈ ਹੈ, ਜਦੋਂਕਿ 2021 `ਚ ਡੇਂਗੂ ਨੇ 23 ਲੋਕਾਂ ਦੀ ਜਾਨ ਲੈ ਲਈ ਸੀ।
Summary in English: The fury of dengue in the capital Delhi including Punjab, the number of patients has crossed 2400