ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਵੈਟਨਰੀ ਪਸਾਰ ਸਿੱਖਿਆ ਵਿਭਾਗ ਵਲੋਂ 04 ਅਕਤੁਬਰ ਤੋਂ 08 ਅਕਤੂਬਰ ਤਕ ਇਕ ਹਫ਼ਤੇ ਦਾ ਬੱਕਰੀ ਪਾਲਣ ਸਿਖਲਾਈ ਕੋਰਸ ਕਰਵਾਇਆ ਜਾ ਰਿਹਾ ਹੈ।ਵਿਭਾਗ ਦੇ ਮੁਖੀ, ਡਾ. ਰਾਕੇਸ਼ ਕੁਮਾਰ ਸ਼ਰਮਾ ਨੇ ਜਾਣਕਾਰੀ ਦਿੱਤੀ ਕਿ ਆਜ਼ਾਦੀ ਦੇ ਅੰਮਿ੍ਰਤ ਮਹੋਤਸਵ ਅਧੀਨ ਕਰਵਾਏ ਜਾ ਰਹੇ ਇਸ ਸਿਖਲਾਈ ਪ੍ਰੋਗਰਾਮ ਦਾ ਉਦੇਸ਼ ਵੱਧ ਤੋਂ ਵੱਧ ਕਿਸਾਨਾਂ ਨੂੰ ਸਿੱਖਿਅਤ ਕਰਨਾ ਹੈ।
ਉਨ੍ਹਾਂ ਕਿਹਾ ਕਿ ਬੱਕਰੀ ਪਾਲਣ ਦਾ ਕਿੱਤਾ ਬਹੁਤ ਮੁਨਾਫ਼ੇ ਵਾਲਾ ਕਿੱਤਾ ਹੈ ਕਿਉਂਕਿ ਇਸ ਵਿਚ ਘੱਟ ਸਰਮਾਏ, ਘੱਟ ਭੂਮੀ ਅਤੇ ਘੱਟ ਖੇਚਲ ਦੀ ਲੋੜ ਪੈਂਦੀ ਹੈ।ਬੱਕਰੀ ਬਹੁਤ ਥੋੜੇ ਮਹੀਨੇ ਵਿਚ ਬੱਚੇ ਦੇਣ ਦੇ ਕਾਬਿਲ ਹੋ ਜਾਂਦੀ ਹੈ ਜਿਸ ਨਾਲ ਕਿ ਕਿੱਤੇ ਦੇ ਵਿਸਥਾਰ ਦੀਆਂ ਸੰਭਾਵਨਾਵਾਂ ਵੱਧ ਜਾਂਦੀਆਂ ਹਨ।ਬੇਰੁਜ਼ਗਾਰ ਨੌਜਵਾਨ, ਔਰਤਾਂ, ਸੇਵਾ ਮੁਕਤ ਫ਼ੌਜੀ ਜਾਂ ਕਿਸਾਨ ਇਸ ਕਿੱਤੇ ਨੂੰ ਬੜੇ ਵਧੀਆ ਢੰਗ ਨਾਲ ਕਰ ਸਕਦੇ ਹਨ।ਇਸ ਦੇ ਮੀਟ ਦੇ ਨਾਲ ਦੁੱਧ ਦੀ ਮੰਗ ਵੀ ਕਾਫੀ ਰਹਿੰਦੀ ਹੈ।ਇਨ੍ਹਾਂ ਦੇ ਗੁਣਵੱਤਾ ਭਰਪੂਰ ਉਤਪਾਦ ਬਣਾ ਕੇ ਆਮਦਨ ਨੂੰ ਹੋਰ ਵਧਾਇਆ ਜਾ ਸਕਦਾ ਹੈ।ਬੱਕਰੀ ਕਿਸੇ ਵੀ ਤਰ੍ਹਾਂ ਦੇ ਵਾਤਾਵਰਣ ਜਾਂ ਭੂਗੋਲਿਕ ਖੇਤਰ ਵਿਚ ਰਹਿਣ ਦੇ ਸਮਰੱਥ ਹੈ।ਇਸ ਲਈ ਇਹ ਕਿੱਤਾ ਬੜਾ ਹਰਮਨ ਪਿਆਰਾ ਹੋ ਰਿਹਾ ਹੈ।
ਡਾ. ਸ਼ਰਮਾ ਨੇ ਕਿਹਾ ਕਿ ਚਾਹਵਾਨ ਉਮੀਦਵਾਰ ਯੂਨੀਵਰਸਿਟੀ ਦੇ ਕਿਸਾਨ ਸੂਚਨਾ ਕੇਂਦਰ ਨਾਲ ਸੰਪਰਕ ਕਰ ਸਕਦੇ ਹਨ ਅਤੇ ਇਹ ਸਿਖਲਾਈ ਵੀ ਉਥੇ ਹੀ ਕਰਵਾਈ ਜਾਏਗੀ।ਉਮੀਦਵਾਰ 04 ਅਕਤੂਬਰ 2021 ਨੂੰ ਸਵੇਰੇ ਇਸ ਕੇਂਦਰ ਵਿਖੇ ਪਹੁੰਚ ਸਕਦੇ ਹਨ।ਸਿਖਲਾਈ ਦੌਰਾਨ ਸਿੱਖਿਆਰਥੀਆਂ ਨੂੰ ਵੱਖੋ-ਵੱਖਰੀਆਂ ਨਸਲਾਂ, ਨਸਲਕਸ਼ੀ ਤਕਨੀਕਾਂ, ਖੁਰਾਕ, ਢਾਰੇ, ਮੌਸਮੀ ਪ੍ਰਬੰਧਨ, ਟੀਕਾਕਰਨ, ਬਿਮਾਰੀਆਂ ਅਤੇ ਬਚਾਅ, ਗੁਣਵੱਤਾ ਭਰਪੂਰ ਉਤਪਾਦ ਤਿਆਰ ਕਰਨੇ ਅਤੇ ਬੱਕਰੀ ਪਾਲਣ ਦੀ ਆਰਥਿਕਤਾ ਬਾਰੇ ਸੰਪੂਰਨ ਗਿਆਨ ਦਿੱਤਾ ਜਾਏਗਾ।
ਮਾਹਿਰਾਂ ਦੇ ਲੈਕਚਰਾਂ ਤੋਂ ਇਲਾਵਾ ਹਰ ਤਰੀਕੇ ਦਾ ਪ੍ਰਯੋਗੀ ਅਤੇ ਵਿਹਾਰਕ ਗਿਆਨ ਵੀ ਦਿੱਤਾ ਜਾਏਗਾ।ਵਧੇਰੇ ਜਾਣਕਾਰੀ ਲਈ ਕਿਸਾਨ ਸਹਾਇਤਾ ਨੰਬਰ 0161-2414026 ਉਪਰ ਕੰਮਕਾਜੀ ਵਕਤ ਦੌਰਾਨ ਫੋਨ ਵੀ ਕੀਤਾ ਜਾ ਸਕਦਾ ਹੈ।
ਲੋਕ ਸੰਪਰਕ ਦਫਤਰ
ਨਿਰਦੇਸ਼ਾਲਾ ਵਿਦਿਆਰਥੀ ਭਲਾਈ ਅਤੇ ਮਿਲਖ ਅਫਸਰ
ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ
Summary in English: The Veterinary University is conducting training courses on goat rearing