NEWS.1 ਪੰਜਾਬ ਵਿੱਚ ਛਾਇਆ ਬਿਜਲੀ ਦਾ ਸੰਕਟ ! 4 ਥਰਮਲ ਪਲਾਂਟ ਬੰਦ, ਬਿਜਲੀ ਕੱਟਾਂ ਕਾਰਨ ਲੋਕ ਪ੍ਰੇਸ਼ਾਨ
ਪੰਜਾਬ ਸਰਕਾਰ ਨੇ ਭਾਵੇਂ ਤਲਵੰਡੀ ਸਾਬੋ ਵਾਲਾ ਥਰਮਲ ਪਲਾਂਟ ਖਰੀਦ ਲਿਆ ਹੈ। ਉੱਥੇ ਹੀ ਦੂਜੇ ਪਾਸੇ ਪੰਜਾਬ ਵਿੱਚ ਬਿਜਲੀ ਸੰਕਟ ਆ ਸਕਦਾ ਹੈ। ਮੀਡੀਆ ਜਾਣਕਾਰੀ ਅਨੁਸਾਰ ਦੱਸ ਦਈਏ ਕਿ ਰੋਪੜ ਪਾਵਰ ਥਰਮਲ ਪਲਾਂਟ ਦੇ 3 ਯੂਨਿਟ ਬੰਦ ਹੋ ਗਏ ਹਨ, ਜਿਸ ਕਾਰਨ 630 ਮੈਗਾਵਾਟ ਬਿਜਲੀ ਉਤਪਾਦਨ ਦੀ ਘਾਟ ਪੈਦਾ ਹੋ ਗਈ ਹੈ। ਇਸ ਤੋਂ ਪਹਿਲਾਂ ਲਹਿਰਾ ਮੁਹੱਬਤ ਥਰਮਲ ਪਲਾਂਟ ਦਾ 210 ਮੈਗਾਵਾਟ ਸਮਰੱਥਾ ਦਾ 1 ਯੂਨਿਟ ਖਰਾਬ ਹੋਣ ਕਾਰਨ ਪਿਛਲੇ ਡੇਢ ਸਾਲ ਤੋਂ ਬੰਦ ਪਿਆ ਸੀ। ਰੋਪੜ ਥਰਮਲ ਪਲਾਂਟ ਅਤੇ ਲਹਿਰਾ ਮੁਹੱਬਤ ਪਾਵਰ ਪਲਾਂਟ ਨੂੰ ਮਿਲਾ ਕੇ ਪੰਜਾਬ ਵਿੱਚ ਕੁੱਲ 4 ਯੂਨਿਟਾਂ ਦੇ ਬੰਦ ਹੋਣ ਕਾਰਨ 840 ਮੈਗਾਵਾਟ ਦੀ ਕਮੀ ਆਈ ਹੈ। ਦੂਜੇ ਪਾਸੇ ਬਿਜਲੀ ਕੱਟਾਂ ਕਾਰਨ ਲੋਕ ਪ੍ਰੇਸ਼ਾਨ ਰਹੇ।
NEWS.2 ਸਮਾਜ ਸੇਵੀ ਭਾਨਾ ਸਿੱਧੂ ਦੇ ਘਰ ਅੱਜ ਹੋਇਆ ਵੱਡਾ ਇਕੱਠ, ਕਿਸਾਨ ਜਥੇਬੰਦੀਆਂ ਅਤੇ ਆਮ ਲੋਕਾਂ ਨੇ ਵੱਡੀ ਗਿਣਤੀ ਵਿੱਚ ਕੀਤੀ ਸਮੂਲੀਅਤ
ਸਮਾਜ ਸੇਵੀ ਭਾਨਾ ਸਿੱਧੂ ਉੱਤੇ 3 ਪਰਚਿਆਂ ਤੇ ਗ੍ਰਿਫ਼ਤਾਰੀ ਤੋਂ ਬਾਅਦ ਕਿਸਾਨਾਂ ਅਤੇ ਉਸ ਨੂੰ ਚਹਾਉਣ ਵਾਲਿਆਂ ਨੇ ਪੰਜਾਬ ਸਰਕਾਰ ਖ਼ਿਲਾਫ਼ ਵੱਡਾ ਮੋਰਚਾ ਖੋਲ੍ਹ ਦਿੱਤਾ ਹੈ। ਜਿਸ ਦੇ ਤਹਿਤ ਹੀ ਅੱਜ ਭਾਨਾ ਸਿੱਧੂ ਦੇ ਜੱਦੀ ਘਰ ਕੋਟਦੂਨੇ ਵਿਖੇ ਕਿਸਾਨ ਜਥੇਬੰਦੀਆਂ ਤੇ ਉਸ ਨੂੰ ਚਹਾਉਣ ਵਾਲਿਆਂ ਦਾ ਵੱਡਾ ਇਕੱਠ ਹੋਇਆ। ਇਸ ਇਕੱਠ ਵਿੱਚ ਆਗੂਆਂ ਨੇ ਭਾਨਾ ਸਿੱਧੂ ਦੀ ਰਿਹਾਈ ਤੇ ਉਸ ਦੇ ਹੱਕ ਵਿੱਚ ਆਵਾਜ਼ ਚੁੱਕਣ ਲਈ ਇੱਕ ਵੱਡੀ ਰਣਨੀਤੀ ਬਣਾਈ। ਦੱਸ ਦਈਏ ਕਿ ਸਮਾਜ ਸੇਵੀ ਭਾਨਾ ਸਿੱਧੂ ਨੇ ਕਿਸਾਨ ਅੰਦੋਲਨ ਦੌਰਾਨ ਵੱਡੀ ਭੂਮਿਕਾ ਨਿਭਾਈ ਸੀ,ਜਿਸ ਤੋਂ ਬਾਅਦ ਭਾਨਾ ਸਿੱਧੂ ਪੰਜਾਬ ਦੇ ਲੋਕਾਂ ਨੂੰ ਠੱਗਣ ਵਾਲੇ ਟਰੈਵਲ ਏਜੰਟਾਂ ਤੋਂ ਪੈਸਾ ਵਾਪਸ ਕਰਵਾ ਰਹੇ ਸਨ। ਐਤਵਾਰ ਨੂੰ ਭਾਨਾ ਸਿੱਧੂ ਦੇ ਹੱਕ ਵਿੱਚ ਕਿਸਾਨ ਜਥੇਬੰਦੀਆਂ ਨੇ ਟੋਲ ਪਲਾਜਿਆਂ ਉੱਤੇ ਧਰਨੇ ਪ੍ਰਦਰਸ਼ਨ ਵੀ ਕੀਤੇ ਸਨ।
ਇਹ ਵੀ ਪੜੋ:- Today Agriculture Big News ਖੇਤੀਬਾੜੀ ਨਾਲ ਸਬੰਧਿਤ ਅੱਜ ਦੀਆਂ ਵੱਡੀਆਂ ਖ਼ਬਰਾਂ
NEWS.3 ਛੋਟੇ ਕਿਸਾਨਾਂ ਨੂੰ ਹੁਣ ਆਸਾਨੀ ਨਾਲ ਮਿਲੇਗਾ ਕਰਜ਼ਾ ! ਕੇਂਦਰ ਸਰਕਾਰ ਲਾਂਚ ਕਰਨ ਜਾ ਰਹੀ ਹੈ ਨਵੀ ਸਕੀਮ,ਜਿਸ ਨਾਲ ਕਿਸਾਨਾਂ ਨੂੰ ਮਿਲੇਗਾ ਵੱਡਾ ਫਾਇਦਾ
ਕੇਂਦਰ ਸਰਕਾਰ ਛੇਤੀ ਹੀ ਦੇਸ਼ ਦੇ ਛੋਟੇ ਕਿਸਾਨਾਂ ਲਈ ਨਵੀਂ ਯੋਜਨਾ ਸ਼ੁਰੂ ਕਰਨ ਜਾ ਰਹੀ ਹੈ। ਦਰਅਸਲ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜਲਦੀ ਹੀ ਖੇਤੀਬਾੜੀ ਤੇ ਪੇਂਡੂ ਵਿਕਾਸ ਬੈਂਕਾਂ ਤੇ ਸਹਿਕਾਰੀ ਸੁਸਾਈਟੀਆਂ ਦੇ ਰਜਿਸਟਰਾਰ ਲਈ ਕੰਪਿਊਟਰੀ-ਕਰਨ ਪ੍ਰੋਜੈਕਟ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਅਧਿਕਾਰਤ ਬਿਆਨ ਦੇ ਅਨੁਸਾਰ ਇਹ ਪ੍ਰੋਗਰਾਮ ਸਹਿਕਾਰਤਾ ਮੰਤਰਾਲੇ ਵੱਲੋਂ ਰਾਸ਼ਟਰੀ ਸਹਿਕਾਰੀ ਵਿਕਾਸ ਨਿਗਮ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਜਾ ਰਿਹਾ ਹੈ। ਦੱਸ ਦਈਏ ਕੇਂਦਰ ਸਰਕਾਰ ਦਾ ਇਹ ਕਦਮ ਛੋਟੇ ਤੇ ਸੀਮਾਂਤ ਕਿਸਾਨਾਂ ਨੂੰ ਪ੍ਰਾਇਮਰੀ ਖੇਤੀਬਾੜੀ ਖਾਸ ਸੁਸਾਇਟੀਆਂ ਰਾਹੀਂ ਰਕਬੇ ਅਤੇ ਸੰਬੰਧਿਤ ਸੇਵਾਵਾਂ ਲਈ ਖੇਤੀਬਾੜੀ ਤੇ ਪੇਂਡੂ ਵਿਕਾਸ ਬੈਂਕਾਂ ਤੋਂ ਲਾਭ ਲੈਣ ਦੇ ਯੋਗ ਬਣਾਏਗਾ।
NEWS.4 ਪੰਜਾਬ ਸਰਕਾਰ ਹੁਣ ਘਰ-ਘਰ ਜਾ ਕੇ ਦੇਵੇਗੀ ਆਟਾ-ਦਾਲ ਸਕੀਮ, ਅੱਧ ਫਰਵਰੀ ਤੋਂ ਸਰਕਾਰ ਕਰ ਸਕਦੀ ਹੈ ਆਟਾ-ਦਾਲ ਦੀ ਹੋਮ ਡਲਿਵਰੀ ਸ਼ੁਰੂ
ਪੰਜਾਬ ਸਰਕਾਰ ਵੱਲੋਂ ਆਟਾ-ਦਾਲ ਸਕੀਮ ਘਰ-ਘਰ ਤੱਕ ਪਹੁੰਚਾਉਣ ਦੀ ਗੱਲ ਕਹੀ ਗਈ ਸੀ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਕਣਕ/ਆਟੇ ਦੀ ਹੋਮ ਡਲਿਵਰੀ ਫਰਵਰੀ ਅੱਧ ਤੋਂ ਸ਼ੁਰੂ ਕਰਨ ਜਾ ਰਹੀ ਹੈ। ਦੱਸ ਦਈਏ ਪੰਜਾਬ ਸਰਕਾਰ ਇਹ ਸਕੀਮ ਲੋਕ ਸਭਾ ਚੋਣਾਂ ਤੋਂ ਪਹਿਲਾਂ-ਪਹਿਲਾਂ ਸ਼ੁਰੂ ਕਰ ਸਕਦੀ ਹੈ। ਸੂਤਰਾਂ ਅਨੁਸਾਰ ਪਹਿਲਾ ਮੁੱਢਲੇ ਪੜਾਅ ਦੌਰਾਨ ਹੋਮ ਡਲਿਵਰੀ ਨੂੰ ਸੀਮਤ ਰੱਖਿਆ ਜਾਵੇਗਾ ਅਤੇ ਦੂਸਰੇ ਪੜਾਅ ਵਿੱਚ ਵਿਸਥਾਰ ਦਿੱਤਾ ਜਾਵੇਗਾ। ਦੱਸ ਦਈਏ ਪੰਜਾਬ ਸਰਕਾਰ ਫਰਵਰੀ ਵਿੱਚ 6.50 ਲੱਖ ਰਾਸ਼ਨ ਕਾਰਡ ਹੋਲਡਰਾਂ ਨੂੰ ਕਣਕ ਜਾਂ ਆਟੇ ਦੀ ਹੋਮ ਡਲਿਵਰੀ ਸ਼ੁਰੂ ਕਰੇਗੀ,ਜਿਸ ਨਾਲ ਕਰੀਬ 30 ਲੱਖ ਲਾਭਪਾਤਰੀਆਂ ਨੂੰ ਲਾਭ ਮਿਲੇਗਾ।
NEWS.5 ਪੰਜਾਬ -ਹਰਿਆਣਾ ਤੇ ਚੰਡੀਗੜ੍ਹ 'ਚ ਸੁੱਕੀ ਠੰਢ ਤੋਂ ਮਿਲੇਗੀ ਰਾਹਤ,ਆਉਣ ਵਾਲੇ ਦਿਨਾਂ ਤੱਕ ਪੰਜਾਬ ਤੇ ਹਰਿਆਣਾ'ਚ ਮੀਂਹ ਦੀ ਭਵਿੱਖਬਾਣੀ
ਉੱਤਰੀ ਭਾਰਤ ਵਿੱਚ ਠੰਢ ਤੇ ਧੁੰਦ ਨੇ ਆਪਣਾ ਕਹਿਰ ਲਗਾਤਾਰ ਕਹਿਰ ਵਰ੍ਹਾ ਰੱਖਿਆ ਹੈ। ਜਿਸ ਤੋਂ ਬਾਅਦ ਕੁਝ ਦਿਨਾਂ ਤੋਂ ਧੁੱਪ ਨਿਕਲਣ ਕਰਕੇ ਲੋਕਾਂ ਨੂੰ ਠੰਢ ਤੋਂ ਨਿਜ਼ਾਤ ਮਿਲੀ ਹੈ। ਉੱਥੇ ਹੀ ਮੌਸਮ ਵਿਭਾਗ ਨੇ ਪੰਜਾਬ ਤੇ ਹਰਿਆਣਾ ਵਿੱਚ 1 ਫਰਵਰੀ ਤੋਂ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਦੱਸ ਦਈਏ ਇਹ ਮੀਂਹ 1 ਫਰਵਰੀ ਤੋਂ ਸ਼ੁਰੂ ਹੋ ਕੇ 4 ਫਰਵਰੀ ਤੱਕ ਪੈ ਸਕਦਾ ਹੈ। ਮੌਸਮ ਵਿਗਿਆਨੀਆਂ ਅਨੁਸਾਰ ਮੀਂਹ ਦੇ ਨਾਲ ਹੀ ਲੋਕਾਂ ਨੂੰ ਸੰਘਣੀ ਧੁੰਦ ਤੇ ਸੀਤ ਲਹਿਰ ਤੋਂ ਰਾਹਤ ਮਿਲ ਸਕਦੀ ਹੈ। ਇਸ ਤੋਂ ਇਲਾਵਾ 2 ਨਵੀਆਂ ਪੱਛਮੀ ਗੜਬੜੀਆਂ ਦੀ ਸੰਭਾਵਨਾ ਕਰਕੇ ਵਿਗਿਆਨੀ ਮੀਂਹ ਅਤੇ ਬਰਫਬਾਰੀ ਦੀ ਭਵਿੱਖਬਾਣੀ ਵੀ ਕਰ ਰਹੇ ਹਨ।
Summary in English: Today 29 January 2024 Agriculture Big News