Training Course: ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਅਤੇ ਭਾਰਤੀ ਖੇਤੀ ਖੋਜ ਸੰਸਥਾ, ਨਵੀਂ ਦਿੱਲੀ ਦੇ ਅਧੀਨ ਕਾਰਜਸ਼ੀਲ ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਨੇ ਸਾਉਣੀ ਦੀਆਂ ਫਸਲਾਂ ਦੀ ਸੁਚੱਜੀ ਕਾਸ਼ਤ ਸਬੰਧੀ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਸੰਗਰੂਰ ਦੇ ਫੀਲਡ ਕਰਮਚਾਰੀਆਂ ਲਈ ਇੱਕ-ਦਿਨਾਂ ਸਿਖਲਾਈ ਕੋਰਸ ਲਗਾਇਆ।
ਇਸ ਮੌਕੇ ਡਾ. ਮਨਦੀਪ ਸਿੰਘ, ਐਸੋਸੀਏਟ ਡਾਇਰੈਕਟਰ (ਟਰੇਨਿੰਗ), ਕ੍ਰਿਸ਼ੀ ਵਿਗਿਆਨ ਕੇਂਦਰ, ਖੇੜੀ ਨੇ ਝੋਨੇ ਦੀਆਂ ਦਰਮਿਆਨੇ ਅਤੇ ਘੱਟ ਸਮੇਂ ਵਿੱਚ ਪੱਕਣ ਵਾਲੀਆਂ ਸਿਫਾਰਸ਼ ਕਿਸਮਾਂ, ਝੋਨੇ ਦੀ ਸਿੱਧੀ ਬਿਜਾਈ, ਨਰਮੇ ਦੀ ਸਮੇਂ ਸਿਰ ਬਿਜਾਈ, ਪਾਣੀ ਦੀ ਬੱਚਤ ਅਤੇ ਫਸਲੀ ਵੰਨ-ਸੁਵੰਨਤਾ ਬਾਰੇ ਵਿਚਾਰ ਸਾਂਝੇ ਕਰਦੇ ਹੋਏ ਸਮੂਹ ਕਰਮਚਾਰੀਆਂ ਦਾ ਸਵਾਗਤ ਕੀਤਾ।
ਉਨ੍ਹਾਂ ਵੱਖ-ਵੱਖ ਫਸਲਾਂ ਦੀਆਂ ਉਤਪਾਦਨ ਲਾਗਤਾਂ ਘਟਾ ਕੇ ਸ਼ੁੱਧ ਆਮਦਨ ਵਧਾਉਣ ਦੇ ਨੁਕਤੇ ਵੀ ਸਾਂਝੇ ਕੀਤੇ। ਡਾ. ਅਸ਼ੋਕ ਕੁਮਾਰ, ਸਹਾਇਕ ਪ੍ਰੋਫੈਸਰ (ਭੂਮੀ ਵਿਗਿਆਨ) ਨੇ ਮਿੱਟੀ ਦੇ ਨਮੂਨੇ ਲੈਣ ਦੀ ਸਹੀ ਢੰਗਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ।
ਇਹ ਵੀ ਪੜ੍ਹੋ : KVK Patiala ਵੱਲੋਂ ਕਿਸਾਨਾਂ ਲਈ ਸਮਰੱਥਾ ਨਿਰਮਾਣ ਪ੍ਰੋਗਰਾਮ ਦਾ ਆਯੋਜਨ
ਉਹਨਾਂ ਨੇ ਝੋਨੇ, ਬਾਸਮਤੀ, ਮੱਕੀ ਅਤੇ ਨਰਮੇ ਵਿੱਚ ਸੁਚੱਜੇ ਖਾਦ ਪ੍ਰਬੰਧਨ ਬਾਰੇ ਵਿਚਾਰ ਸਾਂਝੇ ਕੀਤੇ। ਉਹਨਾਂ ਸਿਖਿਆਰਥੀਆਂ ਨੂੰ ਝੋਨੇ/ਬਾਸਮਤੀ ਵਿੱਚ ਜ਼ਿੰਕ ਦੀ ਘਾਟ ਦੇ ਸਹੀ ਪ੍ਰਬੰਧ ਬਾਰੇ ਵਿਸਥਾਰਪੂਰਬਕ ਜਾਣਕਾਰੀ ਦਿੱਤੀ ਅਤੇ ਜ਼ਮੀਨ ਦੀ ਜੈਵਿਕ ਸਿਹਤ ਨੂੰ ਬਰਕਰਾਰ ਰੱਖਣ ਲਈ ਜੀਵਾਣੂੰ ਖਾਦਾਂ ਬਾਰੇ ਵੀ ਦੱਸਿਆ।
ਡਾ. ਅਮਨਦੀਪ ਕੌਰ, ਜ਼ਿਲ੍ਹਾ ਪਸਾਰ ਮਾਹਿਰ, ਫਾਰਮ ਸਲਾਹਕਾਰ ਸੇਵਾ ਕੇਂਦਰ, ਬਰਨਾਲਾ ਨੇ ਸਾਉਣੀ ਦੀਆਂ ਫਸਲਾਂ ਵਿੱਚ ਸਰਵਪੱਖੀ ਨਦੀਨ ਪ੍ਰਬੰਧ ਅਤੇ ਨਦੀਨਨਾਸ਼ਕਾਂ ਦੀਆਂ ਸਹੀ ਛਿੜਕਾਅ ਤਕਨੀਕਾਂ ਬਾਰੇ ਦੱਸਿਆ। ਡਾ. ਗੁਰਬੀਰ ਕੌਰ, ਸਹਾਇਕ ਪ੍ਰੋਫੈਸਰ (ਪੌਦ ਸੁਰੱਖਿਆ) ਨੇ ਝੋਨੇ ਅਤੇ ਬਾਸਮਤੀ ਵਿੱਚ ਆਉਣ ਵਾਲੀਆਂ ਬਿਮਾਰੀਆਂ ਖਾਸ ਤੌਰ ਤੇ ਝੂਠੀ ਕਾਂਗਿਆਰੀ, ਭੂਰੜ ਰੋਗ, ਤਣੇ ਦੁਆਰੇ ਪੱਤਿਆਂ ਦਾ ਝੁਲਸ ਰੋਗ, ਝੰਡਾ ਰੋਗ ਆਦਿ ਅਤੇ ਕੀੜੇ-ਮਕੌੜਿਆਂ ਬਾਰੇ ਵਿਸਥਾਰਪੂਰਬਕ ਦੱਸਿਆ।
ਇਹ ਵੀ ਪੜ੍ਹੋ : Bathinda ਦੇ Krishi Vigyan Kendra ਵੱਲੋਂ ਬੀਬੀਆਂ ਲਈ ਸਿਖਲਾਈ ਕੋਰਸ
ਉਨ੍ਹਾਂ ਨਰਮੇ ਵਿੱਚ ਏਕੀਕ੍ਰਿਤ ਕੀਟ ਅਤੇ ਰੋਗ ਪ੍ਰਬੰਧ ਬਾਰੇ ਵੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਡਾ. ਸੁਨੀਲ ਕੁਮਾਰ, ਸਹਾਇਕ ਪ੍ਰੋਫੈਸਰ (ਫਾਰਮ ਮਸ਼ੀਨਰੀ) ਨੇ ਝੋਨੇ ਦੀ ਸਿੱਧੀ ਬਿਜਾਈ ਵਾਲੀਆਂ ਮਸ਼ੀਨਾਂ, ਲੇਜ਼ਰ ਲੈਂਡ ਲੈਵਲਰ ਅਤੇ ਝੋਨੇ ਦੀ ਮਸ਼ੀਨੀ ਲਵਾਈ ਬਾਰੇ ਵਿਚਾਰ ਸਾਂਝੇ ਕੀਤੇ। ਅਖੀਰ ਵਿੱਚ ਸਿਖਿਆਰਥੀਆਂ ਨੂੰ ਝੋਨੇ, ਬਾਸਮਤੀ ਅਤੇ ਨਰਮੇ ਸਬੰਧੀ ਪੀਏਯੂ ਵੱਲੋਂ ਪ੍ਰਕਾਸ਼ਿਤ ਖੇਤੀ ਸਾਹਿਤ ਵੀ ਮੁਹੱਈਆ ਕਰਵਾਇਆ ਗਿਆ।
ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU)
Summary in English: Training course by KVK Sangrur for kharif crops