ਪੀ.ਏ.ਯੂ. ਲੁਧਿਆਣਾ ਦੇ ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ ਵਲੋਂ ਨੌ-ਰੋਜ਼ਾ ਸਿਖਲਾਈ ਵਰਕਸ਼ਾਪ ਕਰਵਾਈ ਜਾ ਰਹੀ ਹੈ। ਇਹ ਵਰਕਸ਼ਾਪ ਕਣਕ ਵਿੱਚ ਉੱਨਤ ਬਾਇਓਤਕਨੀਕੀ ਕੋਸ਼ਿਸ਼ਾਂ ਉੱਪਰ ਕੇਂਦਰਿਤ ਹੈ। ਇਹ ਵਿਆਪਕ ਵਰਕਸ਼ਾਪ ਬਾਇਓਟੈਕਨਾਲੋਜੀ ਇੰਡਸਟਰੀ ਰਿਸਰਚ ਅਸਿਸਟੈਂਸ ਕੌਂਸਲ, ਨਵੀਂ ਦਿੱਲੀ ਅਤੇ ਸੰਯੁਕਤ ਰਾਜ ਏਜੰਸੀ ਫਾਰ ਇੰਟਰਨੈਸ਼ਨਲ ਡਿਵੈਲਪਮੈਂਟ ਦੁਆਰਾ ਸਾਂਝੇ ਤੌਰ 'ਤੇ ਪ੍ਰਾਯੋਜਿਤ ਪ੍ਰੋਜੈਕਟ ਦੇ ਹਿੱਸੇ ਵਜੋਂ ਕਾਰਵਾਈ ਜਾ ਰਹੀ ਹੈ।
ਹੈਂਡ-ਆਨ ਵਰਕਸ਼ਾਪ ਦਾ ਸੰਚਾਲਨ ਪੀਏਯੂ ਦੇ ਸਾਬਕਾ ਵਿਦਿਆਰਥੀ, ਵਾਸ਼ਿੰਗਟਨ ਸਟੇਟ ਯੂਨੀਵਰਸਿਟੀ ਅਮਰੀਕਾ ਦੇ ਪ੍ਰੋਫ਼ੈਸਰ ਅਤੇ ਪ੍ਰੋਜੈਕਟ ਡਾਇਰੈਕਟਰ ਅਤੇ ਵਿਭਾਗ ਦੇ ਪ੍ਰਿੰਸੀਪਲ ਕਣਕ ਬਰੀਡਰ ਡਾ. ਕੁਲਵਿੰਦਰ ਸਿੰਘ ਗਿੱਲ ਅਤੇ ਡਾ. ਜੌਹਰ ਸਿੰਘ ਦੁਆਰਾ ਕੀਤਾ ਗਿਆ।
ਦੱਸ ਦੇਈਏ ਕਿ ਇਸ ਸਿਖਲਾਈ ਵਰਕਸ਼ਾਪ ਵਿੱਚ ਲਗਭਗ 50 ਦੇ ਕਰੀਬ ਪੀਐਚਡੀ ਵਿਦਿਆਰਥੀ, ਖੋਜ ਸਹਿਯੋਗੀ, ਅਤੇ ਵੱਖ-ਵੱਖ ਸਹਿਯੋਗੀ ਯੂਨੀਵਰਸਿਟੀਆਂ ਅਤੇ ਪੀਏਯੂ ਦੇ ਵਿਗਿਆਨੀ ਸ਼ਾਮਲ ਹੋਏ। ਵਰਕਸ਼ਾਪ ਦੌਰਾਨ ਸਿਧਾਂਤਕ ਚਰਚਾਵਾਂ ਅਤੇ ਵਿਹਾਰਕ ਸਿਖਲਾਈ ਨੂੰ ਸਿਖਿਆਰਥੀਆਂ ਦੀ ਜਾਣਕਾਰੀ ਦਾ ਹਿੱਸਾ ਬਣਾਇਆ ਜਾਵੇਗਾ।
ਉਦਘਾਟਨੀ ਸਮਾਗਮ ਦੌਰਾਨ ਪੀਏਯੂ ਦੇ ਵਾਈਸ-ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਡਾ. ਕੁਲਵਿੰਦਰ ਸਿੰਘ ਗਿੱਲ ਨਾਲ ਲੰਬੇ ਸਮੇਂ ਤੋਂ ਚੱਲ ਰਹੇ ਸਹਿਯੋਗ ਦੀ ਸ਼ਲਾਘਾ ਕਰਦੇ ਹੋਏ ਪਿਛਲੇ ਇਕ ਦਹਾਕੇ ਦੌਰਾਨ ਸੰਸਥਾ ਲਈ ਪਾਏ ਮਹੱਤਵਪੂਰਨ ਯੋਗਦਾਨ ਦੀ ਪ੍ਰਸ਼ੰਸਾ ਕੀਤੀ। ਡਾ. ਗੋਸਲ ਨੇ ਇੱਕ ਪ੍ਰੇਰਣਾਦਾਇਕ ਭਾਸ਼ਣ ਦੌਰਾਨ ਫਸਲਾਂ ਦੇ ਸੁਧਾਰ ਵਿੱਚ ਬਾਇਓਟੈਕਨਾਲੋਜੀਕਲ ਵਿਧੀਆਂ ਦੀ ਅਹਿਮ ਭੂਮਿਕਾ ਬਾਰੇ ਚਾਨਣਾ ਪਾਇਆ।
ਡਾ. ਅਜਮੇਰ ਸਿੰਘ ਢੱਟ, ਪੀਏਯੂ ਦੇ ਨਿਰਦੇਸ਼ਕ ਖੋਜ ਨੇ ਯੂਨੀਵਰਸਿਟੀ ਦੇ ਇਤਿਹਾਸਕ ਯੋਗਦਾਨ ਨੂੰ ਉਜਾਗਰ ਕੀਤਾ ਅਤੇ ਸਾਂਝੇ ਪ੍ਰੋਜੈਕਟ ਦੇ ਖੋਜ ਨਤੀਜਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਉਨ੍ਹਾਂ ਨੇ ਡਾ. ਕੁਲਵਿੰਦਰ ਗਿੱਲ ਦੇ ਲਗਾਤਾਰ ਖੋਜ ਸਹਿਯੋਗ ਲਈ ਅਤੇ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਸਿਖਲਾਈ ਵਰਕਸ਼ਾਪਾਂ ਦਾ ਆਯੋਜਨ ਕਰਨ ਲਈ ਧੰਨਵਾਦ ਕੀਤਾ।
ਪਲਾਂਟ ਬਰੀਡਿੰਗ ਵਿਭਾਗ ਦੇ ਮੁਖੀ ਡਾ. ਵਰਿੰਦਰ ਸਿੰਘ ਸੋਹੂ ਨੇ ਦੱਸਿਆ ਕਿ ਇਸ ਪ੍ਰੋਜੈਕਟ ਅਧੀਨ ਪਹਿਲਾਂ ਹੀ ਕਈ ਸਿਖਲਾਈ ਵਰਕਸ਼ਾਪਾਂ ਲਗਾਈਆਂ ਜਾ ਚੁੱਕੀਆਂ ਹਨ। ਉਨ੍ਹਾਂ ਨੇ ਪਤਵੰਤਿਆਂ ਦਾ ਨਿੱਘਾ ਸਵਾਗਤ ਕੀਤਾ ਅਤੇ ਪ੍ਰੋਗਰਾਮ ਬਾਰੇ ਸੰਖੇਪ ਜਾਣਕਾਰੀ ਦਿੱਤੀ।
Summary in English: Training workshop on advanced biotechnology techniques in wheat