ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੀ ਸੰਸਥਾ ਵਿਕਾਸ ਯੋਜਨਾ ਇਕਾਈ ਵਲੋਂ ’ਭਾਰਤ ਵਿਚ ਡੇਅਰੀ : ਸੰਭਾਵਨਾਵਾਂ ਅਤੇ ਚੁਣੌਤੀਆਂ’ ਵਿਸ਼ੇ ’ਤੇ ਭਾਸ਼ਣ ਕਰਵਾਇਆ ਗਿਆ।ਡਾ. ਰਾਮੇਸ਼ਵਰ ਸਿੰਘ, ਉਪ-ਕੁਲਪਤੀ, ਬਿਹਾਰ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਪਟਨਾ ਉਚੇਚੇ ਤੌਰ ’ਤੇ ਬਤੌਰ ਮੁੱਖ ਬੁਰਾਲੇ ਇਸ ਭਾਸ਼ਣ ਲਈ ਪਧਾਰੇ।
ਡਾ. ਰਾਮੇਸ਼ਵਰ ਸਿੰਘ ਇਕ ਉੱਘੇ ਡੇਅਰੀ ਵਿਗਿਆਨੀ ਹਨ ਅਤੇ ਬਿਹਾਰ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਮੋਢੀ ਉਪ-ਕੁਲਪਤੀ ਹਨ।ਉਹ ਹੁਣ ਤਕ ਕਈ ਅਹਿਮ ਸੰਸਥਾਵਾਂ ਜਿਵੇਂ ਇੰਡੀਅਨ ਵੈਟਨਰੀ ਖੋਜ ਸੰਸਥਾ ਅਤੇ ਰਾਸ਼ਟਰੀ ਡੇਅਰੀ ਖੋਜ ਸੰਸਥਾ ਵਿਖੇ ਮਹੱਤਵਪੂਰਣ ਪ੍ਰਬੰਧਕੀ ਅਹੁਦਿਆਂ ’ਤੇ ਸੇਵਾ ਨਿਭਾ ਚੁੱਕੇ ਹਨ।ਉਨ੍ਹਾਂ ਨੇ ਦੁੱਧ ਤੋਂ ਤਿਆਰ ਹੋਣ ਵਾਲੇ ਉਤਪਾਦ ਜਿਨ੍ਹਾਂ ਨੂੰ ਜਾਗ ਲਗਾ ਕੇ ਬਣਾਇਆ ਜਾਂਦਾ ਹੈ ਜਿਵੇਂ ਕਿ ਦਹੀਂ ਆਦਿ ਸੰਬੰਧੀ ਰਾਸ਼ਟਰੀ ਪੱਧਰ ਤੇ ਪੂਰਾ ਸੰਗ੍ਰਹਿ ਤਿਆਰ ਕੀਤਾ ਹੈ ਜੋ ਕਿ ਭਾਰਤ ਵਿਚ ਉਨ੍ਹਾਂ ਰਾਹੀਂ ਤਿਆਰ ਕੀਤੀ ਇਕਲੌਤੀ ਸਹੂਲਤ ਹੈ।
ਸੰਸਥਾ ਵਿਕਾਸ ਯੋਜਨਾ ਦੇ ਮੁੱਖ ਨਿਰੀਖਕ ਅਤੇ ਵੈਟਨਰੀ ਸਾਇੰਸ ਕਾਲਜ ਦੇ ਡੀਨ, ਡਾ. ਸਰਵਪ੍ਰੀਤ ਸਿੰਘ ਘੁੰਮਣ ਨੇ ਇਸ ਵਿਸ਼ੇ ਦੀ ਮਹੱਤਤਾ ਬਾਰੇ ਜਾਣੂ ਕਰਵਾਉਂਦਿਆਂ ਗੱਲ ਸ਼ੁਰੂ ਕੀਤੀ।ਉਨ੍ਹਾ ਕਿਹਾ ਕਿ ਡੇਅਰੀ ਭਾਰਤੀ ਅਰਥਵਿਵਸਥਾ ਦੀ ਰੀੜ ਦੀ ਹੱਡੀ ਹੈ ਅਤੇ ਇਸ ਕਿੱਤੇ ਨਾਲ ਭਾਰਤ ਦੇ 8 ਕਰੋੜ ਪਰਿਵਾਰ ਜੁੜੇ ਹੋਏ ਹਨ।ਡਾ. ਰਾਮੇਸ਼ਵਰ ਸਿੰਘ ਨੇ ਆਪਣੇ ਗਿਆਨ ਵਧਾਊ ਭਾਸ਼ਣ ਵਿਚ ਜਿਥੇ ਭਾਰਤੀ ਡੇਅਰੀ ਖੇਤਰ ਬਾਰੇ ਚਰਚਾ ਕੀਤੀ ਉਥੇ ਉਨ੍ਹਾਂ ਨੇ ਇਸ ਖੇਤਰ ਵਿਚ ਕਿਸਾਨਾਂ ਅਤੇ ਉਦਮੀਆਂ ਨੂੰ ਦਰਪੇਸ਼ ਚੁਣੌਤੀਆਂ ਬਾਰੇ ਵੀ ਵਿਸਥਾਰ ਵਿਚ ਦੱਸਿਆ।ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਡੇਅਰੀ ਉਦਯੋਗ ਨੂੰ ਆਪਣੇ ਉਤਪਾਦਾਂ ਦੇ ਤਾਜ਼ਾ ਰਹਿਣ ਦਾ ਸਮਾਂ ਵਧਾਉਣ ’ਤੇ ਕੰਮ ਕਰਨਾ ਚਾਹੀਦਾ ਹੈ ਕਿਉਂਕਿ ਵਧੇਰੇ ਸਮੇਂ ਤਕ ਉਤਪਾਦਾਂ ਨੂੰ ਤਾਜ਼ਾ ਰੱਖਣਾ ਸਮੇਂ ਦੀ ਲੋੜ ਹੈ।ਉਨ੍ਹਾਂ ਇਹ ਵੀ ਕਿਹਾ ਕਿ ਸਾਨੂੰ ਨਸਲ ਬਿਹਤਰੀ, ਪਸ਼ੂ ਸਿਹਤ ਅਤੇ ਪੌਸ਼ਟਿਕਤਾ ਦੇ ਖੇਤਰ ਵਿਚ ਵੀ ਮਿਲ ਕੇ ਕੰਮ ਕਰਨਾ ਚਾਹੀਦਾ ਹੈ।ਖੋਜੀਆਂ ਅਤੇ ਨੀਤੀਘਾੜਿਆਂ ਨੂੰ ਆਪਸ ਵਿਚ ਤਾਲਮੇਲ ਬਨਾਉਣਾ ਚਾਹੀਦਾ ਹੈ ਜਿਸ ਨਾਲ ਕਿ ਇਸ ਉਦਯੋਗ ਦਾ ਵਿਕਾਸ ਹੋ ਸਕੇ।
ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ, ਵੈਟਨਰੀ ਯੂਨੀਵਰਸਿਟੀ ਨੇ ਇਸ ਗੱਲ ’ਤੇ ਖੁਸ਼ੀ ਪ੍ਰਗਟਾਈ ਕਿ ਸੰਸਥਾ ਵਿਕਾਸ ਯੋਜਨਾ ਇਕਾਈ ਵਲੋਂ ਬੜੇ ਮਹੱਤਵਪੂਰਣ ਵਿਸ਼ੇ ਜੋ ਕਿ ਪਸ਼ੂ ਉਦਯੋਗ ਨਾਲ ਸੰਬੰਧਿਤ ਹੈ ਉਨ੍ਹਾਂ ਉਤੇ ਮਾਹਿਰ ਬੁਲਾਰਿਆਂ ਦੇ ਭਾਸ਼ਣ ਕਰਵਾਏ ਜਾ ਰਹੇ ਹਨ।ਉਨ੍ਹਾਂ ਕਿਹਾ ਕਿ ਸਾਨੂੰ ਇਸ ਗੱਲ ’ਤੇ ਕੇਂਦਰਿਤ ਹੋਣਾ ਚਾਹੀਦਾ ਹੈ ਕਿ ਨਵੀਆਂ ਤਕਨਾਲੋਜੀਆਂ ਅਤੇ ਕਿਸਾਨੀ ਨੀਤੀਆਂ ਤਿਆਰ ਕੀਤੀਆਂ ਜਾਣ।ਡਾ. ਰਮਨੀਕ, ਡੀਨ, ਕਾਲਜ ਆਫ ਡੇਅਰੀ ਸਾਇੰਸ ਅਤੇ ਤਕਨਾਲੋਜੀ ਨੇ ਸਮਾਗਮ ਦੀ ਸੰਪੂਰਨਤਾ ’ਤੇ ਸਾਰਿਆਂ ਦਾ ਧੰਨਵਾਦ ਕੀਤਾ।
ਲੋਕ ਸੰਪਰਕ ਦਫਤਰ
ਨਿਰਦੇਸ਼ਾਲਾ ਵਿਦਿਆਰਥੀ ਭਲਾਈ ਅਤੇ ਮਿਲਖ ਅਫਸਰ
ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ
Summary in English: Veterinary University discusses 'Dairy in India: Possibilities and Challenges'