ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਵਿਦਿਅਕ ਕੋਰਸਾਂ ਵਿਚ ਦਾਖਲੇ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ।ਵੈਟਨਰੀ, ਮੱਛੀ ਅਤੇ ਡੇਅਰੀ ਵਿਗਿਆਨ ਵਿਚ ਸਿੱਖਿਆ ਪ੍ਰਾਪਤੀ ਦਾ ਰੁਝਾਨ ਬਹੁਤ ਵੱਧ ਰਿਹਾ ਹੈ।ਇਸੇ ਨੁਕਤੇ ਨੂੰ ਧਿਆਨ ਵਿਚ ਰੱਖਦਿਆਂ ਹੋਇਆਂ ਭਾਰਤ ਸਰਕਾਰ ਨੇ ਵੀ ਮੱਛੀ, ਪਸ਼ੂ ਪਾਲਣ ਅਤੇ ਡੇਅਰੀ ਦੇ ਨਵੇਂ ਮੰਤਰਾਲੇ ਦਾ ਗਠਨ ਕੀਤਾ ਹੈ।
ਪੂਰਵ ਸਥਾਪਿਤ ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਵਿਭਾਗ ਦਾ ਦੁਬਾਰਾ ਗਠਨ ਕਰਕੇ ਮੱਛੀ ਪਾਲਣ ਸੰਬੰਧੀ ਵੱਖਰਾ ਵਿਭਾਗ ਸਥਾਪਿਤ ਕੀਤਾ ਗਿਆ ਅਤੇ ਪਸ਼ੂ ਪਾਲਣ ਅਤੇ ਡੇਅਰੀ ਦਾ ਵੱਖਰਾ ਵਿਭਾਗ ਬਣਾਇਆ ਗਿਆ ਹੈ।ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ, ਵੈਟਨਰੀ ਯੂਨੀਵਰਸਿਟੀ ਨੇ ਇਹ ਜਾਣਕਾਰੀ ਸਾਂਝਿਆਂ ਕਰਦਿਆਂ ਦੱਸਿਆ ਕਿ ਭਾਰਤ ਸਰਕਾਰ ਇਨ੍ਹਾਂ ਤਿੰਨਾਂ ਖੇਤਰਾਂ ਵਿਚ ਵੱਡੇ ਪੱਧਰ ’ਤੇ ਆਰਥਿਕ ਨਿਵੇਸ਼ ਕਰ ਰਹੀ ਹੈ।ਪਿਛਲੇ ਵਰ੍ਹੇ ਹੀ ਕੇਂਦਰੀ ਕੈਬਨਿਟ ਨੇ ’ਪਸ਼ੂ ਪਾਲਣ ਆਧਾਰ ਭੂਤ ਢਾਂਚਾ ਵਿਕਾਸ ਫੰਡ’ ਤਹਿਤ 15000 ਕਰੋੜ ਰੁਪਏ ਦੇ ਫੰਡ ਦੀ ਪ੍ਰਵਾਨਗੀ ਦਿੱਤੀ ਹੈ।ਇਸ ਨਾਲ 35 ਲੱਖ ਨਵੇਂ ਰੁਜ਼ਗਾਰ ਮੌਕੇ ਤਿਆਰ ਹੋਣਗੇ।
ਉਨ੍ਹਾਂ ਦੱਸਿਆ ਕਿ ਵੈਟਨਰੀ ਯੂਨੀਵਰਸਿਟੀ, ਲੁਧਿਆਣਾ, ਭਾਰਤੀ ਖੇਤੀ ਖੋਜ ਪਰਿਸ਼ਦ ਦੀ ਰੈਂਕਿੰਗ ਪ੍ਰਣਾਲੀ ਵਿਚ ਮੁਲਕ ਦੀ ਸਰਵਉਤਮ ਯੂਨੀਵਰਸਿਟੀ ਘੋੋਸ਼ਿਤ ਕੀਤੀ ਗਈ ਹੈ ਅਤੇ ਇਹ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਨੂੰ ਸਿੱਖਿਆ ਦੇ ਰਹੀ ਹੈ।ਇਥੋਂ ਸਿੱਖਿਆ ਪ੍ਰਾਪਤ ਵਿਦਿਆਰਥੀ ਸਰਕਾਰੀ ਅਤੇ ਨਿਜੀ ਸੰਗਠਨਾਂ ਦੇ ਕਈ ਖੇਤਰਾਂ ਵਿਚ ਰੁਜ਼ਗਾਰ ਪ੍ਰਾਪਤ ਕਰ ਸਕਦੇ ਹਨ।ਇਸ ਤੋਂ ਇਲਾਵਾ ਉਹ ਨਿਜੀ ਖੇਤਰ ਵਿਚ ਵੀ ਆਪਣੀ ਪ੍ਰੈਕਟਿਸ ਜਾਂ ਉਦਮ ਸਥਾਪਿਤ ਕਰ ਸਕਦੇ ਹਨ।
ਵੈਟਨਰੀ ਗ੍ਰੈਜੂਏਟਾਂ ਲਈ ਵਿਦੇਸ਼ ਵਿਚ ਵੀ ਬਹੁਤ ਮੌਕੇ ਉਪਲਬਧ ਹਨ।ਅਮਰੀਕਾ ਵਲੋਂ ਆਪਣੇ ਮੁਲਕ ਵਿਚ ਪ੍ਰੈਕਟਿਸ ਕਰਨ ਹਿਤ ਇਕ ਦਾਖਲਾ ਪ੍ਰੀਖਿਆ ਲਈ ਜਾਂਦੀ ਹੈ ਜਿਸ ਨੂੰ ਪਾਸ ਕਰਕੇ ਉਮੀਦਵਾਰ ਨੂੰ ਅਮਰੀਕਾ ਅਤੇ ਕੈਨੇਡਾ ਵਿਚ ਪ੍ਰੈਕਟਿਸ ਕਰਨ ਦਾ ਲਾਇਸੰਸ ਮਿਲ ਜਾਂਦਾ ਹੈ।ਯੂਨੀਵਰਸਿਟੀ ਇਸ ਦੀ ਤਿਆਰੀ ਹਿਤ ਵੀ ਉਮੀਦਵਾਰਾਂ ਨੂੰ ਇਕ ਮਹੀਨੇ ਦਾ ਸਿਖਲਾਈ ਕੋਰਸ ਕਰਵਾਉਂਦੀ ਹੈ।ਇਸ ਵਕਤ ਯੂਨੀਵਰਸਿਟੀ ਅਮਰੀਕਾ ਆਧਾਰਿਤ ਇਕ ਬਹੁ-ਵੈਟਨਰੀ ਹਸਪਤਾਲਾਂ ਵਾਲੀ ਕੰਪਨੀ ਨਾਲ ਸਮਝੌਤਾ ਪ੍ਰਕਿਰਿਆ ਵਿਚ ਵੀ ਹੈ ਜੋ ਕਿ ਸਾਡੇ ਵਿਦਿਆਰਥੀਆਂ ਨੂੰ ਅਮਰੀਕੀ ਪ੍ਰੀਖਿਆ ਪਾਸ ਕਰਨ, ਵੀਜ਼ਾ ਪ੍ਰਾਪਤ ਕਰਨ ਅਤੇ ਰੁਜ਼ਗਾਰ ਪ੍ਰਾਪਤੀ ਵਿਚ ਸਹਾਈ ਹੋ ਸਕੇ।
ਉਨ੍ਹਾਂ ਕਿਹਾ ਕਿ ਸਾਡੇ ਵੈਟਨਰੀ, ਮੱਛੀ ਅਤੇ ਡੇਅਰੀ ਵਿਗਿਆਨ ਦੇ ਕੋਰਸਾਂ ਵਿਚ ਬਿਹਤਰ ਰੁਜ਼ਗਾਰ ਸੰਭਾਵਨਾਵਾਂ ਉਪਲਬਧ ਹਨ।ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਇਨ੍ਹਾਂ ਖੇਤਰਾਂ ਦੀ ਉਨਤੀ ਲਈ ਕਾਫੀ ਗਤੀਸ਼ੀਲ ਹਨ।ਇਨ੍ਹਾਂ ਖੇਤਰਾਂ ਵਿਚ ਵਿਸ਼ੇਸ਼ ਮੁਹਾਰਤ ਵਾਲੇ ਵਿਦਿਆਰਥੀਆਂ ਨੂੰ ਜੀਵਨ ਵਿਚ ਚੰਗੇ ਮੌਕੇ ਮਿਲਦੇ ਹਨ।ਦਾਖਲਾ ਪ੍ਰਕਿਰਿਆ ਸੰਬੰਧੀ ਕਿਸੇ ਹੋਰ ਜਾਣਕਾਰੀ ਲਈ ਯੂਨੀਵਰਸਿਟੀ ਦੀ ਵੈਬਸਾਈਟ www.gadvasu.in ’ਤੇ ਸੰਪਰਕ ਕੀਤਾ ਜਾ ਸਕਦਾ ਹੈ।
ਲੋਕ ਸੰਪਰਕ ਦਫਤਰ
ਨਿਰਦੇਸ਼ਾਲਾ ਵਿਦਿਆਰਥੀ ਭਲਾਈ ਅਤੇ ਮਿਲਖ ਅਫਸਰ
ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ
Summary in English: Veterinary University is strengthening the education system to address the challenges of national and international needs