Workshop: ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਸੈਂਟਰ ਫਾਰ ਵਨ ਹੈਲਥ ਵੱਲੋਂ ਇਕ ਦਿਨਾਂ ਕਾਰਜਸ਼ਾਲਾ ਕਰਵਾਈ ਗਈ, ਜਿਸ ਦਾ ਵਿਸ਼ਾ ਸੀ ‘ਭਾਰਤ ਵਿੱਚ ਪਸ਼ੂਆਂ ਤੋਂ ਮਨੁੱਖਾਂ ਨੂੰ ਹੋਣ ਵਾਲੀਆਂ ਬਿਮਾਰੀਆਂ ਸੰਬੰਧੀ ਵਨ ਹੈਲਥ ਪਹੁੰਚ’।
ਇਹ ਕਾਰਜਸ਼ਾਲਾ ਇਸ ਖੇਤਰ ਵਿੱਚ ਪੇਸ਼ੇਵਰ ਮੁਹਾਰਤ, ਕੌਸ਼ਲ ਅਤੇ ਸਾਧਨ ਕੁਸ਼ਲਤਾ ਦੇਣ ਹਿਤ ਕਾਲਜ ਆਫ ਵੈਟਨਰੀ ਸਾਇੰਸ ਲੁਧਿਆਣਾ, ਕਾਲਜ ਆਫ ਵੈਟਨਰੀ ਸਾਇੰਸ, ਰਾਮਪੁਰਾ ਫੂਲ ਅਤੇ ਕਾਲਜ ਆਫ ਵੈਟਨਰੀ ਅਤੇ ਐਂਡ ਐਨੀਮਲ ਸਾਇੰਸਜ਼, ਅੰਮ੍ਰਿਤਸਰ ਦੇ ਖੋਜਾਰਥੀਆਂ ਅਤੇ ਅਧਿਆਪਕਾਂ ਲਈ ਕਰਵਾਈ ਗਈ। ਇਸ ਕਾਰਜਸ਼ਾਲਾ ਲਈ ਇੰਟਰਨੈਸ਼ਨਲ ਨੈਟਵਰਕ ਫਾਰ ਗੌਰਮਿੰਟ ਸਾਇੰਸ ਅਡਵਾਈਸ (ਏਸ਼ੀਆ ਖੇਤਰ) ਨੇ ਸਹਿਯੋਗ ਦਿੱਤਾ।
ਇਸ ਉਪਰਾਲੇ ਬਾਰੇ ਦੱਸਦਿਆਂ ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਕਿਹਾ ਕਿ ਯੂਨੀਵਰਸਿਟੀ ਵਨ ਹੈਲਥ ਪਹੁੰਚ ਲਈ ਪੂਰੀ ਤਰ੍ਹਾਂ ਪ੍ਰਤਿਬੱਧ ਹੈ ਕਿਉਕਿ ਸਾਰੀਆਂ ਉਭਰ ਰਹੀਆਂ ਬਿਮਾਰੀਆਂ ਜਿਨ੍ਹਾਂ ਨਾਲ ਜਨਤਕ ਸਿਹਤ ਨੂੰ ਖ਼ਤਰਾ ਹੈ ਤੋਂ ਬਚਾਅ ਲਈ ਸਾਨੂੰ ਅਜਿਹੇ ਯਤਨ ਕਰਨੇ ਲੋੜੀਂਦੇ ਹਨ। ਉਨ੍ਹਾਂ ਕਿਹਾ ਕਿ ਇਹ ਗਿਆਨ ਅਤੇ ਵਿਚਾਰਾਂ ਦੇ ਵਟਾਂਦਰੇ ਵਾਸਤੇ ਇਕ ਬਹੁਤ ਵਧੀਆ ਮੰਚ ਹੈ।
ਡਾ. ਅਨਿਲ ਕੁਮਾਰ ਅਰੋੜਾ, ਨਿਰਦੇਸ਼ਕ ਖੋਜ ਨੇ ਕਾਰਜਸ਼ਾਲਾ ਦੇ ਵਿਸ਼ੇਸ਼ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। ਉਨ੍ਹਾਂ ਨੇ ਵਨ ਹੈਲਥ ਖੇਤਰ ਵਿੱਚ ਯੂਨੀਵਰਸਿਟੀ ਵੱਲੋਂ ਕੀਤੀਆਂ ਜਾ ਰਹੀਆਂ ਖੋਜ ਗਤੀਵਿਧੀਆਂ ਬਾਰੇ ਚਾਨਣਾ ਪਾਇਆ ਅਤੇ ਕਿਹਾ ਕਿ ਅਸੀਂ ਸਮਰੱਥਾ ਉਸਾਰੀ ਨਾਲ ਮਨੁੱਖਾਂ, ਜਾਨਵਰਾਂ ਅਤੇ ਵਾਤਾਵਰਣ ਦੀ ਸਿਹਤ ਨੂੰ ਨਵੇਂ ਪਰਿਪੇਖ ਵਿੱਚ ਵੇਖ ਰਹੇ ਹਾਂ।
ਡਾ. ਜਸਬੀਰ ਸਿੰਘ ਬੇਦੀ, ਨਿਰਦੇਸ਼ਕ ਸੈਂਟਰ ਫਾਰ ਵਨ ਹੈਲਥ ਨੇ ਆਪਣੀ ਮੁੱਖ ਟਿੱਪਣੀ ਵਿੱਚ ਦੱਸਿਆ ਕਿ ਇਹ ਕੇਂਦਰ ਪਸ਼ੂਆਂ ਤੋਂ ਮਨੁੱਖਾਂ ਨੂੰ ਹੋਣ ਵਾਲੀਆਂ ਬਿਮਾਰੀਆਂ ਅਤੇ ਜਨਤਕ ਸਿਹਤ ਦੀ ਸੰਭਾਲ ਲਈ ਵਿਸ਼ੇਸ਼ ਕੰਮ ਕਰ ਰਿਹਾ ਹੈ। ਉਨ੍ਹਾਂ ਨੇ ਇਸ ਖੇਤਰ ਵਿੱਚ ਵੈਟਨਰੀ ਪੇਸ਼ੇਵਰਾਂ ਦੀ ਮਹੱਤਤਾ ਨੂੰ ਵੀ ਉਜਾਗਰ ਕੀਤਾ।
ਇਹ ਵੀ ਪੜ੍ਹੋ: Hoshiarpur ਦੇ ਪਿੰਡ ਬੁਗਰਾ ਵਿਖੇ ਕਣਕ ਦੀ ਸਿੱਧੀ ਬਿਜਾਈ ਦੀਆਂ ਪ੍ਰਦਰਸ਼ਨੀਆਂ, Progressive Farmer ਤਰਨਜੀਤ ਸਿੰਘ ਦੇ ਫਾਰਮ ਤੋਂ ਮਾਹਿਰਾਂ ਦੇ ਦਿੱਤਾ ਸੁਨੇਹਾ
ਡਾ. ਪੰਕਜ ਢਾਕਾ, ਪ੍ਰਬੰਧਕੀ ਸਕੱਤਰ ਨੇ ਪਸ਼ੂਆਂ ਤੋਂ ਮਨੁੱਖਾਂ ਨੂੰ ਹੋਣ ਵਾਲੀਆਂ ਬਿਮਾਰੀਆਂ ਦੇ ਇਤਿਹਾਸਕ ਪਿਛੋਕੜ ਸੰਬੰਧੀ ਚਾਨਣਾ ਪਾਇਆ ਅਤੇ ਦੱਸਿਆ ਕਿ ਇਹ ਕਿਸ ਢੰਗ ਨਾਲ ਸਮਾਜਿਕ-ਆਰਥਿਕ ਢਾਂਚੇ ਨੂੰ ਪ੍ਰਭਾਵਿਤ ਕਰਦੀਆਂ ਹਨ। ਇਸ ਕੇਂਦਰ ਦੇ ਵਿਭਿੰਨ ਅਧਿਆਪਕਾਂ ਵੱਲੋਂ ਵੱਖ-ਵੱਖ ਵਿਸ਼ਿਆਂ ’ਤੇ ਮੁਹਾਰਤ ਭਾਸ਼ਣ ਦਿੱਤੇ ਗਏ ਅਤੇ ਵਿਹਾਰਕ ਹੱਲ ਦੱਸੇ ਗਏ।
Summary in English: Veterinary University organizes workshop on One Health concept, a great platform for knowledge and discussion: VC Dr. J.P.S. Gill