ਪਸ਼ੂਧਨ ਉਤਪਾਦ ਤਕਨਾਲੋਜੀ ਵਿਭਾਗ, ਕਾਲਜ ਆਫ਼ ਵੈਟਨਰੀ ਸਾਇੰਸ, ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ’ਇੰਡੀਅਨ ਮੀਟ ਸਾਇੰਸ ਐਸੋਸੀਏਸ਼ਨ’ ਦੀ 10ਵੀਂ ਕਾਨਫਰੰਸ ਅਤੇ ਅੰਤਰ-ਰਾਸ਼ਟਰੀ ਵਿਚਾਰ ਗੋਸ਼ਠੀ ’ਮੀਟ ਦੀ ਭੋਜਨ ਕਵਾਲਿਟੀ ਅਤੇ ਸੁਰੱਖਿਆ ਸੰਬੰਧੀ ਸਮੱਗਰ ਪਹੁੰਚ’ ਵਿੱਚ ਹਿੱਸਾ ਲਿਆ। ਸਰਦਾਰ ਵੱਲਭ ਭਾਈ ਪਟੇਲ ਯੂਨੀਵਰਸਿਟੀ ਆਫ ਐਗਰੀਕਲਚਰ ਐਂਡ ਤਕਨਾਲੋਜੀ, ਮੇਰਠ (ਯੂ.ਪੀ.) ਦੇ ਪਸ਼ੂਧਨ ਉਤਪਾਦ ਤਕਨਾਲੋਜੀ ਵਿਭਾਗ ਦੁਆਰਾ ਆਯੋਜਿਤ ਇਸ ਗੋਸ਼ਠੀ ਵਿਚ ਵਿਗਿਆਨੀਆਂ ਨੇ ਵੱਡੀ ਪੱਧਰ ’ਤੇ ਸ਼ਿਰਕਤ ਕੀਤੀ।
ਇਸ ਅੰਤਰ-ਰਾਸ਼ਟਰੀ ਗੋਸ਼ਠੀ ਦੌਰਾਨ ਵਿਭਾਗ ਨੇ ਵੱਖ-ਵੱਖ ਸੈਸ਼ਨਾਂ ਵਿੱਚ ਪੇਸ਼ ਕੀਤੇ ਗਏ ਖੋਜ ਕਾਰਜਾਂ ਲਈ ਸੱਤ ਪੁਰਸਕਾਰ ਹਾਸਲ ਕੀਤੇ। ਡਾ. ਓਮ ਪ੍ਰਕਾਸ਼ ਮਾਲਵ ਅਤੇ ਡਾ. ਰਾਜੇਸ਼ ਵੀ. ਵਾਘ, ਸਹਾਇਕ ਪ੍ਰੋਫੈਸਰ ਨੂੰ ਸਰਵਉੱਤਮ ਖੋਜ ਪਰਚੇ ਦੇ ਸਨਮਾਨ ਨਾਲ ਨਿਵਾਜਿਆ ਗਿਆ।ਡਾ. ਮਹਿਕ ਜੰਡਿਆਲ, ਪੀ.ਐਚ.ਡੀ. ਖੋਜਾਰਥੀ ਨੂੰ ਆਪਣੇ ਖੋਜ ਕਾਰਜ ਲਈ ਸਰਵਉੱਤਮ ਖੋਜ ਪਰਚੇ ਦਾ ਸਨਮਾਨ ਮਿਲਿਆ।ਡਾ. ਈਸ਼ਾਨੀ ਪਰਮਾਰ, ਐਮ.ਵੀ.ਐਸ.ਸੀ. ਦੀ ਵਿਦਿਆਰਥਣ ਨੇ ਖੋਜ ਕਾਰਜ ਲਈ ਪੋਸਟਰ ਪੇਸ਼ਕਾਰੀ ਵਿੱਚ ਪਹਿਲਾ ਇਨਾਮ ਜਿੱਤਿਆ। ਡਾ. ਰੁਸ਼ੀਕੇਸ਼ ਕਾਂਟਾਲੇ, ਪੀ.ਐਚ.ਡੀ ਖੋਜਾਰਥੀ ਨੇ ਵੀ ਆਪਣੇ ਖੋਜ ਕਾਰਜ ਲਈ ਪੋਸਟਰ ਪੇਸ਼ਕਾਰੀ ਵਿੱਚ ਤੀਜਾ ਇਨਾਮ ਜਿੱਤਿਆ।
ਡਾ. ਸਰਵਪ੍ਰ੍ਰੀਤ ਸਿੰਘ ਘੁੰਮਣ, ਡੀਨ, ਵੈਟਨਰੀ ਸਾਇੰਸ ਕਾਲਜ ਨੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਇਸ ਵਿਗਿਆਨਕ ਮਾਨਤਾ ਨਾਲ ਪਸ਼ੂਧਨ ਉਤਪਾਦ ਤਕਨਾਲੋਜੀ ਦੇ ਖੇਤਰ ਵਿੱਚ ਵਿਗਿਆਨੀਆਂ ਨੂੰ ਯਕੀਨੀ ਤੌਰ ’ਤੇ ਬਿਹਤਰ ਕੰਮ ਕਰਨ ਲਈ ਪ੍ਰੇਰਣਾ ਮਿਲੇਗੀ।ਪੁਰਸਕਾਰ ਜੇਤੂਆਂ ਨੂੰ ਵਧਾਈ ਦਿੰਦੇ ਹੋਏ, ਡਾ. ਸੰਜੀਵ ਕੁਮਾਰ ਉੱਪਲ, ਡੀਨ, ਪੋਸਟ ਗ੍ਰੈਜੂਏਟ ਸਟੱਡੀਜ਼ ਨੇ ਦੱਸਿਆ ਕਿ ਯੂਨੀਵਰਸਿਟੀ ਦਾ ਵਿਗਿਆਨਕ ਭਾਈਚਾਰਾ ਪਸ਼ੂ ਫੂਡ ਪ੍ਰਾਸੈਸਿੰਗ ਖੇਤਰ ਨੂੰ ਉੱਚਾ ਚੁੱਕਣ ਲਈ ਨਵੀਨ ਅਤੇ ਕਾਰਆਮਦ ਖੋਜਾਂ ਲਈ ਸਮਰਪਿਤ ਹੈ।
ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਜੇਤੂਆਂ ਨੂੰ ਉਨ੍ਹਾਂ ਦੀ ਇਸ ਪ੍ਰਾਪਤੀ ਲਈ ਵਧਾਈ ਦਿੰਦਿਆਂ ਸੰਦੇਸ਼ ਦਿੱਤਾ ਕਿ ਮੀਟ ਅਤੇ ਦੁੱਧ ਦੀ ਪ੍ਰੋਸੈਸਿੰਗ ਨੂੰ ਸਿਹਤ ਪੱਖੀ ਅਤੇ ਗੁਣਵੱਤਾ ਭਰਪੂਰ ਉਤਪਾਦਾਂ ਵਿੱਚ ਤਬਦੀਲ ਕਰਨ ਨਾਲ ਕਿਸਾਨਾਂ ਅਤੇ ਉਭਰਦੇ ਉੱਦਮੀਆਂ ਦੀ ਆਮਦਨ ਵਿੱਚ ਵਾਧਾ ਹੋਵੇਗਾ।
ਇਹ ਵੀ ਪੜ੍ਹੋ : ਸੰਸਦ 'ਚ ਸਰਕਾਰ ਦਾ ਜਵਾਬ- ਇਸ ਯੋਜਨਾ ਤੋਂ ਕਰੀਬ 40 ਲੱਖ ਲੋਕਾਂ ਨੂੰ ਮਿਲੀ ਨੌਕਰੀਆਂ
Summary in English: Veterinary University scientists win many awards at Indian Meat Science Association