Veterinary University: ਲੁਧਿਆਣਾ ਦੀ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਸੁਨਹਿਰੇ ਭਵਿੱਖ ਲਈ ਬੇਹੱਦ ਗੰਭੀਰ ਹੈ। ਜਿਸਦੇ ਚਲਦਿਆਂ ਉਹ ਸਮੇਂ-ਸਮੇਂ 'ਤੇ ਸ਼ਿਲਾਘਯੋਗ ਉਪਰਾਲੇ ਵੀ ਕਰਦੀ ਰਹਿੰਦੀ ਹੈ। ਇਸੀ ਲੜੀ 'ਚ ਵੈਟਨਰੀ ਯੂਨੀਵਰਸਿਟੀ ਨੇ ਫ਼ਿਸ਼ਰੀਜ਼ ਦੀ ਡਿਗਰੀ ਦੇ ਵਿਦਿਆਰਥੀਆਂ ਨੂੰ ਅੰਤਰ-ਰਾਸ਼ਟਰੀ ਸਿਖਲਾਈ ਲਈ ਭੇਜਿਆ ਹੈ।
International Training: ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਫ਼ਿਸ਼ਰੀਜ਼ ਕਾਲਜ ਵਿਖੇ ਅੰਡਰਗ੍ਰੈਜੂਏਟ ਡਿਗਰੀ ਕਰ ਰਹੇ 20 ਵਿਦਿਆਰਥੀਆਂ ਨੂੰ ਅੰਤਰ-ਰਾਸ਼ਟਰੀ ਸਿਖਲਾਈ ਲੈਣ ਲਈ ਥਾਈਲੈਂਡ ਦੇ ਸੈਂਟਰ ਆਫ ਐਕਸੀਲੈਂਸ ਇਨ ਸੀ-ਫੂਡ ਸਾਇੰਸ ਐਂਡ ਇਨੋਵੇਸ਼ਨ ਸੰਸਥਾ ਵਿਖੇ ਦੋ ਹਫ਼ਤੇ ਲਈ ਭੇਜਿਆ ਗਿਆ ਹੈ। ਇਹ ਸਿਖਲਾਈ ਉਨ੍ਹਾਂ ਨੂੰ ਸੰਸਥਾ ਵਿਕਾਸ ਯੋਜਨਾ ਤਹਿਤ ਰਾਸ਼ਟਰੀ ਖੇਤੀਬਾੜੀ ਉਚੇਰੀ ਸਿੱਖਿਆ ਪ੍ਰਾਜੈਕਟ ਅਧੀਨ ਕਰਵਾਈ ਜਾ ਰਹੀ ਹੈ।
ਦੱਸ ਦੇਈਏ ਕਿ ਇਸ ਸਿਖਲਾਈ ਦਾ ਪ੍ਰਬੰਧ ਕਰਨ ਲਈ ਡਾ. ਪ੍ਰਭਜੀਤ ਸਿੰਘ ਨੇ ਵਿਸ਼ੇਸ਼ ਯੋਗਦਾਨ ਪਾਇਆ ਹੈ। ਡਾ. ਪ੍ਰਭਜੀਤ ਸਿੰਘ ਨੂੰ ਵੀ ਦੋ ਹਫ਼ਤੇ ਦੀ ਵਿਸ਼ੇਸ਼ ਸਿਖਲਾਈ ਲੈਣ ਦਾ ਮੌਕਾ ਪ੍ਰਾਪਤ ਹੋਇਆ ਹੈ। ਉਹ ਵਿਦਿਆਰਥੀਆਂ ਦੇ ਦੌਰਾ ਸੰਯੋਜਕ ਦੇ ਤੌਰ ’ਤੇ ਵੀ ਕਾਰਜ ਨਿਭਾਉਣਗੇ।
ਡਾ. ਮੀਰਾ ਡੀ ਆਂਸਲ, ਡੀਨ, ਕਾਲਜ ਆਫ ਫ਼ਿਸ਼ਰੀਜ਼ ਨੇ ਕਿਹਾ ਕਿ ਇਹ ਵਿਦਿਆਰਥੀ ਇਸ ਸੰਸਥਾ ਵਿਚ ਸਮੁੰਦਰੀ ਜਲ ਜੀਵ ਭੋਜਨ ਦੀ ਪ੍ਰਾਸੈਸਿੰਗ ਅਤੇ ਗੁਣਵੱਤਾ ਵਧਾਉਣ ਦੇ ਕੰਮ ਨੂੰ ਸਿੱਖਣਗੇ। ਉਨ੍ਹਾਂ ਕਿਹਾ ਕਿ ਉਹ ਵਿਸ਼ਵ ਪ੍ਰਸਿੱਧੀ ਪ੍ਰਾਪਤ ਪ੍ਰੋਫੈਸਰ ਸਟੂਆਵੈਟ ਬੈਂਜਾਕੁਲ ਜੋ ਕਿ ਇਸ ਸੰਸਥਾ ਦੇ ਨਿਰਦੇਸ਼ਕ ਹਨ ਦੀ ਪ੍ਰਯੋਗਸ਼ਾਲਾ ਵਿਚ ਨਵਾਂ ਗਿਆਨ ਹਾਸਿਲ ਕਰਨਗੇ। ਇਹ ਵਿਦਿਆਰਥੀਆਂ ਦੇ ਪੇਸ਼ੇਵਰ ਜੀਵਨ ਦੀ ਇਕ ਵੱਡੀ ਪ੍ਰਾਪਤੀ ਰਹੇਗੀ।
ਡਾ. ਸਰਵਪ੍ਰੀਤ ਸਿੰਘ ਘੁੰਮਣ, ਡੀਨ, ਵੈਟਨਰੀ ਸਾਇੰਸ ਕਾਲਜ ਅਤੇ ਸੰਸਥਾ ਵਿਕਾਸ ਯੋਜਨਾ ਦੇ ਮੁੱਖ ਨਿਰੀਖਕ ਨੇ ਦੱਸਿਆ ਕਿ ਭਾਰਤੀ ਖੇਤੀ ਖੋਜ ਪਰਿਸ਼ਦ ਇਸ ਯੋਜਨਾ ਦੇ ਤਹਿਤ ਵਿਦਿਆਰਥੀਆਂ ਨੂੰ ਨਵੀਂ ਕੌਸ਼ਲ ਮੁਹਾਰਤ ਦੇਣ ਲਈ ਬਹੁਤ ਜ਼ਿਕਰਯੋਗ ਉਪਰਾਲੇ ਕਰ ਰਹੀ ਹੈ।ਵੈਟਨਰੀ, ਡੇਅਰੀ ਅਤੇ ਫ਼ਿਸ਼ਰੀਜ਼ ਦੇ ਪੇਸ਼ੇਵਰ, ਨਵੇਂ ਹੁਨਰ ਸਿਖ ਕੇ ਦੇਸ਼ ਦੇ ਪਸ਼ੂਧਨ ਅਤੇ ਮੱਛੀ ਪਾਲਣ ਖੇਤਰ ਵਿਚ ਹੋਰ ਨਿੱਗਰ ਯੋਗਦਾਨ ਪਾਉਣਗੇ।
ਇਹ ਵੀ ਪੜ੍ਹੋ : ਵੈਟਨਰੀ ਯੂਨੀਵਰਸਿਟੀ ਨੇ ਪਸ਼ੂਆਂ ਦੀ ਲੰਪੀ ਸਕਿਨ ਬਿਮਾਰੀ ਸੰਬੰਧੀ ਜਾਰੀ ਕੀਤੀ ਸਲਾਹਕਾਰੀ
ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਇਸ ਗੱਲ ’ਤੇ ਪ੍ਰਸੰਸਾ ਪ੍ਰਗਟ ਕੀਤੀ ਕਿ ਨੌਜਵਾਨ ਪੇਸ਼ੇਵਰ ਉਨਤ ਗਿਆਨ ਅਤੇ ਕੌਸ਼ਲ ਸਿਖਣਗੇ ਜਿਸ ਨਾਲ ਉਨ੍ਹਾਂ ਦਾ ਸਵੈ-ਵਿਸ਼ਵਾਸ ਮਜ਼ਬੂਤ ਹੋਵੇਗਾ।ਉਹ ਵਰਤਮਾਨ ਅਤੇ ਭਵਿੱਖ ਦੀਆਂ ਭੋਜਨ ਸੁਰੱਖਿਆ ਚੁਣੌਤੀਆਂ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠ ਸਕਣਗੇ।
Summary in English: Veterinary University sends Fisheries degree students for international training