ਇਸ ਵਾਰ ਗਰਮੀ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਇੱਕ ਪਾਸੇ ਜਿੱਥੇ ਲੋਕਾਂ ਦਾ ਬੁਰਾ ਹਾਲ ਹੋ ਰਿਹਾ ਹੈ, ਉੱਥੇ ਹੀ ਪਸ਼ੂ-ਪੰਛੀ ਵੀ ਗਰਮੀ ਦਾ ਤਾਪ ਸਹਾਰ ਰਹੇ ਹਨ।
ਮਾਰਚ ਮਹੀਨੇ ਤੋਂ ਹੀ ਪੈ ਰਹੀ ਅੱਤ ਦੀ ਗਰਮੀ ਨੇ ਲੋਕਾਂ ਦਾ ਬੁਰਾ ਹਾਲ ਕੀਤਾ ਹੋਇਆ ਸੀ, ਪਰ ਹੁਣ ਦਿਨੋਂ-ਦਿਨ ਵੱਧ ਰਹੇ ਤਾਪਮਾਨ ਨੇ ਲੋਕਾਂ ਨੂੰ ਤੜਫਾਉਣਾ ਸ਼ੁਰੂ ਕਰ ਦਿੱਤਾ ਹੈ। ਦੱਸ ਦਈਏ ਕਿ ਰਾਜਸਥਾਨ, ਦਿੱਲੀ, ਪੰਜਾਬ ਸਮੇਤ ਹਰਿਆਣਾ ਵਿੱਚ ਹੀਟਵੇਵ ਕਹਿਰ ਬਰਸਾ ਰਹੀ ਹੈ। ਜੇਕਰ ਮੌਸਮ ਵਿਭਾਗ ਦੀ ਮੰਨੀਏ ਤਾਂ ਤਾਪਮਾਨ 45 ਡਿਗਰੀ ਨੂੰ ਪਾਰ ਕਰ ਜਾਵੇਗਾ ਅਤੇ ਇਸ ਦੇ ਨਾਲ ਹੀ ਬਾਰਿਸ਼ ਦੇ ਅਜੇ ਕੋਈ ਆਸਾਰ ਨਹੀਂ ਹਨ। 15 ਜਾਂ 16 ਮਈ ਨੂੰ ਵੱਧ ਤੋਂ ਵੱਧ ਤਾਪਮਾਨ 44-45 ਡਿਗਰੀ ਤੱਕ ਪੁੱਜ ਸਕਦਾ ਹੈ।
ਪਿਛਲੇ ਦਿਨੀਂ ਮੌਸਮ ਵਿੱਚ ਆਏ ਬਦਲਾਅ ਕਾਰਨ ਗਰਮੀ ਤੋਂ ਮਿਲੀ ਰਾਹਤ ਹੁਣ ਖ਼ਤਮ ਹੋ ਗਈ ਹੈ। ਦਿਨੋਂ ਦਿਨ ਪੈ ਰਹੀ ਅੱਤ ਦੀ ਗਰਮੀ ਨੇ ਲੋਕਾਂ ਨੂੰ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਹੈ। ਮਈ ਮਹੀਨੇ ਦੀ ਸ਼ੁਰੂਆਤ ਨਿੱਘੇ ਸੁਆਗਤ ਨਾਲ ਹੋਈ, ਪਰ ਮਾਨਸੂਨ ਤੋਂ ਪਹਿਲਾਂ ਦੀਆਂ ਗਤੀਵਿਧੀਆਂ ਦੇ ਮੱਦੇਨਜ਼ਰ ਹੀਟਵੇਵ ਦੇ ਹਾਲਾਤ ਅਸਥਾਈ ਤੌਰ 'ਤੇ ਖਤਮ ਹੋ ਗਏ। ਹੁਣ ਘੱਟੋ-ਘੱਟ ਇੱਕ ਹਫ਼ਤੇ ਤੋਂ ਕੋਈ ਸਰਗਰਮੀ ਨਹੀਂ ਹੈ।
ਮੌਸਮ ਵਿਭਾਗ ਮੁਤਾਬਕ ਅੱਜ ਤੋਂ ਤਾਪਮਾਨ ਆਮ ਨਾਲੋਂ ਵੱਧ ਰਹਿਣ ਦੀ ਸੰਭਾਵਨਾ ਹੈ। ਆਮ ਤੌਰ 'ਤੇ ਮਈ ਦੇ ਪਹਿਲੇ ਹਫ਼ਤੇ ਤਾਪਮਾਨ 39 ਡਿਗਰੀ ਦੇ ਆਸ-ਪਾਸ ਹੁੰਦਾ ਹੈ, ਮਈ ਦੇ ਅੰਤ ਤੱਕ ਇਹ ਆਮ 40 ਡਿਗਰੀ ਤੱਕ ਪੁੱਜ ਜਾਂਦਾ ਹੈ। ਪਰ ਹੁਣ ਤਾਪਮਾਨ ਆਮ ਨਾਲੋਂ ਘੱਟੋ-ਘੱਟ 4-5 ਡਿਗਰੀ ਵੱਧ ਰਹੇਗਾ।
ਪੰਜਾਬ ਵਿੱਚ ਗਰਮੀ ਨੇ ਤੋੜੇ ਰਿਕਾਰਡ
ਪੰਜਾਬ ‘ਚ ਗਰਮੀ ਦਾ ਕਹਿਰ ਪੂਰੀ ਤਰ੍ਹਾਂ ਜਾਰੀ ਹੈ, ਇਸ ਵਾਰ ਗਰਮੀ ਨੇ ਪਿਛਲੇ ਕਈ ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਇਸ ਦੌਰਾਨ ਮੌਸਮ ਵਿਭਾਗ ਨੇ ਗਰਮੀ ਨੂੰ ਲੈ ਕੇ ਐਡਵਾਈਜ਼ਰੀ ਵੀ ਜਾਰੀ ਕੀਤੀ ਹੈ ਅਤੇ ਦੁਪਹਿਰ ਵੇਲੇ ਬਿਨ੍ਹਾਂ ਕਾਰਨ ਤੋਂ ਬਾਹਰ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ।
ਦੱਸ ਦਈਏ ਕਿ ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ ਵਿੱਚ ਸੋਮਵਾਰ ਨੂੰ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਸੈਲਸੀਅਸ ਦੇ ਨੇੜੇ ਦਰਜ ਕੀਤਾ ਗਿਆ ਸੀ। ਇਸ ਦੌਰਾਨ ਮੌਸਮ ਸਾਫ਼ ਰਿਹਾ ਅਤੇ ਤੇਜ਼ ਧੁੱਪ ਵੀ ਨਿਕਲੀ। ਭਾਰਤੀ ਮੌਸਮ ਵਿਭਾਗ (IMD) ਮੁਤਾਬਕ ਤਾਪਮਾਨ 'ਚ 1 ਤੋਂ 2 ਡਿਗਰੀ ਦਾ ਹੋਰ ਵਾਧਾ ਹੋ ਸਕਦਾ ਹੈ। ਮੌਸਮ ਸਾਫ਼ ਰਹੇਗਾ ਅਤੇ ਤੇਜ਼ ਧੁੱਪ ਨਾਲ ਲੋਕਾਂ ਨੂੰ ਗਰਮੀ ਮਹਿਸੂਸ ਹੁੰਦੀ ਰਹੇਗੀ। ਇਸ ਦੌਰਾਨ ਮੌਸਮ ਵਿਭਾਗ ਨੇ ਦੱਖਣੀ ਪੰਜਾਬ ਵਿੱਚ 12 ਮਈ ਤੱਕ ਹੀਟ ਵੇਵ ਦੀ ਭਵਿੱਖਬਾਣੀ ਕੀਤੀ ਹੈ। ਇਸ ਤੋਂ ਇਲਾਵਾ ਸੂਬੇ ਦੇ ਜ਼ਿਆਦਾਤਰ ਸ਼ਹਿਰਾਂ ਦਾ ਹਵਾ ਗੁਣਵੱਤਾ ਸੂਚਕ ਅੰਕ ਮੱਧਮ ਸ਼੍ਰੇਣੀ ਵਿੱਚ ਹੈ।
ਦਿੱਲੀ-ਹਰਿਆਣਾ ਵਿੱਚ ਗਰਮੀ ਦਾ ਕਹਿਰ
ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਮਾਰਚ ਅਤੇ ਅਪ੍ਰੈਲ ਦੌਰਾਨ ਹਰਿਆਣਾ ਅਤੇ ਦਿੱਲੀ ਵਿੱਚ ਅੱਤ ਦੀ ਗਰਮੀ ਪਈ ਹੈ। ਦਿੱਲੀ ਐਨਸੀਆਰ ਅਤੇ ਹਰਿਆਣਾ ਵਿੱਚ ਰਿਕਾਰਡ ਗਿਣਤੀ ਵਿੱਚ ਗਰਮੀ ਦੇ ਦਿਨ ਦੇਖਣ ਨੂੰ ਮਿਲੇ ਹਨ। ਕੁਝ ਹਿੱਸਿਆਂ ਵਿੱਚ 15 ਦਿਨਾਂ ਤੋਂ ਵੱਧ ਸਮੇਂ ਤੱਕ ਹੀਟ ਵੇਵ ਦੇ ਹਾਲਾਤ ਦੇਖੇ ਗਏ। ਅਗਲੇ 24 ਘੰਟਿਆਂ ਦੌਰਾਨ ਦੱਖਣੀ ਹਰਿਆਣਾ ਦੇ ਵੱਖ-ਵੱਖ ਹਿੱਸਿਆਂ ਵਿੱਚ ਹੀਟ ਵੇਵ ਦੇ ਹਾਲਾਤ ਬਣ ਸਕਦੇ ਹਨ।
ਇਹ ਵੀ ਪੜ੍ਹੋ : ਗਰਮੀ ਦਾ ਕਹਿਰ ਜਾਰੀ! ਪੰਜਾਬ, ਹਰਿਆਣਾ ਅਤੇ ਯੂਪੀ ਦੇ ਕਿਸਾਨਾਂ ਦੀਆਂ ਫਸਲਾਂ ਨੂੰ ਭਾਰੀ ਨੁਕਸਾਨ!
ਰਾਜਸਥਾਨ 'ਚ ਮੌਸਮ ਦਾ ਹਾਲ
ਰਾਜਸਥਾਨ 'ਚ ਗਰਮੀ ਦਾ ਕਹਿਰ ਜਾਰੀ ਹੈ ਅਤੇ ਭਾਰਤੀ ਮੌਸਮ ਵਿਭਾਗ (IMD) ਮੁਤਾਬਕ ਅਗਲੇ ਕੁਝ ਦਿਨਾਂ ਤੱਕ ਸਥਿਤੀ ਅਜਿਹੀ ਹੀ ਰਹੇਗੀ। ਮੌਸਮ ਵਿਭਾਗ ਨੇ 11 ਅਤੇ 12 ਮਈ ਨੂੰ ਪੱਛਮੀ ਰਾਜਸਥਾਨ ਦੇ ਵੱਖ-ਵੱਖ ਥਾਵਾਂ 'ਤੇ ਭਿਆਨਕ 'ਲੂ' ਦੀ ਭਵਿੱਖਬਾਣੀ ਕੀਤੀ ਹੈ। ਇੰਨਾ ਹੀ ਨਹੀਂ 13 ਅਤੇ 14 ਮਈ ਨੂੰ ਵੀ ਗਰਮੀ ਦਾ ਕਹਿਰ ਜਾਰੀ ਰਹੇਗਾ। ਇਸ ਦੇ ਨਾਲ ਹੀ ਪੂਰਬੀ ਰਾਜਸਥਾਨ ਵਿੱਚ 11 ਤੋਂ 14 ਮਈ ਦੌਰਾਨ ਹੀਟ ਵੇਵ ਆਉਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਬੁੱਧਵਾਰ ਤੋਂ 14 ਜ਼ਿਲ੍ਹਿਆਂ ਲਈ ਯੈਲੋ ਅਲਰਟ ਜਾਰੀ ਕੀਤਾ ਹੈ।
ਹਾਲਾਂਕਿ, ਆਈਐਮਡੀ ਮੁਤਾਬਕ ਮਾਨਸੂਨ 20 ਮਈ ਤੋਂ ਬਾਅਦ ਕਿਸੇ ਵੀ ਸਮੇਂ ਕੇਰਲ ਵਿੱਚ ਆ ਸਕਦਾ ਹੈ ਅਤੇ ਇਸ ਵਾਰ ਉੱਤਰ ਭਾਰਤ ਵਿੱਚ ਪ੍ਰੀ-ਮਾਨਸੂਨ ਦੇਖਣ ਨੂੰ ਮਿਲੇਗਾ। ਫਿਲਹਾਲ, ਜੋ ਹਾਲ ਇਸ ਵੇਲੇ ਨਜ਼ਰ ਆ ਰਹੇ ਹਨ, ਉਸ ਤੋਂ ਤਾਂ ਇਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਮਾਨਸੂਨ ਆਪਣੇ ਸਮੇਂ 'ਤੇ ਹੀ ਉੱਤਰ ਭਾਰਤ ਪੁੱਜੇਗਾ।
Summary in English: Weather Forecast: Heat wave continues in Punjab! Know the weather forecast!