ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਅੱਗੇ ਪੁਲੀਸ ਵਲੋਂ ਮਜ਼ਦੂਰਾਂ `ਤੇ ਜ਼ੋਰਦਾਰ ਲਾਠੀਚਾਰਜ ਕੀਤਾ ਗਿਆ। ਲਾਠੀਚਾਰਜ ਦੌਰਾਨ ਕਈ ਮਜ਼ਦੂਰਾਂ ਦੀਆਂ ਪੱਗਾਂ ਲੱਥ ਗਈਆਂ ਤੇ ਕਈ ਜ਼ਖ਼ਮੀ ਹੋ ਗਏ। ਕਈ ਮਜ਼ਦੂਰਾਂ ਦੀਆਂ ਲੱਤਾਂ ਤੋਂ ਖੂਨ ਵਹਿ ਰਿਹਾ ਸੀ ਤੇ ਪੱਗਾਂ ਲੱਥਣ ਕਾਰਨ ਕੇਸ ਖੁੱਲ੍ਹ ਗਏ ਸਨ। ਕਰੀਬ ਇੱਕ ਘੰਟੇ ਤੱਕ ਮੁੱਖ ਮੰਤਰੀ ਦੀ ਕੋਠੀ ਅੱਗੇ ਇਹ ਸਿਲਸਿਲਾ ਜਾਰੀ ਰਿਹਾ।
ਦੱਸ ਦੇਈਏ ਕਿ ਪੰਜਾਬ ਭਰ ਤੋਂ ਹਜ਼ਾਰਾਂ ਦੀ ਗਿਣਤੀ `ਚ ਆਏ ਮਜ਼ਦੂਰਾਂ ਨੇ ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੀ ਅਗਵਾਈ ਹੇਠ ਅੱਜ ਪਟਿਆਲਾ-ਸੰਗਰੂਰ ਬਾਈਪਾਸ ਦੇ ਓਵਰਬ੍ਰਿਜ ਨਜ਼ਦੀਕ ਇਕੱਠੇ ਹੋ ਕੇ ਵਿਸ਼ਾਲ ਰੋਸ ਰੈਲੀ ਕੀਤੀ। ਇਸ ਮਗਰੋਂ ਰੋਸ ਮਾਰਚ ਕਰਦੇ ਹੋਏ ਮਜ਼ਦੂਰ ਆਪਣੀਆਂ ਮੰਗਾਂ ਦੀ ਪ੍ਰਾਪਤੀ ਲਈ ਮੁੱਖ ਮੰਤਰੀ ਦੇ ਘਰ ਦਾ ਕੁੰਡਾ ਖੜਕਾਉਣ ਪੁੱਜੇ ਸਨ।
ਮੁੱਖ ਮੰਤਰੀ ਦੀ ਰਿਹਾਇਸ਼ ਵਾਲੀ ਕਲੋਨੀ ਦੇ ਮੁੱਖ ਗੇਟ ਨਜ਼ਦੀਕ ਸਖ਼ਤ ਨਾਕੇਬੰਦੀ ਕਰ ਕੇ ਵੱਡੀ ਤਾਦਾਦ `ਚ ਪੁਲੀਸ ਫੋਰਸ ਪਹਿਲਾਂ ਤੋਂ ਹੀ ਤਾਇਨਾਤ ਸੀ। ਮਜ਼ਦੂਰਾਂ ਨੇ ਜਿਵੇਂ ਹੀ ਜ਼ਬਰਦਸਤੀ ਅੱਗੇ ਵਧਣ ਦੀ ਕੋਸ਼ਿਸ਼ ਕੀਤੀ, ਪੁਲੀਸ ਨੇ ਮਜ਼ਦੂਰਾਂ ਉਪਰ ਲਾਠੀਚਾਰਜ ਕਰ ਦਿੱਤਾ। ਇਸ ਦੌਰਾਨ ਮਜ਼ਦੂਰ ਆਗੂਆਂ ਨੇ ਕਈ ਮਜ਼ਦੂਰ ਔਰਤਾਂ ਦੇ ਸੱਟਾਂ ਲੱਗਣ ਦਾ ਦਾਅਵਾ ਵੀ ਕੀਤਾ।
ਇਹ ਵੀ ਪੜ੍ਹੋ: ਪੰਜਾਬ ਵਿੱਚ ਪਰਵਾਸੀ ਮਜ਼ਦੂਰਾਂ ਦੀ ਘਾਟ ਕਾਰਨ ਪ੍ਰੇਸ਼ਾਨ ਹਨ ਕਿਸਾਨ
ਜ਼ਿਕਰਯੋਗ ਹੈ ਕਿ ਪ੍ਰਸ਼ਾਸਨ ਨੂੰ ਮੁੱਖ ਮੰਤਰੀ ਨਾਲ 21 ਦਸੰਬਰ ਨੂੰ ਸਵੇਰੇ 11 ਵਜੇ ਚੰਡੀਗੜ੍ਹ ਵਿੱਚ ਮੀਟਿੰਗ ਕਰਵਾਉਣ `ਤੇ ਲਿਖਤੀ ਭਰੋਸੇ ਦਿੱਤਾ ਗਿਆ। ਜਿਸ ਮਗਰੋਂ ਮਜ਼ਦੂਰਾਂ ਨੇ ਧਰਨਾ ਪ੍ਰਦਰਸ਼ਨ ਖ਼ਤਮ ਕਰ ਦਿੱਤਾ। ਮਜ਼ਦੂਰ ਆਗੂਆਂ ਨੇ ਭਗਵੰਤ ਮਾਨ `ਤੇ ਦੋਸ਼ ਲਾਇਆ ਕਿ ‘ਆਪ’ ਸਰਕਾਰ ਵੀ ਪਹਿਲਾਂ ਵਾਲੀਆਂ ਸਰਕਾਰਾਂ ਦੀ ਤਰ੍ਹਾਂ ਜਬਰ ਨਾਲ ਲੋਕਾਂ ਦੀ ਆਵਾਜ਼ ਦਬਾਉਣਾ ਚਾਹੁੰਦੀ ਹੈ।
Summary in English: Workers were lathi-charged in front of Chief Minister Bhagwant Mann's residence